For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਤੋਂ ਦੋ ਔਰਤਾਂ ਹੀ ਬਣੀਆਂ ਹਨ ਸੰਸਦ ਮੈਂਬਰ

07:54 AM Mar 24, 2024 IST
ਪਟਿਆਲਾ ਤੋਂ ਦੋ ਔਰਤਾਂ ਹੀ ਬਣੀਆਂ ਹਨ ਸੰਸਦ ਮੈਂਬਰ
ਰਾਜਮਾਤਾ ਮਹਿੰਦਰ ਕੌਰ ਤੇ ਪ੍ਰਨੀਤ ਕੌਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਾਰਚ
ਪਟਿਆਲਾ ਇੱਕ ਅਜਿਹਾ ਲੋਕ ਸਭਾ ਹਲਕਾ ਹੈ, ਜਿਥੋਂ ਹੁਣ ਤੱਕ ਕੇਵਲ ਦੋ ਮਹਿਲਾ ਉਮੀਦਵਾਰਾਂ ਨੂੰ ਹੀ ਸੰਸਦ ਦੀਆਂ ਪੌੜੀਆਂ ਚੜ੍ਹਨ ਦਾ ਸੁਭਾਗ ਹਾਸਲ ਹੋਇਆ ਹੈ। ਇਹ ਤੱਥ ਵੀ ਰੌਚਿਕ ਹੈ ਕਿ ਇਥੋਂ ਜਿੱਤ ਕੇ ਸੰਸਦ ਮੈਂਬਰ ਬਣੀਆਂ ਇਹ ਦੋਵੇਂ ਮਹਿਲਾ ਉਮੀਦਵਾਰਾਂ ਦਾ ਆਪਸ ’ਚ ਸੱਸ-ਨੂੰਹ ਦਾ ਵੀ ਰਿਸ਼ਤਾ ਹੈ।
ਪਟਿਆਲਾ ਹਲਕੇ ਦੀ ਸਭ ਤੋਂ ਪਹਿਲੀ ਸੰਸਦ ਮੈਂਬਰ ਬਣਨ ਦਾ ਸੁਭਾਗ ਰਾਜਮਾਤਾ ਮਹਿੰਦਰ ਕੌਰ ਨੂੰ ਹਾਸਲ ਹੋਇਆ। ਉਹ ਪਟਿਆਲਾ ਰਿਆਸਤ ਦੀ ਆਖਰੀ ਅਧਿਕਾਰਤ ਮਾਹਾਰਾਣੀ ਸਨ ਜੋ 1967 ਵਿਚ ਕਾਂਗਰਸ ਦੀ ਟਿਕਟ ’ਤੇ ਇਥੋਂ ਦੇ ਮੈਂਬਰ ਪਾਰਲੀਮੈਂਟ ਬਣੇ। ਉਹ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਸਨ। ਇਸ ਤਰ੍ਹਾਂ ਇਸ ਹਲਕੇ ਤੋਂ ਉਨ੍ਹਾਂ ਤੋਂ ਬਾਅਦ ਐਮ.ਪੀ ਬਣੇ ਪ੍ਰਨੀਤ ਕੌਰ ਮਹਿੰਦਰ ਕੌਰ ਦੀ ਨੂੰਹ ਹਨ। ਇਸ ਹਲਕੇ ਦੇ ਔਰਤਾਂ ਵਿਚੋਂ ਹੁਣ ਤੱਕ ਇਹ ਦੋਵੇਂ ਸੱਸ-ਨੂੰਹ ਹੀ ਮੈਂਬਰ ਪਾਰਲੀਮੈਂਟ ਬਣੀਆਂ ਹਨ। ਮਹਿੰਦਰ ਕੌਰ ਤਾਂ ਇੱਕ ਵਾਰ ਹੀ ਐਮ.ਪੀ ਬਣੇ ਪਰ ਪ੍ਰਨੀਤ ਕੌਰ ਚਾਰ ਵਾਰ ਐਮ.ਪੀ ਰਹਿ ਚੁੱਕੇ ਹਨ। ਇਹ ਵੱਖਰੀ ਗੱਲ ਹੈ ਕਿ ਇੱਕ ਵਾਰ 2014 ’ਚ ਉਹ ‘ਆਪ’ ਦੇ ਡਾ. ਧਰਮਵੀਰ ਗਾਂਧੀ ਤੋਂ ਮਾਤ ਖਾ ਗਏ ਸਨ। ਇਸ ਹਲਕੇ ਤੋਂ ਕੇਂਦਰੀ ਵਜ਼ਾਰਤ ’ਚ ਸ਼ਾਮਲ ਹੋਣ ਦਾ ਮਾਣ ਕੇਵਲ ਪ੍ਰਨੀਤ ਕੌਰ ਨੂੰ ਹੀ ਮਿਲਿਆ ਹੈ। ਉਹ 2009 ਤੋਂ 2014 ਤੱਕ ਡਾ.ਮਨਮੋਹਨ ਸਿੰਘ ਸਰਕਾਰ ’ਚ ਵਿਦੇਸ਼ ਰਾਜ ਮੰਤਰੀ ਰਹੇ ਹਨ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੀ ਪਟਿਆਲਾ ਤੋਂ 1980 ’ਚ ਸੰਸਦ ਮੈਂਬਰ ਰਹੇ ਹਨ। ਪਟਿਆਲਾ ਸ਼ਾਹੀ ਘਰਾਣੇ ਦੇ ਤਿੰਨ ਮੈਂਬਰਾਂ ਨੂੰ ਹੁਣ ਤਕ ਸੰਸਦ ਮੈਂਬਰ ਬਣਾਇਆ ਗਿਆ ਹੈ। ਉਂਜ ਇਸ ਹਲਕੇ ਦੇ ਲੋਕਾਂ ਨੇ ਇਨ੍ਹਾਂ ਤਿੰਨਾਂ ਨੂੰ ਹੀ ਹਾਰਾਂ ਦਾ ਮੂੰਹ ਵੀ ਵਿਖਾਇਆ ਕਿਉਂਕਿ ਜਿੱਥੇ ਰਾਜ ਮਾਤਾ ਐਮ.ਪੀ ਬਣਨ ਮਗਰੋਂ ਅਗਲੀ ਚੋਣ ਹਾਰ ਗਏ ਸਨ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵੀ 1980 ਤੇ 1998 ’ਚ ਤੇ ਪ੍ਰਨੀਤ ਕੌਰ 2014 ’ਚ ਹਾਰ ਚੁੱਕੇ ਹਨ। ਪਟਿਆਲਾ ਤੋਂ 1985 ’ਚ ਅਮਰਿੰਦਰ ਸਿੰਘ ਦੇ ਚਾਚੀ ਬੀਬਾ ਅਮਰਜੀਤ ਕੌਰ ਨੇ ਵੀ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਫਾਂਸੀ ਦੀ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਵੀ ਇੱਕ ਵਾਰ ਇਥੋਂ ਕਿਸਮਤ ਅਜ਼ਮਾਈ ਸੀ ਪਰ ਉਹ ਵੀ ਮਾਤ ਖਾ ਗਏ ਸਨ।

Advertisement

Advertisement
Advertisement
Author Image

sukhwinder singh

View all posts

Advertisement