ਵਿਦੇਸ਼ ਭੇਜਣ ਬਹਾਨੇ ਸਵਾ ਸੱਤ ਲੱਖ ਠੱਗਣ ਵਾਲਾ ਕਾਬੂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਜੁਲਾਈ
ਥਾਣਾ ਕ੍ਰਿਸ਼ਨਾ ਗੇਟ ਪੁਲੀਸ ਨੇ ਵਿਦੇਸ਼ ਭੇਜਣ ਦਾ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਖੜੀ ਕਰਨ ਦੇ ਦੋਸ਼ ਹੇਠ ਅੰਗਰੇਜ਼ ਸਿੰਘ ਨਿਵਾਸੀ ਠੋਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਬੁਲਾਰੇ ਮੁਤਾਬਕ ਅਮਨ ਕੁਮਾਰ ਕੁਰੂਕਸ਼ੇਤਰ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਅੰਗਰੇਜ਼ ਸਿੰਘ ਤੇ ਉਸ ਦੀ ਪਤਨੀ ਨੇ ਸਾਲ 2022 ਵਿੱਚ ਉਨ੍ਹਾਂ ਤੋਂ ਕਾਗਜ਼ਾਤ ਤੇ ਇਕ ਲੱਖ ਰੁਪਏ ਨਗਦ ਲੈ ਲਏ ਤੇ ਭਰੋਸਾ ਦਿੱਤਾ ਸੀ ਕਿ ਇਕ ਹਫ਼ਤੇ ਦੇ ਅੰਦਰ ਹੀ ਉਨ੍ਹਾਂ ਨੂੰ ਅਮਰੀਕਾ ਭੇਜ ਦੇਣਗੇ। 31 ਜਨਵਰੀ 2022 ਨੂੰ ਉਸ ਨੂੰ ਤੇ ਉਸ ਦੀ ਪਤਨੀ ਨੂੰ ਦਿੱਲੀ ਏਅਰਪੋਰਟ ਬੁਲਾ ਕੇ ਦੁਬਈ ਦਾ ਵੀਜ਼ਾ ਤੇ ਟਿਕਟ ਦੇ ਕੇ ਇਕ ਫਰਵਰੀ 2022 ਨੂੰ ਫਲਾਈਟ ਰਾਹੀਂ ਦੁਬਈ ਭੇਜ ਦਿੱਤਾ। ਉਸ ਨੇ ਭਰੋਸਾ ਦਿੱਤਾ ਕਿ ਅਗਾਮੀਂ 10 ਦਿਨਾਂ ’ਚ ਦੁਬਈ ਤੋਂ ਮੈਕਸੀਕੋ ਭੇਜ ਦਿੱਤਾ ਜਾਏਗਾ ਪਰ ਦੁਬਈ ਵਿੱਚ ਇਕ ਮਹੀਨਾ ਰਹਿਣ ਤੋਂ ਬਾਅਦ ਵੀ ਉਨ੍ਹਾਂ ਨੂੰ ਮੈਕਸੀਕੋ ਨਹੀਂ ਭੇਜਿਆ। ਮੁਲਜ਼ਮ ਨੇ ਉਸ ਨੂੰ ਦੁਬਈ ਤੋਂ ਓਮਾਨ ਤੇ ਓਮਾਨ ਤੋਂ ਇਟਲੀ ਦੇ ਕਾਗਜ਼ਾਤ ਤਿਆਰ ਕਰਵਾ ਕੇ ਇਟਲੀ ਭੇਜਣ ਦੀ ਗੱਲ ਕਹੀ ਤੇ ਤਿੰਨ ਲੱਖ ਰੁਪਏ ਮੰਗੇ। ਉਸ ਨੇ 3 ਲੱਖ ਰੁਪਏ ਅੰਗਰੇਜ਼ ਦੇ ਖਾਤੇ ਵਿੱਚ ਆਰਟੀਜੇਐੱਸ ਕਰਵਾ ਦਿੱਤੇ। ਇਸ ਮਗਰੋਂ ਉਹ ਪਤਨੀ ਸਣੇ 7 ਅਪਰੈਲ 2022 ਨੂੰ ਓਮਾਨ ਪਹੁੰਚ ਗਿਆ। ਓਮਾਨ ਤੋਂ ਅਮਰੀਕਾ ਦੀ ਟਿਕਟ ਲਈ ਮੁਲਜ਼ਮ ਨੇ 3 ਲਖ 25 ਹਜ਼ਾਰ ਰੁਪਏ ਮੰਗੇ ਜੋ ਉਸ ਨੇ ਆਪਣੇ ਰਿਸ਼ਤੇਦਾਰਾਂ ਤੇ ਘਰ ਵਾਲਿਆਂ ਤੋਂ ਉਸ ਨੂੰ ਗੂਗਲ ਪੇਅ ਤੇ ਖਾਤੇ ਵਿੱਚ ਪੁਆ ਦਿੱਤੇ। ਜਦ ਮੁਲਜ਼ਮ ਨੇ 7 ਲਖ 25 ਹਜ਼ਾਰ ਰੁਪਏ ਲੈਣ ਤੋਂ ਬਾਅਦ ਉਨ੍ਹਾਂ ਨੂੰ ਓਮਾਨ ਤੋਂ ਅਮਰੀਕਾ ਨਹੀਂ ਭੇਜਿਆ ਤਾਂ ਉਹ ਆਪਣੀ ਪਤਨੀ ਨਾਲ ਓਮਾਨ ਤੋਂ ਭਾਰਤ ਆ ਗਿਆ। ਪੈਸੇ ਵਾਪਸ ਮੰਗਣ ’ਤੇ ਮੁਲਜ਼ਮ ਨੇ ਸਿਰਫ 1 ਲਖ 40 ਹਜ਼ਾਰ ਰੁਪਏ ਵਾਪਸ ਕੀਤੇ ਤੇ ਹੋਰ ਪੈਸੇ ਮੋੜਨ ਤੋਂ ਮਨਾਂ ਕਰ ਦਿੱਤਾ ਹੈ।