For the best experience, open
https://m.punjabitribuneonline.com
on your mobile browser.
Advertisement

ਪਿਆਜ਼ ਤੇ ਟਮਾਟਰ ਨੇ ਮਹਿੰਗਾਈ ਨੂੰ ਲਾਇਆ ‘ਤੜਕਾ’

11:06 AM Nov 23, 2023 IST
ਪਿਆਜ਼ ਤੇ ਟਮਾਟਰ ਨੇ ਮਹਿੰਗਾਈ ਨੂੰ ਲਾਇਆ ‘ਤੜਕਾ’
ਲੁਧਿਆਣਾ ਵਿੱਚ ਟਮਾਟਰ, ਪਿਆਜ਼ ਤੇ ਹੋਰ ਸਬਜ਼ੀਆਂ ਵੇਚਦੇ ਹੋਏ ਦੁਕਾਨਦਾਰ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 22 ਨਵੰਬਰ
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ ਅਤੇ ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵੀ ਵੱਧ ਰਹੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਬਾਹਰੀ ਰਾਜਾਂ ਤੋਂ ਸਬਜ਼ੀਆਂ ਨਾ ਆਉਣ ਦੇ ਮੱਦੇਨਜ਼ਰ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਜਿਸ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ 15-20 ਰੁਪਏ ਕਿੱਲੋ ਮਿਲਣ ਵਾਲਾ ਟਮਾਟਰ ਹੁਣ 65-70 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ। ਇਸੇ ਤਰ੍ਹਾਂ ਪਿਆਜ਼ ਦੀ ਕੀਮਤ ਵੀ 25-30 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 70-75 ਰੁਪਏ ਕਿਲੋ ਹੋ ਗਈ ਹੈ। ਵੇਖਦਿਆਂ ਹੀ ਵੇਖਦਿਆਂ ਹੋਰ ਸਬਜ਼ੀਆਂ ਦੇ ਭਾਅ ਵੀ ਵੱਧ ਕੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਇਸੇ ਤਰ੍ਹਾਂ ਘੀਆ ਅਤੇ ਲੌਕੀ 30-40 ਰੁਪਏ ਕਿਲੋ, ਸ਼ਿਮਲਾ ਮਿਰਚ 80 ਰੁਪਏ ਕਿਲੋ, ਗਾਜਰ 40 ਰੁਪਏ ਕਿਲੋ ਅਤੇ ਕਰੇਲਾ 60 ਰੁਪਏ ਕਿਲੋ ਵਿੱਕ ਰਿਹਾ ਹੈ। ਜਿੱਥੇ ਪਿਆਜ਼, ਟਮਾਟਰ, ਅਦਰਕ ਅਤੇ ਲਸਣ ਦੀ ਕੀਮਤ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਉਥੇ ਕੁੱਝ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕਮੀ ਵੀ ਆਈ ਹੈ। ਹਾਲਾਂਕਿ, ਇਨ੍ਹਾਂ ਸਬਜ਼ੀਆਂ ਦੀ ਵਿਕਰੀ ਘੱਟ ਹੈ ਕਿਉਂਕਿ ਲੋਕ ਹੁਣ ਰੋਜ਼-ਰੋਜ਼ ਇਹ ਸਬਜ਼ੀਆਂ ਖਾਣ ਤੋਂ ਅੱਕ ਗਏ ਹਨ। ਗੋਭੀ 20-25 ਰੁਪਏ ਪ੍ਰਤੀ ਕਿਲੋ, ਮੂਲੀ 20 ਰੁਪਏ ਪ੍ਰਤੀ ਕਿਲੋ, ਬੈਂਗਣ 40 ਰੁਪਏ ਪ੍ਰਤੀ ਕਿਲੋ ਅਤੇ ਸਬਜ਼ੀਆਂ ਨਾਲ ਝੂੰਗੇ ਵਿੱਚ ਮਿਲਣ ਵਾਲਾ ਧਨੀਆ ਮੁੜ ਝੂੰਗੇ ਵਿੱਚ ਮਿਲਣ ਲੱਗ ਪਿਆ ਹੈ ਕਿਉਂਕਿ ਇਸਦੀ ਕੀਮਤ 400 ਨੂੰ ਹੱਥ ਲਗਾ ਕੇ ਮੁੜ ਪਹਿਲੀ ਵਾਰੀ ਥਾਂ ’ਤੇ ਆ ਗਈ ਹੈ।
ਕੁੱਝ ਸਬਜ਼ੀਆਂ ਦੇ ਨਾਲ-ਨਾਲ ਫ਼ਲਾਂ ਦੀਆਂ ਕੀਮਤਾਂ ਵੀ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਸੇਬ ਪਹਿਲਾਂ ਵਾਂਗ ਹੀ 100-120 ਰੁਪਏ ਕਿਲੋ, ਸੰਤਰਾ 70-80 ਰੁਪਏ ਕਿਲੋ ਅਤੇ ਪਪੀਤਾ 65-70 ਰੁਪਏ ਕਿਲੋ ਵਿੱਕ ਰਿਹਾ ਹੈ। ਸਿਵਲ ਲਾਈਨ ਸਥਿਤ ਇੱਕ ਸਬਜ਼ੀ ਵਿਕਰੇਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਛੁੱਟੀਆਂ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਸਪਲਾਈ ਬੰਦ ਹੋ ਜਾਣ ਕਾਰਨ ਸਬਜ਼ੀਆਂ ਦੇ ਭਾਅ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਦੌਰਾਨ ਕੀਮਤਾਂ ਡਿੱਗਣ ਦੀ ਸੰਭਾਵਨਾ ਹੈ।

Advertisement

Advertisement
Advertisement
Author Image

sukhwinder singh

View all posts

Advertisement