ਵੈਟਰਨਰੀ ਅਫ਼ਸਰਾਂ ਵੱਲੋਂ ਓਪੀਡੀ ਸੇਵਾ ਠੱਪ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਅਕਤੂਬਰ
ਵੈਟਰਨਰੀ ਡਾਕਟਰਾਂ ਵੱਲੋਂ ਮੈਡੀਕਲ ਅਫ਼ਸਰਾਂ ਦੇ ਬਰਾਬਰ ਤਨਖ਼ਾਹ ਬਹਾਲ ਕਰਨ ਦੀ ਮੰਗ ਲਈ ਪੰਜਾਬ ਸਰਕਾਰ ਖ਼ਿਲਾਫ਼ ਰੋਸ ਦਿਖਾਵਾ ਕੀਤਾ ਗਿਆ। ਇਸ ਤਹਿਤ ਵੈਟਰਨਰੀ ਡਾਕਟਰਾਂ ਨੇ ‘ਜੁਆਇੰਟ ਐਕਸ਼ਨ ਕਮੇਟੀ ਫਾਰ ਪੇਅ ਪੇਰਿਟੀ’ ਦੀ ਅਗਵਾਈ ਹੇਠ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵੈਟਰਨਰੀ ਪੋਲੀਕਲੀਨਿਕਾਂ ’ਚ ਧਰਨੇ ਦਿੱਤੇ। ਪਸ਼ੂ ਹਸਪਤਾਲਾਂ ’ਚ ਸਾਰੇ ਇਲਾਜ, ਸਰਜਰੀਆਂ ਅਤੇ ਟੈਸਟਿੰਗ ਦਾ ਕੰਮ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਐਮਰਜੈਂਸੀ ਅਤੇ ਵੈਟਰੋ-ਲੀਗਲ ਕੇਸ ਬਾਰੇ ਕੰਮ ਜਾਰੀ ਰੱਖਿਆ ਗਿਆ। ਜ਼ਿਲ੍ਹੇ ਦੇ ਸਮੂਹ ਵੈਟਰਨਰੀ ਅਫ਼ਸਰ, ਸੀਨੀਅਰ ਵੈਟਰਨਰੀ ਅਫ਼ਸਰ ਅਤੇ ਸੇਵਾਮੁਕਤ ਪਸ਼ੂ ਪਾਲਣ ਅਫ਼ਸਰ ਮੁਜ਼ਾਹਰੇ ਵਿੱਚ ਸ਼ਾਮਲ ਹੋਏ।
ਬੁਲਾਰਿਆਂ ਨੇ ਸਰਕਾਰ ਵੱਲੋਂ ਢਿੱਲ-ਮੱਠ ਕਰਨ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਡਾਕਟਰਾਂ ਨਾਲ ਉਨ੍ਹਾਂ ਦੀ ਸਮਾਨਤਾ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਵਿੱਤ ਮੰਤਰੀ ਨਾਲ ਜਥੇਬੰਦੀ ਦੀ ਮੀਟਿੰਗ 17 ਸਤੰਬਰ ਨੂੰ ਤੈਅ ਕੀਤੀ ਸੀ ਪਰ ਐਨ ਮੌਕੇ ਤੇ ਅੱਗੇ ਪਾ ਦਿੱਤੀ ਗਈ, ਫਿਰ 27 ਸਤੰਬਰ ਨੂੰ ਮੰਤਰੀਆਂ ਦੀ ਸਬ-ਕਮੇਟੀ ਨਾਲ ਮੀਟਿੰਗ ਤੈਅ ਕੀਤੀ ਗਈ, ਜਿਸ ਨੂੰ ਮੁੜ 22 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ। ਕਨਵੀਨਰ ਡਾ: ਪੁਨੀਤ ਮਲਹੋਤਰਾ ਅਤੇ ਜ਼ਿਲ੍ਹਾ ਪ੍ਰਧਾਨ ਡਾ: ਗਗਨਦੀਪ ਢਿੱਲੋਂ ਨੇ ਮੀਟਿੰਗਾਂ ਨੂੰ ਵਾਰ-ਵਾਰ ਮੁਲਤਵੀ ਕਰਨ ਅਤੇ ਆਪਣੇ ਵਾਅਦਿਆਂ ‘ਤੇ ਕਾਇਮ ਨਾ ਰਹਿਣ ਲਈ ਮੌਜੂਦਾ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਦਸਿਆ ਕਿ 21 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਡਾ. ਅੰਕਿਤ, ਡਾ. ਰਾਹੁਲ ਹੁੰਦਲ, ਡਾ. ਮਨਜੋਤ ਸਿੰਘ, ਡਾ. ਸੁਖਬੀਰ ਸਿੰਘ, ਡਾ. ਗੁਰਿੰਦਰ ਸਿੰਘ, ਡਾ. ਰਵਨੀਤ ਕੌਰ, ਡਾ. ਸਿਮਰਪ੍ਰੀਤ ਕੌਰ ਆਦਿ ਵਲੋ ਵਿਸੇਸ ਤੌਰ ਤੇ ਸੰਬੋਧਨ ਕੀਤਾ ਗਿਆ।