ਸਿਰਫ ਤੀਜੀ ਤੇ ਛੇਵੀਂ ਦੀਆਂ ਪੁਸਤਕਾਂ ਬਦਲੀਆਂ: ਸੀਬੀਐੱਸਈ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਲਈ ਤੀਜੀ ਤੇ ਛੇਵੀਂ ਨੂੰ ਛੱਡ ਕੇ ਸਾਰੀਆਂ ਜਮਾਤਾਂ ਲਈ ਮੌਜੂਦਾ ਪਾਠਕ੍ਰਮ ਤੇ ਪਾਠ ਪੁਸਤਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਲਈ ਸਕੂਲ ਆਪਣੇ ਵਿਦਿਆਰਥੀਆਂ ਨੂੰ ਇਸ ਤਰਤੀਬ ਨਾਲ ਹੀ ਪੜ੍ਹਾਉਣ। ਦੂਜੇ ਪਾਸੇ ਨੈਸ਼ਨਲ ਕਾਊਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਨੇ ਸਪੱਸ਼ਟ ਕੀਤਾ ਹੈ ਕਿ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਛੇਵੀਂ, ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀਆਂ ਪਾਠ ਪੁਸਤਕਾਂ ਬਾਜ਼ਾਰ ਵਿੱਚ ਉਪਲਬਧ ਨਹੀਂ ਹਨ ਤੇ ਛੇਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੋ ਮਹੀਨੇ ਬਾਅਦ ਛਪ ਕੇ ਆਉਣਗੀਆਂ। ਉਨ੍ਹਾਂ ਕਿਹਾ ਕਿ ਇਸ ਜਮਾਤ ਦੀਆਂ ਪੁਸਤਕਾਂ ਇਸ ਮਹੀਨੇ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਸੀਬੀਐੱਸਈ ਤੇ ਐੱਨਸੀਈਆਰਟੀ ਦੋਵਾਂ ਨੇ ਅੱਜ ਐਕਸ ’ਤੇ ਪੋਸਟ ਪਾ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।
ਸੀਬੀਐੱਸਈ ਵੱਲੋਂ ਅੱਜ ਜਾਰੀ ਕੀਤੇ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਇੱਕ ਵਾਰ ਫਿਰ ਹਦਾਇਤ ਕੀਤੀ ਗਈ ਹੈ ਕਿ ਉਹ ਤੀਜੀ ਤੇ ਛੇਵੀਂ ਨੂੰ ਛੱਡ ਕੇ ਬਾਕੀ ਜਮਾਤਾਂ ਲਈ ਉਹੀ ਪਾਠ ਪੁਸਤਕਾਂ ਦੀ ਵਰਤੋਂ ਕਰਨੀ ਜਾਰੀ ਰੱਖਣ ਜਿਨ੍ਹਾਂ ਦੀ ਉਨ੍ਹਾਂ ਨੇ ਪਿਛਲੇ ਅਕਾਦਮਿਕ ਸਾਲ 2023-24 ਦੌਰਾਨ ਵਰਤੋਂ ਕੀਤੀ ਸੀ। ਜਾਣਕਾਰੀ ਅਨੁਸਾਰ ਐੱਨਸੀਈਆਰਟੀ ਨੇ ਸੀਬੀਐੱਸਈ ਨੂੰ ਪਹਿਲਾਂ ਦੱਸਿਆ ਸੀ ਕਿ ਉਹ ਤੀਜੀ ਅਤੇ ਛੇਵੀਂ ਲਈ ਨਵੇਂ ਸਿਲੇਬਸ ਅਨੁਸਾਰ ਪਾਠ ਪੁਸਤਕਾਂ ਤਿਆਰ ਕਰਵਾ ਰਹੇ ਹਨ ਤੇ ਇਹ ਪਸਤਕਾਂ ਜਲਦੀ ਮੁਹੱਈਆ ਕਰਵਾਈਆਂ ਜਾਣਗੀਆਂ। ਚੰਡੀਗੜ੍ਹ ਤੇ ਪੰਜਾਬ ਵਿੱਚ ਐੱਨਸੀਈਆਰਟੀ ਦੀਆਂ ਪੁਸਤਕਾਂ ਦੀ ਘਾਟ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਸਬੰਧੀ ਯੂਟੀ ਦੇ ਸਿੱਖਿਆ ਵਿਭਾਗ ਨੇ ਵੀ ਐੱਨਸੀਈਆਰਟੀ ਤੇ ਸੀਬੀਐੱਸਈ ਨੂੰ ਪੱਤਰ ਲਿਖਿਆ ਹੈ।
ਪੜ੍ਹਾਈ ਦੇ ਨੁਕਸਾਨ ਤੋਂ ਬਚਣ ਲਈ ਬਰਿੱਜ ਕੋਰਸ ਮੁਹੱਈਆ ਕਰਵਾਇਆ: ਐੱਨਸੀਈਆਰਟੀ
ਐੱਨਸੀਈਆਰਟੀ ਨੇ ਐਕਸ ’ਤੇ ਪੋਸਟ ਪਾ ਕੇ ਸਪੱਸ਼ਟ ਕੀਤਾ ਕਿ ਤੀਜੀ ਜਮਾਤ ਦੀਆਂ ਪੁਸਤਕਾਂ ਬਾਜ਼ਾਰ ਵਿਚ ਹੁਣ ਵੀ ਮਿਲ ਰਹੀਆਂ ਹਨ ਤੇ ਛੇਵੀਂ ਜਮਾਤ ਦੀਆਂ ਪੁਸਤਕਾਂ ਨਾ ਮਿਲਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਐੱਨਸੀਈਆਰਟੀ ਨੇ ਇਸ ਸਬੰਧੀ ਛੇਵੀਂ ਜਮਾਤ ਦੇ ਦਸ ਵਿਸ਼ਿਆਂ ਦਾ ਬਰਿੱਜ ਕੋਰਸ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਸਕੂਲਾਂ ਨੂੰ ਮੁਹੱਈਆ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਪੁਸਤਕਾਂ ਜੁਲਾਈ ਮਹੀਨੇ ਵਿੱਚ ਹੀ ਸਕੂਲਾਂ ਕੋਲ ਪੁੱਜ ਜਾਣਗੀਆਂ।