ਸਾਡੇ ਵੱਲੋਂ ਕਰਵਾਈ ਜਾਣ ਵਾਲੀ ਚੈਂਪੀਅਨਸ਼ਿਪ ਹੀ ਜਾਇਜ਼ ਹੋਵੇਗੀ: ਐਡਹਾਕ ਕਮੇਟੀ
ਨਵੀਂ ਦਿੱਲੀ, 17 ਜਨਵਰੀ
ਕੌਮੀ ਚੈਂਪੀਅਨ ਕਰਵਾਉਣ ਦਾ ਅਧਿਕਾਰ ਸਿਰਫ਼ ਕੌਮੀ ਫੈਡਰੇਸ਼ਨ ਕੋਲ ਹੋਣ ਦੇ ਮੁਅੱਤਲ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਦਾਅਵੇ ਦੇ ਇੱਕ ਦਿਨ ਮਗਰੋਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵੱਲੋਂ ਨਿਯੁਕਤ ਐਡਹਾਕ ਕਮੇਟੀ ਨੇ ਕਿਹਾ ਕਿ ਉਸ ਵੱਲੋਂ ਕਰਵਾਏ ਜਾਣ ਵਾਲੇ ਟੂਰਨਾਮੈਂਟ ਨੂੰ ਹੀ ਜਾਇਜ਼ ਮੰਨਿਆ ਜਾਵੇਗਾ। ਐਡਹਾਕ ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਨੂੰ ਹੀ ‘ਲਾਭ’ ਮਿਲੇਗਾ।
ਡਬਲਿਊਐੱਫਆਈ ਨੇ ਚੋਣਾਂ ਮਗਰੋਂ ਆਪਣੀ ਪਹਿਲੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਮਗਰੋਂ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ 29 ਜਨਵਰੀ ਤੋਂ ਪੁਣੇ ਵਿੱਚ ਕੌਮੀ ਮੁਕਾਬਲਾ ਕਰਵਾਏਗਾ। ਡਬਲਿਊਐੱਫਆਈ ਨੇ ਕਿਹਾ ਸੀ ਕਿ ਉਸ ਦੇ ਸੰਵਿਧਾਨ ਅਨੁਸਾਰ ਸਿਰਫ਼ ਫੈਡਰੇਸ਼ਨ ਕੋਲ ਹੀ ਕੌਮੀ ਮੁਕਾਬਲਾ ਕਰਵਾਉਣ ਦਾ ਅਧਿਕਾਰ ਹੈ ਅਤੇ ਐਡਹਾਕ ਪੈਨਲ ਕੋਲ ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਡਬਲਿਊਐੱਫਆਈ ਨੂੰ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਮੁਅੱਤਲੀ ਕਰਨ ਵਾਲੇ ਖੇਡ ਮੰਤਰਾਲੇ ਨੇ ਕਿਹਾ ਕਿ ਡਬਲਿਊਐੱਫਆਈ ਵੱਲੋਂ ਕਰਵਾਏ ਜਾਣ ਵਾਲੇ ਟੂਰਨਾਮੈਂਟ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਕਮੇਟੀ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ, ‘‘ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਿਰਫ਼ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰਐੱਸਪੀਬੀ) ਵੱਲੋਂ ਕਰਵਾਏ ਜਾਣ ਵਾਲੇ ਸੀਨੀਅਰ ਕੌਮੀ ਫਰੀਸਟਾਇਲ, ਗਰੀਕੋ ਰੋਮਨ ਸਟਾਇਲ ਅਤੇ ਮਹਿਲਾ ਕੌਮੀ ਕੁਸ਼ਤੀ ਚੈਂਪੀਅਨਸ਼ਿਪ 2023 ਹੀ ਜਾਇਜ਼ ਹੈ, ਜੋ ਖੇਡ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਹੋਵੇਗੀ ਅਤੇ ਸਾਰੇ ਸਰਕਾਰੀ ਲਾਭ ਸਿਰਫ਼ ਕੌਮੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਖਿਡਾਰੀਆਂ ਨੂੰ ਹੀ ਮਿਲਣਗੇ।’’
ਡਬਲਿਊਐੱਫਆਈ ਪ੍ਰਧਾਨ ਸੰਜੈ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਮੰਤਰਾਲੇ ਨਾਲ ਮੁਅੱਤਲੀ ਹਟਾਉਣ ਲਈ ਗੱਲਬਾਤ ਕਰਨਗੇ। ਇੱਕ ਮਹਿਲਾ ਪਹਿਲਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ‘‘ਖੇਡ ਹੁਣ ਮਜ਼ਾਕ ਬਣ ਚੁੱਕੀ ਹੈ। ਅਸੀਂ ਕਿੱਥੇ ਜਾਈਏ? ਪਹਿਲਵਾਨਾਂ ਅਤੇ ਖੇਡ ਦੇ ਫਾਇਦੇ ਲਈ ਇਸ ਸਾਰੇ ਵਿਵਾਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।’’ ਹਰਿਆਣਾ ਵਿੱਚ ਇੱਕ ਅਖਾੜੇ ਦੇ ਪਹਿਲਵਾਨਾਂ ਨੇ ਕਿਹਾ ਕਿ ਉਹ ਪੁਣੇ ਵਿੱਚ ਡਬਲਿਊਐੱਫਆਈ ਵੱਲੋਂ ਕਰਵਾਈ ਡਬਲਿਊਐੱਫਆਈ ਵੱਲੋਂ ਕਰਵਾਈ ਜਾਣ ਵਾਲੇ ਕੌਮੀ ਮੁਕਾਬਲੇ ਵਿੱਚ ਹਿੱਸਾ ਲੈਣਗੇ।
ਪਹਿਲਵਾਨ ਨੇ ਕਿਹਾ, ‘‘ਅਸੀਂ ਪੁਣੇ ਜਾਵਾਂਗੇ, ਅਸੀਂ ਜੈਪੁਰ ਨਹੀਂ ਜਾ ਰਹੇ ਹਾਂ, ਜਿੱਥੇ ਐਡਹਾਕ ਕਮੇਟੀ ਮੁਕਾਬਲਾ ਕਰਾਵੇਗੀ।’’ ਐਡਹਾਕ ਕਮੇਟੀ ਜੈਪੁਰ ਵਿੱਚ ਦੋ ਤੋਂ ਪੰਜ ਫਰਵਰੀ ਤੱਕ ਆਰਐੱਸਪੀਬੀ ਦੀ ਮਦਦ ਨਾਲ ਕੌਮੀ ਚੈਂਪੀਅਨਸ਼ਿਪ ਕਰਾਵੇਗੀ। -ਪੀਟੀਆਈ