ਵਜ਼ੀਰੀਆਂ ਲੈਣ ਵਾਲੇ ਹੀ ਸੁਖਬੀਰ ਨੂੰ ਅੱਖਾਂ ਦਿਖਾ ਰਹੇ ਨੇ: ਬੌਬੀ ਗਰਚਾ
ਗੁਰਿੰਦਰ ਸਿੰਘ
ਲੁਧਿਆਣਾ, 24 ਜੂਨ
ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਡੂੰਘਾ ਹੋ ਰਿਹਾ ਹੈ ਅਤੇ ਪਾਰਟੀ ਵਿੱਚ ਬਗਾਵਤੀ ਸੁਰਾਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਆਲੋਚਨਾ ਕਰਨ ਵਾਲਿਆਂ ਨੂੰ ਪਾਰਟੀ ਦੇ ਬੁਲਾਰੇ ਹਰਜਿੰਦਰ ਸਿੰਘ ਬੌਬੀ ਗਰਚਾ ਨੇ ਸਵਾਲ ਕਰਦਿਆਂ ਕਿਹਾ ਹੈ ਕਿ ਪਾਰਟੀ ਵਿੱਚ ਬਗਾਵਤਾਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਪਰ ਪਾਰਟੀ ਵਿੱਚ ਰਹਿ ਕੇ ਹੀ ਪਾਰਟੀ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਪਾਰਟੀਆਂ ਦੀਆਂ ਚਾਲਾਂ ਵਿੱਚ ਫਸ ਕੇ ਅਕਾਲੀ ਦਲ ਦੇ ਆਗੂ ਹੀ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਸਵਾਲ ਚੁੱਕ ਰਹੇ ਹਨ। ਬਾਦਲ ਪਰਿਵਾਰ ਨੇ ਤਾਂ ਆਪਣੇ ਹਲਕੇ ਵਿੱਚੋਂ ਜਿੱਤ ਵੀ ਕਾਇਮ ਰੱਖੀ ਹੈ ਤੇ ਇੱਕ ਪਰਿਵਾਰ ਇੱਕ ਸੀਟ ਦੇ ਸਿਧਾਂਤ ’ਤੇ ਕੰਮ ਕਰਦੇ ਹੋਏ ਆਪਣੀ ਸੀਟ ਵੀ ਛੱਡੀ ਹੈ। ਬਾਦਲ ਪਰਿਵਾਰ ਤੋਂ ਹੀ ਟਿਕਟਾਂ ਅਤੇ ਵਜ਼ੀਰੀਆਂ ਲੈਣ ਵਾਲੇ ਮਨਪ੍ਰੀਤ ਸਿੰਘ ਇਯਾਲੀ, ਚਰਨਜੀਤ ਬਰਾੜ ਅਤੇ ਢੀਂਡਸਾ ਪਰਿਵਾਰ ਪਾਰਟੀ ਨਾਲ ਖੜ੍ਹਨ ਦੀ ਬਜਾਏ ਹੁਣ ਅੱਖਾਂ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਝੂੰਦਾਂ ਕਮੇਟੀ ਦੀਆਂ ਰਿਪੋਰਟਾਂ ਜਨਤਕ ਕਰਨ ਦੀ ਗੱਲ ਕਰਨ ਵਾਲੇ ਇਯਾਲੀ ਦੱਸਣ ਕਿ ਉਸ ਰਿਪੋਰਟ ਵਿੱਚ ਜਿਹੜੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਗੱਲ ਕੀਤੀ ਗਈ ਹੈ ਅੱਜ ਉਹ ਉਨ੍ਹਾਂ ਨਾਲ਼ ਹੀ ਮੀਟਿੰਗਾਂ ਕਰਦੇ ਹੋਏ ਕਿਉਂ ਬਗਾਵਤੀ ਰੁਖ਼ ਅਖਤਿਆਰ ਕਰ ਰਹੇ ਹਨ।