ਥੋੜ੍ਹੇ ਜਿਹੇ ਮੀਂਹ ਨੇ ਹੀ ਜਲੰਧਰ ਦੀਆਂ ਸੜਕਾਂ ਨੱਕੋ-ਨੱਕ ਭਰੀਆਂ
ਹਤਿੰਦਰ ਮਹਿਤਾ
ਜਲੰਧਰ, 3 ਸਤੰਬਰ
ਇੱਥੇ ਅੱਜ ਕੁਝ ਘੰਟਿਆਂ ਦੀ ਬਾਰਿਸ਼ ਨੇ ਇੱਕ ਵਾਰ ਫਿਰ ਨਗਰ ਨਿਗਮ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਮੀਂਹ ਮਗਰੋਂ ਸੜਕਾਂ ਅਤੇ ਗਲੀਆਂ ਪਾਣੀ ਵਿੱਚ ਡੁੱਬ ਗਈਆਂ। ਸੈਂਟਰਲ ਟਾਊਨ ਵਿੱਚ ਗੋਡੇ-ਗੋਡੇ ਪਾਣੀ ਭਰਿਆ ਹੋਇਆ ਸੀ ਜੋ ਦੁਕਾਨਾਂ ਵਿੱਚ ਦਾਖ਼ਲ ਹੋ ਗਿਆ। ਮੀਂਹ ਨਾਲ ਪ੍ਰਭਾਵਿਤ ਹੋਰ ਖੇਤਰਾਂ ਵਿੱਚ ਲਾਡੋਵਾਲੀ ਰੋਡ, ਕੂਲ ਰੋਡ, ਲੰਮਾ ਪਿੰਡ , ਬੱਸ ਅਡਾ ਚੌਕ, ਸਰਬ ਮਲਟੀਪਲੈਕਸ ਨੇੜੇ ਜਲੰਧਰ-ਅੰਮ੍ਰਿਤਸਰ ਹਾਈਵੇਅ ਅਤੇ ਗਾਜ਼ੀ ਗੁਲਾਨ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਦੇ ਦੁਕਾਨਦਾਰਾਂ ਨੇ ਬੰਦ ਪਏ ਸੀਵਰੇਜ ਨੂੰ ਲੈ ਕੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮੀਂਹ ਪੈਣ ’ਤੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਦੋ ਦਿਨ ਤੱਕ ਖੜ੍ਹਾ ਰਹਿੰਦਾ ਹੈ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਦੁਕਾਨਦਾਰਾਂ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਸੀਵਰੇਜ ਦੀ ਸਫ਼ਾਈ ਲਈ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਭਾਰੀ ਮੀਂਹ ਕਾਰਨ ਕਈ ਖੇਤਰਾਂ ਵਿੱਚ ਬਿਜਲੀ ਵੀ ਬੰਦ ਹੋ ਗਈ ਅਤੇ ਬੀਐੱਮਸੀ ਚੌਕ, ਆਈਕਨਿਕ ਮਾਲ ਨੇੜੇ ਕੂਲ ਰੋਡ, ਅਰਬਨ ਅਸਟੇਟ ਫੇਜ਼-2 ਅਤੇ ਬੀਐੱਸਐੱਫ ਚੌਕ ਸਮੇਤ ਮੁੱਖ ਚੌਰਾਹਿਆਂ ’ਤੇ ਟਰੈਫਿਕ ਲਾਈਟਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਾਰਨ ਸੜਕਾਂ ’ਤੇ ਜਾਮ ਲੱਗ ਗਿਆ। ਵਸਨੀਕਾਂ ਨੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਪਾਣੀ ਭਰੀਆਂ ਗਲੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਲਈ ਮਹੱਤਵਪੂਰਨ ਬਜਟ ਅਲਾਟ ਕੀਤੇ ਜਾਣ ਦੇ ਬਾਵਜੂਦ, ਡਰੇਨੇਜ ਸਿਸਟਮ ਦੀ ਅਣਦੇਖੀ ਲਈ ਨਿਗਮ ਦੀ ਆਲੋਚਨਾ ਕੀਤੀ। ਸ਼ਹਿਰ ਦੀ ਵਸਨੀਕ ਮਾਨਸੀ ਆਹੂਜਾ ਨੇ ਕਿਹਾ ਕਿ ਸੇਮ ਦੀ ਸਮੱਸਿਆ ਦਾ ਸਥਾਈ ਹੱਲ ਕੱਢਣ ਵਿੱਚ ਨਗਰ ਨਿਗਮ ਅਸਫ਼ਲ ਸਾਬਤ ਹੋਇਆ ਹੈ। ਸਰਕਾਰ ਨੂੰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਦਾ ਹੁਕਮ
ਜਲੰਧਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸ਼ਹਿਰ ਦੇ ਪਾਣੀ ਨਾਲ ਭਰੇ ਖੇਤਰਾਂ ਦਾ ਦੌਰਾ ਕਰਦਿਆਂ ਪਾਣੀ ਦੀ ਤੁਰੰਤ ਨਿਕਾਸੀ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ। ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਸਮੇਤ ਡਿਪਟ ਕਮਿਸ਼ਨਰ ਨੇ ਰੇਲਵੇ ਰੋਡ, ਭਗਵਾਨ ਵਾਲਮੀਕਿ ਚੌਕ, ਪਟੇਲ ਚੌਕ, ਫਗਵਾੜਾ ਗੇਟ, ਪੀਏਪੀ ਚੌਕ, ਮਾਈ ਹੀਰਾਂ ਗੇਟ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ਬਰਸਾਤੀ ਪਾਣੀ ਭਰਨ ਦੀ ਸਥਿਤੀ ਤੋਂ ਨਿਜਾਤ ਦਿਵਾਉਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ।