For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਠੱਪ

06:37 AM Sep 13, 2024 IST
ਸਰਕਾਰੀ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਠੱਪ
ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਉਡੀਕ ’ਚ ਮਰੀਜ਼।
Advertisement

ਜਗਤਾਰ ਲਾਂਬਾ
ਅੰਮ੍ਰਿਤਸਰ, 12 ਸਤੰਬਰ
ਪਿਛਲੇ ਚਾਰ ਦਿਨਾਂ ਤੋਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਚਲ ਰਹੇ ਰੋਸ ਪ੍ਰਦਰਸ਼ਨ ਦੌਰਾਨ ਵੀਰਵਾਰ ਦਾ ਦਿਨ ਮਰੀਜ਼ਾਂ ਲਈ ਵਧੇਰੇ ਔਖਾ ਰਿਹਾ ਕਿਉਂਕਿ ਅੱਜ ਓਪੀਡੀ ਸੇਵਾਵਾਂ ਪੂਰਾ ਦਿਨ ਬੰਦ ਰਹੀਆਂ। ਇਸ ਤੋਂ ਪਹਿਲਾਂ ਡਾਕਟਰ ਰੋਜ਼ਾਨਾ ਤਿੰਨ ਘੰਟੇ ਓਪੀਡੀ ਦਾ ਬਾਈਕਾਟ ਕਰ ਰਹੇ ਸਨ , ਜਿਸ ਦੇ ਚਲਦਿਆਂ ਮਰੀਜ਼ ਦੂਜੇ ਅੱਧ ਦੌਰਾਨ ਡਾਕਟਰੀ ਸਲਾਹ ਲੈ ਲੈਂਦੇ ਸਨ ਪਰ ਅੱਜ ਪੂਰਾ ਦਿਨ ਓਪੀਡੀ ਸੇਵਾ ਬੰਦ ਰਹੀ ਅਤੇ ਮਰੀਜ਼ਾਂ ਨੂੰ ਬਿਨਾਂ ਇਲਾਜ ਕਰਵਾਏ ਹੀ ਪਰਤਣਾ ਪਿਆ।
ਇਕ ਮਰੀਜ ਜੋਗਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਨੂੰਹ ਨਾਲ ਹਸਪਤਾਲ ਆਈ ਤਾਂ ਪਤਾ ਲੱਗਾ ਕਿ ਡਾਕਟਰ ਹੜਤਾਲ ’ਤੇ ਹਨ। ਉਸ ਨੇ ਕਿਹਾ ਕਿ ਉਸ ਦੇ ਵਰਗੇ ਜ਼ਿਆਦਾਤਰ ਮਰੀਜ਼ ਪ੍ਰਾਈਵੇਟ ਕਲੀਨਿਕਾਂ ਅਤੇ ਹਸਪਤਾਲਾਂ ਦੀਅ ਮਹਿੰਗੀਆਂ ਡਾਕਟਰੀ ਸੇਵਾਵਾਂ ਲੈਣ ਦੇ ਸਮਰੱਥ ਨਹੀਂ ਹਨ।
ਇਕ ਹੋਰ ਮਰੀਜ਼ ਸੁਨੀਤਾ ਨੇ ਕਿਹਾ,‘ਮੈਨੂੰ ਨਹੀਂ ਪਤਾ ਕਿ ਡਾਕਟਰ ਕੀ ਮੰਗ ਕਰ ਰਹੇ ਹਨ ਪਰ ਮੈਂ ਪਿਛਲੇ ਤਿੰਨ ਦਿਨਾਂ ਤੋਂ ਆ ਰਹੀ ਹਾਂ। ਪਹਿਲੇ ਦਿਨ ਡਾਕਟਰ ਨੇ ਕੁਝ ਟੈਸਟ ਕਰਵਾਉਣ ਵਾਸਤੇ ਕਿਹਾ ਸੀ ਜਦੋਂ ਲੈਬ ਪੁੱਜੀ ਤਾਂ ਉਹ ਬੰਦ ਸੀ। ਅਗਲੇ ਦਿਨ ਮੈਂ ਟੈਸਟ ਦੀਆਂ ਰਿਪੋਰਟਾਂ ਪ੍ਰਾਪਤ ਕੀਤੀ ਅਤੇ ਹੁਣ ਡਾਕਟਰ ਨੂੰ ਰਿਪੋਰਟਾਂ ਦਿਖਾਉਣੀ ਸੀ ਪਰ ਹੁਣ ਓਪੀਡੀ ਬੰਦ ਹੋਣ ਕਾਰਨ ਇਹ ਰਿਪੋਰਟਾਂ ਕਿਸ ਨੂੰ ਦਿਖਾਵਾਂ।’
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਅੰਮ੍ਰਿਤਸਰ ਦੇ ਪ੍ਰਧਾਨ ਡਾ. ਸੁਮਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਢਿੱਲ ਮੱਠ ਕਰ ਰਹੀ ਹੈ ਅਤੇ ਡਾਕਟਰਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀਸੀਐਮਐਸਏ ਆਮ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਫ਼ਸੋਸ ਪ੍ਰਗਟ ਕਰਦਾ ਹੈ ਪਰ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਇਸ ਲਈ ਇਹ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਜਨਰਲ ਸਕੱਤਰ ਡਾਕਟਰ ਮਧੁਰ ਪੋਦਾਰ ਨੇ ਕਿਹਾ,‘ਅਸੀਂ ਹੁਣ ਵੀ ਸਾਰੀਆਂ ਐਮਰਜੈਂਸੀ ਸੇਵਾਵਾਂ ਚਲਾ ਰਹੇ ਹਾਂ। ਇੱਥੋਂ ਤੱਕ ਕਿ ਐਮਰਜੈਂਸੀ ਸਰਜਰੀਆਂ ਵੀ ਕਰਵਾਈਆਂ ਜਾ ਰਹੀਆਂ ਹਨ।ਪਰ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਐਸੋਸੀਏਸ਼ਨ ਮੈਡੀਕੋ ਲੀਗਲ ਸੇਵਾਵਾਂ ਦਾ ਵੀ ਬਾਈਕਾਟ ਕਰੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਜਲੰਧਰ (ਹਤਿੰਦਰ ਮਹਿਤਾ): ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸਿਵਲ ਹਸਪਤਾਲ ਜ਼ਿਲ੍ਹਾ ਜਲੰਧਰ ਦੇ ਡਾਕਟਰਾਂ ਨੇ ਓਪੀਡੀ ਬੰਦ ਕਰ ਕੇ ਵੀਰਵਾਰ ਨੂੰ ਚੌਥੇ ਦਿਨ ਵੀ ਹੜਤਾਲ ਜਾਰੀ ਰੱਖੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਦੋਂ ਕਿ ਹਸਪਤਾਲ ਵਿੱਚ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹੀਆਂ। ਹਸਪਤਾਲਾਂ ਵਿੱਚ ਦਵਾਈਆਂ ਦੇ ਕਾਊਂਟਰ ਵੀ ਬੰਦ ਰਹੇ। ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਤੋਂ ਆਏ ਮਰੀਜ਼ ਪਰਚੀ ਕਾਊਂਟਰ ਦੇ ਬਾਹਰ ਉਡੀਕ ਕਰਦੇ ਰਹੇ ਅਤੇ ਕੁਝ ਮਰੀਜ਼ ਵਾਪਸ ਮੁੜ ਕੇ ਹੋਰ ਪ੍ਰਾਈਵੇਟ ਹਸਪਤਾਲਾਂ ਵਿੱਚ ਚਲੇ ਗਏ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ 9 ਸਤੰਬਰ ਤੋਂ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ, ਜਿਸ ਤਹਿਤ ਸਿਵਲ ਸਰਜਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਅੱਜ ਪੂਰੇ ਦਿਨ ਦੀ ਹੜਤਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਅਤੇ (ਪੀਸੀਐਮਐਸਏ) ਡਾਕਟਰਾਂ ਦੀ ਤਰੱਕੀ ਅਤੇ ਰੈਗੂਲਰ ਭਰਤੀ ਸ਼ਾਮਲ ਹਨ। ਦੂਜੇ ਪਾਸੇ ਓਪੀਡੀ ਬੰਦ ਹੋਣ ਕਾਰਨ ਦੂਰ-ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਮੁੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

Advertisement

ਸਿਵਲ ਸਰਜਨ ਵੱਲੋਂ ਐਮਰਜੈਂਸੀ ਅਤੇ ਗਾਇਨੀ ਸੇਵਾਵਾਂ ਦਾ ਨਿਰੀਖਣ

ਅੰਮ੍ਰਿਤਸਰ (ਟਨਸ): ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਐਮਰਜੈਂਸੀ ਅਤੇ ਗਾਇਨੀ ਵਾਰਡ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਐਮਰਜੈਂਸੀ ਵਾਰਡ ਵਿੱਚ ਦਾਖਿਲ ਮਰੀਜ਼ਾਂ ਪਾਸੋਂ ਪੁੱਛ-ਗਿੱਛ ਕੀਤੀ ਅਤੇ ਐਮਰਜੈਂਸੀ ਵਾਰਡ ਦੀ ਜਾਂਚ ਕੀਤੀ। ਉਨ੍ਹਾਂ ਐਮਰਜੈਂਸੀ ਵਿੱਚ ਤਾਇਨਾਤ ਸਟਾਫ ਦੀ ਹਾਜ਼ਰੀ ਚੈੱਕ ਕੀਤੀ, ਜਿਸ ਵਿਚ ਐਮਰਜੈਂਸੀ ਮੈਡੀਕਲ ਅਫਸਰਾਂ ਸਮੇਤ ਸਮੂਹ ਸਟਾਫ ਹਾਜ਼ਰ ਪਾਇਆ ਗਿਆ। ਇਸ ਦੇ ਨਾਲ ਹੀ ਜ਼ਰੂਰੀ ਦਵਾਈਆਂ ਅਤੇ ਐਮਰਜੈਂਸੀ ਸੇਵਾਵਾਂ ਦੇ ਪ੍ਰਬੰਧਾਂ ਦਾ ਵੀ ਜਾਇਜਾ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਲੇਬਰ-ਰੂਮ ਅਤੇ ਗਾਇਨੀ ਵਾਰਡ ਦੀ ਵੀ ਚੈਕਿੰਗ ਕੀਤੀ ਗਈ। ਇਸ ਮਗਰੋਂ ਉਨ੍ਹਾਂ ਵੱਲੋਂ ਸਬੰਧਤ ਸਟਾਫ ਨੂੰ ਮੌਕੇ ’ਤੇ ਹੋਰ ਬਿਹਤਰ ਸੇਵਾਵਾਂ ਦੇਣ ਸਬੰਧੀ ਹਦਾਇਤਾਂ ਦਿੱਤੀਆਂ ਅਤੇ ਸਿਵਲ ਹਸਪਤਾਲ ਦੇ ਸਮੂਹ ਮੈਡੀਕਲ ਅਫਸਰਾਂ ਤੇ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਫਾਈ ਦਾ ਧਿਆਨ ਰੱਖਣ, ਮਰੀਜ਼ਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤਵਿਨ ਅਤੇ ਜ਼ਿਲ੍ਹਾ ਐੱਮ.ਈ.ਆਈ.ਓ. ਅਮਰਦੀਪ ਸਿੰਘ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement