ਅੱਧੋਮਾਜਰਾ ਟੈਂਕ ’ਚ ਮਹਿਜ਼ ਦੋ ਦਨਿ ਦਾ ਪਾਣੀ ਬਚਿਆ
ਰਤਨ ਸਿੰਘ ਢਿੱਲੋਂ
ਅੰਬਾਲਾ, 17 ਜੁਲਾਈ
ਅੰਬਾਲਾ ਛਾਉਣੀ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਸਬੰਧੀ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਧੋਮਾਜਰਾ ਸਥਿਤ ਵਾਟਰ ਲਿਫਟਿੰਗ ਸਿਸਟਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਨਰਵਾਣਾ ਬਰਾਂਚ ਟੁੱਟਣ ਕਰਕੇ ਨਹਿਰੀ ਪਾਣੀ ਦੀ ਕੇਵਲ ਦੋ ਦਨਿ ਦੀ ਸਪਲਾਈ ਬਾਕੀ ਬਚੀ ਹੈ, ਇਸ ਲਈ ਲੋਕਾਂ ਨੂੰ ਪਾਣੀ ਦੀ ਵਰਤੋਂ ਸੰਕੋਚ ਨਾਲ ਕਰਨੀ ਚਾਹੀਦੀ ਹੈ।ਉਨ੍ਹਾਂ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਸਪਲਾਈ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇੱਥੇ ਪਾਣੀ ਪੰਪ ਕਰਨ ਵਾਲੀਆਂ ਮੋਟਰਾਂ ਅਤੇ ਸਟੋਰੇਜ ਟੈਂਕ ਦਾ ਵੀ ਜਾਇਜ਼ਾ ਲਿਆ। ਅਨਿਲ ਵਿੱਜ ਨੇ ਕਿਹਾ ਕਿ ਹੁਣ ਰੋਜ਼ਾਨਾ ਸਵੇਰੇ 5 ਵਜੇ ਤੋਂ 8 ਵਜੇ ਤੱਕ ਤਿੰਨ ਘੰਟਿਆਂ ਲਈ ਹੀ ਪਾਣੀ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਪਾਣੀ ਦੀ ਸਪਲਾਈ ਟਿਊਬਵੈੱਲਾਂ ਜ਼ਰੀਏ ਹੋ ਰਹੀ ਹੈ ਉਹ ਪਹਿਲਾਂ ਵਾਂਗ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਪਬਲਿਕ ਹੈਲਥ ਵਿਭਾਗ ਦੇ ਐਕਸਈਐਨ ਅਨਿਲ ਚੌਹਾਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਅੱਧਮਾਜਰਾ ਪਿੰਡ ਤੋਂ ਅੰਬਾਲਾ ਛਾਉਣੀ ਤੱਕ 18 ਕਿੱਲੋਮੀਟਰ ਲੰਮੀ ਪਾਈਪ ਲਾਈਨ ਰਾਹੀਂ ਨਹਿਰੀ ਪਾਣੀ ਦੀ ਸਪਲਾਈ ਹੁੰਦੀ ਹੈ। ਗ੍ਰਹਿ ਮੰਤਰੀ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਮਛੌਂਡਾ ਨੇੜੇ ਕੋਟ ਕਛੂਆ ਵਿਚ ਬਣਾਏ ਗਏ ਪੰਪ ਹਾਊਸ ਦੀ ਕਾਰਜ ਪ੍ਰਣਾਲੀ ਦਾ ਵੀ ਜਾਇਜ਼ਾ ਲਿਆ। ਦੁਪਹਿਰੇ ਗ੍ਰਹਿ ਮੰਤਰੀ ਨੇ ਅੰਬਾਲਾ ਛਾਉਣੀ ਦੇ ਇੰਡਸਟਰੀਅਲ ਏਰੀਆ ਵਿਚ ਪਾਣੀ ਨਿਕਾਸੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਮੁਆਇਨਾ ਕੀਤਾ।