For the best experience, open
https://m.punjabitribuneonline.com
on your mobile browser.
Advertisement

ਅੰਤਰਰਾਜੀ ਸ਼ਰਾਬ ਤਸਕਰੀ ਰੋਕਣ ਲਈ ਆਨਲਾਈਨ ਪੋਰਟਲ ਸ਼ੁਰੂ

06:38 AM Apr 08, 2024 IST
ਅੰਤਰਰਾਜੀ ਸ਼ਰਾਬ ਤਸਕਰੀ ਰੋਕਣ ਲਈ ਆਨਲਾਈਨ ਪੋਰਟਲ ਸ਼ੁਰੂ
ਸ਼ਰਾਬ ਦਾ ਸਟਾਕ ਚੈੱਕ ਕਰਦੀ ਹੋਈ ਕਰ ਤੇ ਆਬਕਾਰੀ ਵਿਭਾਗ ਦੀ ਟੀਮ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਪਰੈਲ
ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ’ਤੇ ਚੰਡੀਗੜ੍ਹ ਦਾ ਕਰ ਤੇ ਆਬਕਾਰੀ ਵਿਭਾਗ ਵੀ ਚੌਕਸ ਹੋ ਗਿਆ ਹੈ। ਉਸ ਵੱਲੋਂ ਅੰਤਰਰਾਜੀ ਸ਼ਰਾਬ ਤਸਕਰੀ ਰੋਕਣ ਲਈ ਹੋਰਨਾਂ ਸੂਬਿਆਂ ਨਾਲ ਤਾਲਮੇਲ ਬਣਾਉਣ ਵਾਸਤੇ ਪੋਰਟਲ ਸ਼ੁਰੂ ਕੀਤਾ ਹੈ। ਇਸ ਪੋਰਟਲ ’ਤੇ ਸ਼ਰਾਬ ਬਣਾਉਣ ਤੋਂ ਲੈ ਕੇ ਸਪਲਾਈ ਕਰਨ ਤੱਕ ਦੀ ਸਾਰੀ ਜਾਣਕਾਰੀ ਮਿਲ ਸਕੇਗੀ। ਚੰਡੀਗੜ੍ਹ ਕਰ ਤੇ ਆਬਕਾਰੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਸ਼ਰਾਬ ਤਸਕਰੀ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਸਨ। ਸ਼ਰਾਬ ਤਸਕਰੀ ’ਤੇ ਨੱਥ ਪਾਉਣ ਲਈ ਹੀ ਇਹ ਪੋਰਟਲ ਤਿਆਰ ਕੀਤਾ ਗਿਆ ਹੈ।
ਕਰ ਤੇ ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਇਸ ਪੋਰਟਲ ’ਤੇ ਸ਼ਰਾਬ ਬਣਾਉਣ ਤੋਂ ਲੈ ਕੇ ਸ਼ਰਾਬ ਸਪਲਾਈ ਕਰਨ ਸਬੰਧੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ। ਇਸ ਨੂੰ ਵੱਖ-ਵੱਖ ਸੂਬਿਆਂ ਦੇ ਨੋਡਲ ਅਧਿਕਾਰੀਆਂ ਵੱਲੋਂ ਚੈੱਕ ਕੀਤਾ ਜਾ ਸਕੇਗਾ। ਇਸ ਨਾਲ ਸ਼ਰਾਬ ਨੂੰ ਸਹੀ ਥਾਂ ’ਤੇ ਸਪਲਾਈ ਕੀਤਾ ਜਾਵੇਗਾ ਅਤੇ ਉੱਥੇ ਦੇ ਨੋਡਲ ਅਧਿਕਾਰੀ ਵੱਲੋਂ ਸ਼ਰਾਬ ਦੀ ਪਹੁੰਚ ਸਬੰਧੀ ਪੋਰਟਲ ’ਤੇ ਹੀ ਪੁਸ਼ਟੀ ਕੀਤੀ ਜਾਵੇਗੀ। ਇਸ ਨਾਲ ਰਾਹ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਹੋਣ ਵਾਲੀ ਸ਼ਰਾਬ ਦੀ ਤਸਕਰੀ ’ਤੇ ਨੱਥ ਪਾਈ ਜਾਵੇਗੀ। ਵਿਨੈ ਪ੍ਰਤਾਪ ਸਿੰਘ ਨੇ ਵੱਖ-ਵੱਖ ਸੂਬਿਆਂ ਦੇ ਕਰ ਤੇ ਆਬਕਾਰੀ ਵਿਭਾਗ ਦੇ ਸਕੱਤਰਾਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਹ ਆਪਣੇ ਆਬਕਾਰੀ ਅਧਿਕਾਰੀਆਂ ਨੂੰ ਆਨਲਾਈਨ ਪੋਰਟਲ ਦੀ ਵਰਤੋਂ ਬਾਰੇ ਆਦੇਸ਼ ਜਾਰੀ ਕਰਨ ਜਿਸ ਨਾਲ ਸ਼ਰਾਬ ਤਸਕਰੀ ਨੂੰ ਰੋਕਿਆ ਜਾ ਸਕੇ। ਗੌਰਤਲਬ ਹੈ ਕਿ ਚੰਡੀਗੜ੍ਹ ’ਚ ਸ਼ਰਾਬ ਬਣਾਉਣ ਦੀਆਂ ਕਈ ਫੈਕਟਰੀਆਂ ਹਨ, ਜਿੱਥੋਂ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿੱਚ ਸ਼ਰਾਬ ਸਪਲਾਈ ਕੀਤੀ ਜਾਂਦੀ ਹੈ। ਇਨ੍ਹਾਂ ਬਾਟਲਿੰਗ ਪਲਾਂਟਾਂ ਤੋਂ ਸਮੇਂ-ਸਮੇਂ ’ਤੇ ਹੋਰਨਾਂ ਸੂਬਿਆਂ ਵਿੱਚ ਸਰਾਬ ਦੀ ਤਸਕਰੀ ਕੀਤੀ ਜਾਂਦੀ ਸੀ। ਯੂਟੀ ਨੇ ਸ਼ਰਾਬ ਤਸਕਰੀ ਨੂੰ ਰੋਕਣ ਲਈ ਪੋਰਟਲ ਦੀ ਸ਼ੁਰੂਆਤ ਕੀਤੀ ਹੈ।

Advertisement

ਸ਼ਰਾਬ ਕਾਰੋਬਾਰੀਆਂ ’ਤੇ ਛਾਪੇ

ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਸਖ਼ਤੀ ਕਰ ਦਿੱਤੀ ਹੈ। ਉਨ੍ਹਾਂ ਨੇ ਅੱਜ ਸ਼ਹਿਰ ਦੇ ਸ਼ਰਾਬ ਕਾਰੋਬਾਰੀਆਂ ’ਤੇ ਛਾਪੇ ਮਾਰੇ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਸ਼ਰਾਬ ਕਾਰੋਬਾਰੀਆਂ ਦੇ ਸਟਾਕ ਦੀ ਜਾਂਚ ਕੀਤੀ। ਕਰ ਤੇ ਆਬਕਾਰੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਲੋਕ ਸਭਾ ਚੋਣਾਂ ਵਿੱਚ ਸ਼ਰਾਬ ਤਸਕਰੀ ਰੋਕਣ ਦੇ ਮੱਦੇਨਜ਼ਰ 24 ਘੰਟੇ ਸ਼ਹਿਰ ਵਿੱਚ ਚੌਕਸੀ ਰੱਖੀ ਜਾ ਰਹੀ ਹੈ ਤਾਂ ਜੋ ਸ਼ਰਾਬ ਤਸਕਰੀ ’ਤੇ ਨਾਥ ਪਾਈ ਜਾ ਸਕੇ। ਉਨ੍ਹਾਂ ਸਾਰੇ ਸ਼ਰਾਬ ਕਾਰੋਬਾਰੀਆਂ ਨੂੰ ਸ਼ਰਾਬ ਤਸਕਰੀ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸ਼ਰਾਬ ਠੇਕਿਆਂ ਤੇ ਥੋਕ ਕਾਰੋਬਾਰੀਆਂ ਦੇ ਸਟਾਕ ਦੀ ਜਾਂਚ ਕੀਤੀ ਜਾਵੇਗੀ ਅਤੇ ਸਟਾਕ ਵਿੱਚ ਫਰਕ ਪਾਏ ਜਾਣ ’ਤੇ ਕਾਰਵਾਈ ਕੀਤੀ ਜਾਵੇਗੀ।

Advertisement
Author Image

Advertisement
Advertisement
×