ਵੈਟਰਨਰੀ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਠੱਪ
ਸਤਵਿੰਦਰ ਬਸਰਾ
ਲੁਧਿਆਣਾ, 7 ਅਕਤੂਬਰ
ਵੈਟਰਨਰੀ ਡਾਕਟਰਾਂ ਨੇ ਪੇਅ-ਪੈਰਿਟੀ ਬਹਾਲ ਕਰਵਾਉਣ ਲਈ ਅੱਜ ਜੁਆਇੰਟ ਐਕਸ਼ਨ ਕਮੇਟੀ ਫਾਰ ਪੇਅ ਪੇਰਿਟੀ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ ਵੈਟਰਨਰੀ ਪੋਲੀ ਕਲੀਨਿਕ ਵਿੱਚ ਰੋਸ ਧਰਨਾ ਦਿੱਤਾ। ਇਨ੍ਹਾਂ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਮੈਡੀਕਲ ਅਫ਼ਸਰਾਂ ਦੇ ਬਰਾਬਰ ਦੀ ਤਨਖਾਹ ਵਾਲੇ ਆਪਣੇ ਹੱਕ ਨੂੰ ਮੁੜ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਧਰਨੇ ਦੌਰਾਨ ਪਸ਼ੂ ਹਸਪਤਾਲਾਂ ਵਿੱਚ ਸਾਰੇ ਇਲਾਜ, ਸਰਜਰੀਆਂ ਅਤੇ ਟੈਸਟਿੰਗ/ਖੂਨ ਅਤੇ ਹੋਰ ਨਮੂਨਿਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ ਜਦਕਿ ਐਮਰਜੈਂਸੀ ਅਤੇ ਵੈਟਰੋ-ਲੀਗਲ ਕੇਸ ਪਹਿਲਾਂ ਦੀ ਤਰ੍ਹਾਂ ਨਿਪਟਾਏ ਗਏੇ।
ਕਮੇਟੀ ਦੇ ਕਨਵੀਨਰ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਵੈਟਰਨਰੀ ਡਾਕਟਰਾਂ ਨੂੰ ਪਿਛਲੇ 40 ਸਾਲ ਤੋਂ ਮੈਡੀਕਲ ਅਫ਼ਸਰਾਂ ਦੀ ਤਰ੍ਹਾਂ ਤਨਖਾਹ ਅਤੇ ਹੋਰ ਭੱਤੇ ਮਿਲਦੇ ਸਨ। ਇਨ੍ਹਾਂ ਦੋਵਾਂ ਦੀ ਪੜ੍ਹਾਈ ਵੀ ਬਰਾਬਰ ਹੀ ਹੁੰਦੀ ਹੈ ਪਰ ਪਿਛਲੀ ਸਰਕਾਰ ਨੇ ਤਨਖਾਹ ਵਿੱਚ ਵੱਡਾ ਫ਼ਰਕ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਵੀ ਵੈਟਰਨਰੀ ਡਾਕਟਰਾਂ ਨੂੰ ਵੈਟਰਨਰੀ ਅਫਸਰਾਂ ਦੇ ਬਰਾਬਰ ਤਨਖਾਹ ਦੇਣ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ, ਪਰ ਅਫਸੋਸ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਨਾਲ ਉਨ੍ਹਾਂ ਦੀ ਚਾਰ ਦਹਾਕਿਆਂ ਤੋਂ ਪੁਰਾਣੀ ਸਮਾਨਤਾ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਨ੍ਹਾਂ ਸਰਕਾਰ ਵੱਲੋਂ ਮੀਟਿੰਗਾਂ ਦਾ ਵਾਰ ਵਾਰ ਸਮਾਂ ਦੇਣ ਤੋਂ ਬਾਅਦ ਮੁਲਤਵੀ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ।
ਇਸ ਮੌਕੇ ਕੋ-ਕਨਵੀਨਰ ਡਾ. ਹਰਮਨਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਡਾ. ਸੰਦੀਪ ਭੁੱਲਰ, ਡਾ. ਪੁਰਸ਼ੋਤਮ, ਡਾ. ਦਿਲਮਨਪ੍ਰੀਤ ਸੰਧੂ, ਡਾ. ਯਾਸ਼ਪ੍ਰੀਤ ਸੰਧੂ, ਡਾ. ਸਾਹਿਲ, ਡਾ. ਅਮਨਦੀਪ, ਡਾ. ਤਵਲੀਨ ਕੌਰ ਅਤੇ ਡਾ. ਨਵਜੋਤ ਨੇ ਸਰਕਾਰ ਵੱਲੋਂ ਮੀਟਿੰਗਾਂ ਤੋਂ ਭੱਜਣ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਮੌਜੂਦਾ ਸਰਕਾਰ ’ਤੇ ਵੀ ਪਹਿਲਾਂ ਵਾਲੀਆਂ ਸਰਕਾਰਾਂ ਦੇ ਰਾਹ ਚੱਲਣ ਦਾ ਦੋਸ਼ ਲਾਇਆ। ਇਸ ਦੌਰਾਨ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਫੈਸਲਾ ਕੀਤਾ ਕਿ 21 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਧਰਨਾ ਦਿੱਤਾ ਜਾਵੇਗਾ ਅਤੇ ਉਸ ਦਿਨ ਪੰਜਾਬ ਵਿੱਚ ਐਮਰਜੈਂਸੀ ਕੇਸਾਂ ਨੂੰ ਛੱਡ ਕੇ ਓਪੀਡੀ ਸਮੇਤ ਸਾਰੇ ਕੰਮ ਬੰਦ ਰੱਖੇ ਜਾਣਗੇ।