For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ਨੂੰ ਖੁੱਲ੍ਹੀ ਛੋਟ

07:18 AM Sep 27, 2024 IST
ਇਜ਼ਰਾਈਲ ਨੂੰ ਖੁੱਲ੍ਹੀ ਛੋਟ
Advertisement

ਆਪਣੀ ਹਠਧਰਮੀ ਲਈ ਜਾਣੇ ਜਾਂਦੇ ਇਜ਼ਰਾਈਲ ਨੇ ਲੈਬਨਾਨ ਵਿੱਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ਉੱਪਰ ਹਮਲੇ ਤੇਜ਼ ਕਰ ਦਿੱਤੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੌਮਾਂਤਰੀ ਭਾਈਚਾਰਾ ਇਨ੍ਹਾਂ ਹਮਲਿਆਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਲਾਚਾਰ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਵਿੱਚ ਹੁਣ ਤੱਕ ਸੈਂਕੜੇ ਲਿਬਨਾਨੀ ਅਤੇ ਸੀਰਿਆਈ ਨਾਗਰਿਕ ਮਾਰੇ ਜਾ ਚੁੱਕੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜੋ ਵੀਰਵਾਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਨੂੰ ਸੰਬੋਧਨ ਕਰਨਗੇ, ਨੇ ਆਪਣੀ ਸੈਨਾ ਨੂੰ ਹਮਲੇ ਜਾਰੀ ਰੱਖਣ ਲਈ ਕਹਿ ਦਿੱਤਾ ਹੈ। ਹੁਣ ਤੱਕ ਨੇਤਨਯਾਹੂ ਜਿੰਨਾ ਖਲਾਰਾ ਪਾ ਚੁੱਕੇ ਹਨ, ਉਸ ’ਤੇ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਅਤਿ ਉਤਸ਼ਾਹ ਵਿੱਚ ਨਜ਼ਰ ਆ ਰਹੇ ਇਜ਼ਰਾਈਲ ਨੂੰ ਲੱਗ ਰਿਹਾ ਹੈ ਕਿ ਉਹ ਇੱਕੋ ਸਮੇਂ ਹਮਾਸ ਅਤੇ ਹਿਜ਼ਬੁੱਲ੍ਹਾ, ਦੋਵੇਂ ਸੰਗਠਨਾਂ ਦਾ ਟਾਕਰਾ ਕਰ ਸਕਦਾ ਹੈ ਜਿਨ੍ਹਾਂ ਨੂੰ ਇਰਾਨ ਦੀ ਸਹਾਇਤਾ ਮਿਲਦੀ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਗਾਜ਼ਾ ਵਿੱਚ ਲੜਾਈ ਸ਼ੁਰੂ ਹੋਣ ਨੂੰ ਇੱਕ ਸਾਲ ਹੋ ਰਿਹਾ ਹੈ ਪਰ ਅਜੇ ਤੱਕ ਉਹ ਗਾਜ਼ਾ ਵਿੱਚ ਹਮਾਸ ਨੂੰ ਪੂਰੀ ਤਰ੍ਹਾਂ ਨੱਥ ਨਹੀਂ ਪਾ ਸਕਿਆ ਅਤੇ ਉੱਥੇ ਲੜਾਈ ਅਜੇ ਵੀ ਚੱਲ ਰਹੀ ਹੈ। ਇਸ ਮਾਮਲੇ ਵਿਚ ਇਜ਼ਰਾਈਲ ਦੇ ਸਭ ਦਾਅਵੇ ਥੋਥੇ ਸਾਬਿਤ ਹੋਏ ਹਨ।
ਪੱਛਮੀ ਦੇਸ਼ਾਂ ਅੰਦਰ ਇਜ਼ਰਾਈਲ ਦੇ ਇਨ੍ਹਾਂ ਹਥਕੰਡਿਆਂ ਬਾਰੇ ਸਵਾਲ ਪੁੱਛਣ ਦਾ ਜੇਰਾ ਅਤੇ ਇੱਛਾ ਨਹੀਂ ਹੈ ਪਰ ਇਸ ਦੇ ਨਾਲ ਹੀ ਉਹ ਆਪਣੇ ਮੱਥੇ ’ਤੇ ਮੂਕ ਦਰਸ਼ਕ ਬਣਨ ਦਾ ਦਾਗ਼ ਵੀ ਲੱਗਣ ਨਹੀਂ ਦੇਣਾ ਚਾਹੁੰਦੇ। ਅਮਰੀਕਾ, ਫਰਾਂਸ ਅਤੇ ਉਨ੍ਹਾਂ ਦੇ ਕੁਝ ਇਤਿਹਾਦੀਆਂ ਨੇ ਇਕੱਠੇ ਹੋ ਕੇ ਫ਼ੌਰੀ ਤੌਰ ’ਤੇ 21 ਦਿਨਾਂ ਦੀ ਜੰਗਬੰਦੀ ਲਾਗੂ ਕਰਨ ਦਾ ਸੱਦਾ ਦਿੱਤਾ ਹੈ ਤਾਂ ਕਿ ਅਗਲੇਰੀ ਗੱਲਬਾਤ ਦਾ ਰਾਹ ਖੁੱਲ੍ਹ ਸਕੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਇੰਨਾ ਵੀ ਨਹੀਂ ਪਤਾ ਕਿ ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਨੂੰ ਗੋਲੀਬੰਦੀ ਲਈ ਸਹਿਮਤ ਕਰਵਾ ਕੇ ਗਾਜ਼ਾ ਵਿੱਚ ਚੱਲ ਰਹੇ ਟਕਰਾਅ ਨੂੰ ਕਿਵੇਂ ਰੁਕਵਾਇਆ ਜਾ ਸਕਦਾ ਹੈ। ਕੀ ਉਨ੍ਹਾਂ ਨੂੰ ਵਾਕਈ ਯਕੀਨ ਹੈ ਕਿ ਇਹ ਕੋਈ ‘ਇੱਕ ਨਾਲ ਇੱਕ ਮੁਫ਼ਤ’ ਵਰਗੀ ਕੋਈ ਸਕੀਮ ਹੈ? ਪਰ ਉਸ ਦੇ ਕਰੀਬੀ ਇਤਿਹਾਦੀ ਇਜ਼ਰਾਈਲ ਨੇ ਉਨ੍ਹਾਂ ਦੀ ਸ਼ਾਂਤੀ ਵਾਰਤਾ ਦੀ ਤਜਵੀਜ਼ ਰੱਦ ਕਰ ਕੇ ਅਮਰੀਕਾ ਦੀ ਖੁਸ਼ਫਹਿਮੀ ਦੂਰ ਕਰ ਦਿੱਤੀ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਜ਼ਰੂਰ ਡਾਢਿਆਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੁਰੱਖਿਆ ਕੌਂਸਲ ਆਪੋ ਵਿੱਚ ਐਨੀ ਬੁਰੀ ਤਰ੍ਹਾਂ ਵੰਡੀ ਪਈ ਹੈ ਕਿ ਉਹ ਗਾਜ਼ਾ, ਯੂਕਰੇਨ, ਸੂਡਾਨ ਅਤੇ ਹੋਰਨਾਂ ਥਾਵਾਂ ’ਤੇ ਜੰਗਾਂ ਰੁਕਵਾਉਣ ਦੀ ਕਿਸੇ ਯੋਜਨਾ ’ਤੇ ਵੀ ਇਕਮੱਤ ਹੁੰਦੀ ਦਿਖਾਈ ਨਹੀਂ ਦਿੰਦੀ। ਹੁਣ ਇਸ ਖੂੰਰੇਜ਼ੀ ਦੀ ਸੂਚੀ ਵਿੱਚ ਲਿਬਨਾਨ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ ਪਰ ਸੁਰੱਖਿਆ ਕੌਂਸਲ ਜਿਸ ਦੀ ਜਿ਼ੰਮੇਵਾਰੀ ਹੈ ਕਿ ਉਹ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਏ, ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਇਜ਼ਰਾਈਲ ਤੋਂ ਇਹ ਉਮੀਦ ਕਰਨੀ ਫਜ਼ੂਲ ਹੈ ਕਿ ਉਹ ਇੱਛੁਕ ਤੌਰ ’ਤੇ ਆਪਣੇ ਜੰਗਬਾਜ਼ ਰਵੱਈਏ ਨੂੰ ਬਦਲ ਲਵੇਗਾ। ਇਜ਼ਰਾਈਲ ਨੂੰ ਖੁੱਲ੍ਹੀ ਛੋਟ ਦੇਣ ਦਾ ਮਤਲਬ ਹੈ- ਦੁਨੀਆ ਦੀ ਬਰਬਾਦੀ ਨੂੰ ਸੱਦਾ ਦੇਣਾ ਅਤੇ ਦੁਨੀਆ ਜਿੰਨੀ ਛੇਤੀ ਇਸ ਗੱਲ ਦਾ ਅਹਿਸਾਸ ਕਰ ਲਵੇਗੀ, ਓਨਾ ਹੀ ਚੰਗਾ ਹੈ।

Advertisement

Advertisement
Advertisement
Author Image

Advertisement