ਸੂਫ਼ੀ ਤੇ ਪੁਰਾਤਨ ਗਾਇਕੀ ਦਾ ਖੁੱਲ੍ਹਾ ਅਖਾੜਾ
ਪੱਤਰ ਪ੍ਰੇਰਕ
ਕੁਰਾਲੀ, 31 ਮਾਰਚ
ਪ੍ਰਾਚੀਨ ਸਾਜ਼ਾਂ ਦੀ ਤਰਜ ’ਤੇ ਸੂਫੀ ਤੇ ਪੁਆਧੀ ਪੁਰਾਤਨ ਗਾਇਕੀ ਦਾ ਖੁੱਲ੍ਹਾ ਅਖਾੜਾ ਸ਼ਹਿਰ ਦੀ ਸਿੰਘਪੁਰਾ ਰੋਡ ’ਤੇ ਲਗਾਇਆ ਗਿਆ। ਪ੍ਰਾਚੀਨ ਗਾਇਕੀ ਰਾਹੀਂ ਜਥਿਆਂ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਦੌਰਾਨ ਅਨੇਕਾਂ ਸੂਫੀ ਢਾਡੀ ਜਥਿਆਂ ਨੇ ਬੀਰ ਸਾਹਿਤ, ਸੂਫੀ ਗਾਇਕੀ ਅਤੇ ਕਿੱਸੇ ਪੇਸ਼ ਕਰਕੇ ਪ੍ਰਾਚੀਨ ਗਾਇਕੀ ਦਾ ਲੋਹਾ ਮਨਵਾਇਆ। ਸਥਾਨਕ ਸਿੰਘਪੁਰਾ ਰੋਡ ਉਤੇ ਖੇਡ ਸਟੇਡੀਅਮ ਦੇ ਖੁੱਲ੍ਹੇ ਮੈਦਾਨ ਵਿਚ ਬਗੈਰ ਵਿਸ਼ੇਸ਼ ਪ੍ਰਬੰਧਾਂ ਤੋਂ ਬਗੈਰ ਜੁੜੀ ਇਸ ਬਾਬਿਆਂ ਦੀ ਮਹਿਫਲ ਵਿਚ ਅਨੇਕਾਂ ਸੂਫੀ ਢਾਡੀ ਜਥਿਆਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਜੁੜੇ ਸੂਫੀ ਜਥਿਆਂ ਦੇਸ ਰਾਜ ਲਚਕਾਨੀ, ਅਰਮਾਨ ਖਾਂ, ਸਮਰ ਸਿੰਘ ਸੰਨ੍ਹੀ, ਭੀਮ ਸਿੰਘ ਜਟਵਾਲ ਅੰਬਾਲਾ ਅਤੇ ਹਰਮਿੰਦਰ ਜਲਾਲ ਸਮੇਤ ਦਰਜਨਾਂ ਸੂਫੀ ਤੇ ਢਾਡੀ ਜਥਿਆਂ ਨੇ ਢੱਡ ਸਾਰੰਗੀ, ਅਲਗੋਜ਼ੇ, ਢੋਲਕੀ, ਤੂੰਬੀ, ਡਫ਼ਲੀ ਅਤੇ ਹੋਰਨਾਂ ਪ੍ਰਾਚੀਨ ਸਾਜ਼ਾਂ ਦੀਆਂ ਦਿਲ ਟੁੰਭਵੀਆਂ ਤਰਜ਼ਾਂ ’ਤੇ ਵੀਰ ਰਸੀ ਰਚਨਾਵਾਂ ਪੇਸ਼ ਕੀਤੀਆਂ। ਦੇਰ ਸ਼ਾਮ ਤੱਕ ਸਜ਼ੀ ਇਸ ਮਹਿਫਲ ਦਾ ਵੱਡੀ ਗਿਣਤੀ ਬਜ਼ੁਰਗਾਂ ਨੇ ਖੁੱਲ੍ਹੇ ਅਸਮਾਨ ਹੇਠ ਧਰਤੀ ਉਤੇ ਭੁੰਜੇ ਬੈਠ ਕੇ ਆਨੰਦ ਮਾਣਿਆ।