ਵੈਟਰਨਰੀ ਅਫਸਰਾਂ ਵੱਲੋਂ ਓਪੀਡੀ ਸੇਵਾਵਾਂ ਠੱਪ
ਮਨੋਜ ਸ਼ਰਮਾ
ਬਠਿੰਡਾ, 7 ਅਕਤੂਬਰ
ਮੈਡੀਕਲ ਅਫਸਰਾਂ ਦੀ ਤਨਖਾਹ ਬਰਾਬਰੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਅਵੇਸਲੇ ਰਵੱਈਏ ਤੋਂ ਦੁਖੀ ਵੈਟਰਨਰੀ ਡਾਕਟਰਾਂ ਨੇ ‘ਜੁਆਇੰਟ ਐਕਸ਼ਨ ਕਮੇਟੀ ਫਾਰ ਪੇਅ ਪੇਰਿਟੀ’ ਦੀ ਅਗਵਾਈ ਹੇਠ ਵੈਟਰਨਰੀ ਪੋਲੀਕਲੀਨਿਕ ਵਿੱਚ ਧਰਨਾ ਦਿੱਤਾ ਗਿਆ। ਇਸ ਕਾਰਨ ਵੈਟਰਨਰੀ ਡਾਕਟਰਾਂ ਵੱਲੋਂ ਬਠਿੰਡਾ ਦੇ ਸਾਰੇ ਪਸ਼ੂ ਹਸਪਤਾਲਾਂ ਵਿੱਚ ਇਲਾਜ, ਸਰਜਰੀਆਂ ਅਤੇ ਟੈਸਟਿੰਗ/ਖੂਨ ਅਤੇ ਹੋਰ ਨਮੂਨਿਆਂ ਦਾ ਕੰਮ ਇੱਕ ਦਿਨ ਲਈ ਠੱਪ ਕਰ ਦਿੱਤਾ ਗਿਆ। ਹਾਲਾਂਕਿ, ਐਮਰਜੈਂਸੀ ਅਤੇ ਵੈਟਰੋ- ਲੀਗਲ ਕੇਸ ਅਟੈਂਡ ਕੀਤੇ ਗਏ। ਇਸ ਮੌਕੇ ਮੰਗ ਕੀਤੀ ਗਈ ਕਿ ਡਾਕਟਰਾਂ ਨਾਲ ਉਨ੍ਹਾਂ ਦੀ ਚਾਰ ਦਹਾਕਿਆਂ ਤੋਂ ਪੁਰਾਣੀ ਸਮਾਨਤਾ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਨ੍ਹਾਂ ਯਾਦ ਦਿਵਾਇਆ ਕਿ ਸਰਕਾਰ ਨੇ ਪਹਿਲਾਂ ਵਿੱਤ ਮੰਤਰੀ ਨਾਲ ਜਥੇਬੰਦੀ ਦੀ ਮੀਟਿੰਗ 17 ਸਤੰਬਰ ਨੂੰ ਤੈਅ ਕੀਤੀ ਸੀ ਪਰ ਐਨ ਮੌਕੇ ’ਤੇ ਅੱਗੇ ਪਾ ਦਿੱਤੀ ਗਈ, ਫਿਰ 27 ਸਤੰਬਰ ਨੂੰ ਮੰਤਰੀਆਂ ਦੀ ਸਬ ਕਮੇਟੀ ਨਾਲ ਮੀਟਿੰਗ ਤੈਅ ਕੀਤੀ ਗਈ, ਜਿਸ ਨੂੰ ਮੁੜ 22 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ। ਡਾ. ਸੁਖਪ੍ਰੀਤ ਸਿੰਘ, ਡਾ. ਤਰਨਜੋਤ ਕੌਰ, ਡਾ. ਅਮਨਦੀਪ ਕੌਰ ਅਤੇ ਡਾ. ਪ੍ਰਨੀਤ ਕੌਰ ਵੱਲੋਂ ਮੀਟਿੰਗਾਂ ਨੂੰ ਵਾਰ-ਵਾਰ ਮੁਲਤਵੀ ਕਰਨ ਅਤੇ ਆਪਣੇ ਵਾਅਦਿਆਂ ’ਤੇ ਕਾਇਮ ਨਾ ਰਹਿਣ ਲਈ ਮੌਜੂਦਾ ਸਰਕਾਰ ਦੀ ਆਲੋਚਨਾ ਕੀਤੀ।
ਯੂਨੀਅਨ ਨੇ ਇਹ ਵੀ ਫੈਸਲਾ ਕੀਤਾ ਗਿਆ ਕਿ 21 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਇੱਕ ਹੋਰ ਧਰਨਾ ਦਿੱਤਾ ਜਾਵੇਗਾ। ਧਰਨੇ ਵਿੱਚ ਜ਼ਿਲ੍ਹਾ ਆਗੂ ਡਾ. ਸੰਜੀਵ ਮੌਰੀਆ, ਡਾ. ਸੋਨੂ ਮਿਤਲ, ਡਾ. ਕੁਲਜੀਤ ਸਿੰਘ ਧਾਲੀਵਾਲ, ਡਾ. ਸਿਕੰਦਰ ਸਿੰਘ ਤੇ ਡਾ. ਰਾਜਦੀਪ ਬਰਾੜ ਨੇ ਵੀ ਸੰਬੋਧਨ ਕੀਤਾ।