For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਹਸਪਤਾਲ ਵਿੱਚ ਅੱਜ ਤੋਂ ਤਿੰਨ ਘੰਟੇ ਬੰਦ ਰਹਿਣਗੀਆਂ ਓਪੀਡੀ ਸੇਵਾਵਾਂ

08:07 AM Sep 09, 2024 IST
ਸਰਕਾਰੀ ਹਸਪਤਾਲ ਵਿੱਚ ਅੱਜ ਤੋਂ ਤਿੰਨ ਘੰਟੇ ਬੰਦ ਰਹਿਣਗੀਆਂ ਓਪੀਡੀ ਸੇਵਾਵਾਂ
Advertisement

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 8 ਸਤੰਬਰ
ਪੰਜਾਬ ਦੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਲਈ ਭਲਕੇ ਸਵੇਰੇ ਤਿੰਨ ਘੰਟੇ ਓਪੀਡੀ ਸੇਵਾਵਾਂ ਬੰਦ ਰੱਖ ਕੇ ਮੁਜ਼ਾਹਰੇ ਕੀਤੇ ਜਾਣਗੇ। ਇਹ ਫ਼ੈਸਲਾ ਅੱਜ ਇੱਥੇ ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ। ਬੁਲਾਰਿਆਂ ਨੇ ਕਿਹਾ ਕਿ 9 ਸਤੰਬਰ ਤੋਂ ਪਹਿਲਾਂ ਐਲਾਨੀ ਹੋਈ ਹੜਤਾਲ ਵਿੱਚ ਕੁੱਝ ਤਬਦੀਲੀ ਕਰਦਿਆਂ ਸੋਮਵਾਰ ਤੋਂ ਤਿੰਨ ਦਿਨਾਂ ਤੱਕ ਅੱਧੇ ਦਿਨ ਤੱਕ (ਸਵੇਰੇ 8 ਤੋਂ 11 ਵਜੇ ਤੱਕ) ਸਰਕਾਰੀ ਹਸਪਤਾਲ ਮੁਹਾਲੀ ਸਣੇ ਸਮੂਹ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰੱਖੀਆਂ ਜਾਣਗੀਆਂ। ਪਹਿਲਾਂ ਅਨਿਸ਼ਚਿਤ ਕਾਲ ਤੱਕ ਪੂਰਨ ਤੌਰ ’ਤੇ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਪਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਪੀਲ ਤੇ ਕੈਬਨਿਟ ਸਬ-ਕਮੇਟੀ ਵਜੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜਥੇਬੰਦੀ ਦੀ ਮੀਟਿੰਗ ਦਾ ਸੱਦਾ ਦੇਣ ਕਰ ਕੇ ਡਾਕਟਰਾਂ ਨੇ ਮਰੀਜ਼ਾਂ ਦੀ ਪ੍ਰੇਸ਼ਾਨੀ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਵਿਰੋਧ ਪ੍ਰਦਰਸ਼ਨ ਦਾ ਸਮਾਂ ਘਟਾਇਆ ਹੈ। ਉਂਜ, ਹੜਤਾਲ ਦੌਰਾਨ ਕੋਈ ਚੋਣਵੇਂ ਅਪਰੇਸ਼ਨ ਨਹੀਂ ਹੋਣਗੇ।
ਇਸ ਤੋਂ ਇਲਾਵਾ ਕੋਈ ਆਮ ਮੈਡੀਕਲ ਮੁਆਇਨੇ ਨਹੀਂ ਹੋਣਗੇ ਤੇ ਨਾ ਹੀ ਵੀਆਈਪੀ ਡਿਊਟੀ ਕੀਤੀ ਜਾਵੇਗੀ। ਡਾਕਟਰਾਂ ਮੁਤਾਬਕ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਡਾਕਟਰਾਂ ਨੇ ਕਿਹਾ ਕਿ ਉਹ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਏ ਰੱਖਣਾ ਚਾਹੁੰਦੇ ਹਨ। ਡਾਕਟਰਾਂ ਨੇ ਸਪੱਸ਼ਟ ਆਖਿਆ ਕਿ ਜੇ 11 ਸਤੰਬਰ ਦੀ ਮੀਟਿੰਗ ਬੇਸਿੱਟਾ ਰਹੀ ਅਤੇ ਤਰੱਕੀਆਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਤਾਂ 12 ਤੋਂ ਸਰਕਾਰੀ ਹਸਪਤਾਲਾਂ ਵਿੱਚ ਮੁਕੰਮਲ ਹੜਤਾਲ ਕੀਤੀ ਜਾਵੇਗੀ।

Advertisement

Advertisement
Advertisement
Author Image

Advertisement