For the best experience, open
https://m.punjabitribuneonline.com
on your mobile browser.
Advertisement

ਆਬਕਾਰੀ ਨੀਤੀ ਮਾਮਲੇ ’ਚ ਸਿਰਫ਼ ਕੇਜਰੀਵਾਲ ਦੀ ਭੂਮਿਕਾ ਦੀ ਜਾਂਚ ਬਾਕੀ

06:41 AM Jul 07, 2024 IST
ਆਬਕਾਰੀ ਨੀਤੀ ਮਾਮਲੇ ’ਚ ਸਿਰਫ਼ ਕੇਜਰੀਵਾਲ ਦੀ ਭੂਮਿਕਾ ਦੀ ਜਾਂਚ ਬਾਕੀ
Advertisement

ਨਵੀਂ ਦਿੱਲੀ, 6 ਜੁਲਾਈ
ਕੇਂਦਰੀ ਜਾਂਚ ਬਿਊਰੋ ਨੇ ਅੱਜ ਸੀਬੀਆਈ ਅਦਾਲਤ ਨੂੰ ਦੱਸਿਆ ਕਿ ਦਿੱਲੀ ਆਬਕਾਰੀ ਨੀਤੀ ਕੇਸ ’ਚ ਹੋਰ ਸਾਰੇ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਬੀਆਈ ਦੇ ਵਕੀਲ ਐਡਵੋਕੇਟ ਡੀਪੀ ਸਿੰਘ ਨੇ ਅੱਗੇ ਦੱਸਿਆ ਕਿ ਉਹ ਸੁਪਰੀਮ ਕੋਰਟ ਨੂੰ 4 ਜੂਨ ਤੋਂ ਬਾਅਦ ਦੇ ਕੁਝ ਨਵੇਂ ਘਟਨਾਕ੍ਰਮ ਬਾਰੇ ਜਾਣਕਾਰੀ ਦੇਣਗੇ ਜਿਸ ਕਾਰਨ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਸਿਰਫ਼ ਕੇਜਰੀਵਾਲ ਦੀ ਭੂਮਿਕਾ ਤੇ ਜਾਂਚ ਨੂੰ ਅੱਗੇ ਵਧਾਇਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਖ਼ਿਲਾਫ਼ ਜਾਂਚ ਤਕਰੀਬਨ ਪੂਰੀ ਹੋ ਚੁੱਕੀ ਹੈ। ਸੀਬੀਆਈ ਨੇ ਸਪੱਸ਼ਟ ਕੀਤਾ ਕਿ ਸੌਲੀਸਿਟਰ ਜਨਰਲ ਵੱਲੋਂ ਪਹਿਲਾਂ ਦਿੱਤਾ ਗਿਆ ਬਿਆਨ ਕੇਜਰੀਵਾਲ ਨੂੰ ਛੱਡ ਕੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨਾਲ ਸਬੰਧਤ ਸੀ। ਦੂਜੇ ਪਾਸੇ ਮਨੀਸ਼ ਸਿਸੋਦੀਆ ਤੇ ਕੇ ਕਵਿਤਾ ਦੇ ਵਕੀਲਾਂ ਨੇ ਅੱਜ ਦੋਸ਼ ਲਾਇਆ ਕਿ ਸੀਬੀਆਈ ਬਿਆਨਾਂ ’ਚ ਉਲਝਾ ਰਹੀ ਹੈ। ਉਨ੍ਹਾਂ ਕਿਹਾ ਕਿ 22 ਮਾਰਚ ਨੂੰ ਅਦਾਲਤ ਵੱਲੋਂ ਪਾਸ ਕੀਤੇ ਗਏ ਨਿਆਂਇਕ ਹੁਕਮਾਂ ’ਚ ਕਿਹਾ ਗਿਆ ਸੀ ਕਿ ਜਾਂਚ ਮੁਕੰਮਲ ਹੋ ਚੁੱਕੀ ਹੈ। ਅੱਜ ਸਥਿਤੀ ਇਹ ਹੈ ਕਿ ਜੋ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੈ ਉਹ ਇਸ ਤੋਂ ਉਲਟ ਹੈ।
ਇਸੇ ਦੌਰਾਨ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਅੱਜ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਹੋਰਨਾਂ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 15 ਜੁਲਾਈ ਤੱਕ ਵਧਾ ਦਿੱਤੀ ਹੈ। ਇਸੇ ਵਿਚਾਲੇ ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਐੱਮਐੱਲਏ ਫੰਡਾਂ ਰਾਹੀਂ ਆਪਣੇ ਚੋਣ ਹਲਕੇ ਦੇ ਵਿਕਾਸ ਨਾਲ ਸਬੰਧਤ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਸਿਸੋਦੀਆ ਨੂੰ ਆਪਣੇ ਪਰਿਵਾਰ ਦੇ ਖਰਚਿਆਂ ਲਈ ਬੈਂਕ ਚੈੱਕ ’ਤੇ ਦਸਤਖ਼ਤ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ। ਅਦਾਲਤ ਨੇ ਹਾਲਾਂਕਿ ਬੀਆਰਐੱਸ ਆਗੂ ਕੇ ਕਵਿਤਾ ਖ਼ਿਲਾਫ਼ ਸੀਬੀਆਈ ਵੱਲੋਂ ਦਾਇਰ ਤੀਜੇ ਪੂਰਕ ਦੋਸ਼ ਪੱਤਰ ਦਾ ਨੋਟਿਸ ਲੈਣ ਸਬੰਧੀ ਸੁਣਵਾਈ ਟਾਲ ਦਿੱਤੀ ਹੈ। ਅਦਾਲਤ ਨੇ ਮਾਮਲਾ 8 ਜੁਲਾਈ ਲਈ ਮੁਲਤਵੀ ਕਰ ਦਿੱਤਾ ਹੈ। -ਏਐੱਨਆਈ

Advertisement

ਕੇਜਰੀਵਾਲ ਦੀ ਪਤਨੀ ਨੂੰ ਮੈਡੀਕਲ ਰਿਕਾਰਡ ਤੱਕ ਪਹੁੰਚ ਦੀ ਇਜਾਜ਼ਤ

ਨਵੀਂ ਦਿੱਲੀ: ਇੱਥੋਂ ਦੀ ਇੱਕ ਅਦਾਲਤ ਨੇ ਜੇਲ੍ਹ ’ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਉਨ੍ਹਾਂ ਦੇ ਮੈਡੀਕਲ ਰਿਕਾਰਡ ਤੱਕ ਪਹੁੰਚ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਕੇਜਰੀਵਾਲ ਵੱਲੋਂ ਮੈਡੀਕਲ ਬੋਰਡ ਜਾਂ ਡਾਕਟਰਾਂ ਨਾਲ ਆਜ਼ਾਦਾਨਾ ਢੰਗ ਨਾਲ ਮਸ਼ਵਰਾ ਕਰਨ ਜਾਂ ਸਲਾਹ ਲੈਣ ਦੀ ਵੀ ਇਜਾਜ਼ਤ ਦਿੱਤੀ ਹੈ। ਅਦਾਲਤ ਨੇ ਹਾਲਾਂਕਿ ਕੇਜਰੀਵਾਲ ਦੀ ਉਹ ਅਰਜ਼ੀ ਖਾਰਜ ਕਰ ਦਿੱਤੀ ਜਿਸ ’ਚ ਡਾਕਟਰਾਂ ਨਾਲ ਸਲਾਹ ਦੌਰਾਨ ਸੁਨੀਤਾ ਕੇਜਰੀਵਾਲ ਨੂੰ ਉਨ੍ਹਾਂ ਦੀ ਅਟੈਂਡੈਂਟ ਵਜੋਂ ਸ਼ਾਮਲ ਕਰਨ ਦੀ ਇਜਾਜ਼ਤ ਦੇਣ ਲਈ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਸਪੈਸ਼ਲ ਜੱਜ ਕਾਵੇਰੀ ਬਾਵੇਜਾ ਨੇ ਕਿਹਾ ਕਿ ਕੇਜਰੀਵਾਲ ਨੂੰ ਹਸਪਤਾਲ ਦਾਖਲ ਨਹੀਂ ਕਰਵਾਇਆ ਗਿਆ ਹੈ ਅਤੇ ਦਿੱਲੀ ਜੇਲ੍ਹ ਨਿਯਮਾਂ ਅਨੁਸਾਰ ਜੇਲ੍ਹ ਸੁਪਰਡੈਂਟ ਵੱਲੋਂ ਇੰਚਾਰਜ ਮੈਡੀਕਲ ਅਧਿਕਾਰੀ ਦੀ ਸਲਾਹ ਨਾਲ ਇੱਕ ਵਿਚਾਰ ਅਧੀਨ ਕੈਦੀ ਨਾਲ ਅਟੈਂਡੈਂਟ ਵਜੋਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਜਾਜ਼ਤ ਤਾਂ ਹੀ ਦਿੱਤੀ ਜਾਵੇ ਜਦੋਂ ਕੈਦੀ ਹਸਪਤਾਲ ’ਚ ਭਰਤੀ ਹੋਵੇ। ਕੇਜਰੀਵਾਲ ਦੀ ਪਤਨੀ ਨੂੰ ਉਨ੍ਹਾਂ ਦੇ ਮੈਡੀਕਲ ਰਿਕਾਰਡ ਤੱਕ ਪਹੁੰਚ ਮੁਹੱਈਆ ਕਰਨ ਦੇ ਸਬੰਧ ਵਿੱਚ ਅਦਾਲਤ ਨੇ ਕਿਹਾ ਕਿ ਜੇਲ੍ਹ ਅਧਿਕਾਰੀਆਂ ਨੂੰ ਕੋਈ ਇਤਰਾਜ਼ ਨਹੀਂ ਅਤੇ ਕਾਰਵਾਈ ਦੌਰਾਨ ਮੁੱਖ ਮੰਤਰੀ ਇਸ ਗੱਲ ’ਤੇ ਸਹਿਮਤ ਹੋਏ ਕਿ ਉਨ੍ਹਾਂ ਦੇ ਮੈਡੀਕਲ ਰਿਕਾਰਡ ਸਬੰਧਤ ਅਧਿਕਾਰੀਆਂ ਵੱਲੋਂ ਸਾਂਝੇ ਕੀਤੇ ਜਾ ਰਹੇ ਹਨ। -ਪੀਟੀਆਈ

Advertisement

Advertisement
Author Image

sanam grng

View all posts

Advertisement