ਉੱਚੀ ਆਵਾਜ਼ ’ਚ ਗੀਤ ਸੁਣਨ ਨੂੰ ਲੈ ਕੇ ਹੋਏ ਝਗੜੇ ’ਚ ਇੱਕ ਹਲਾਕ
ਨਵੀਂ ਦਿੱਲੀ, 1 ਅਕਤੂਬਰ
ਦਵਾਰਕਾ ਦੇ ਮੋਹਨ ਨਗਰ ਇਲਾਕੇ ’ਚ ਉੱਚੀ ਆਵਾਜ਼ ’ਚ ਸੰਗੀਤ ਵਜਾਉਣ ਨੂੰ ਲੈ ਕੇ ਦੋ ਕਿਰਾਏਦਾਰਾਂ ਵਿਚਾਲੇ ਹੋਏ ਝਗੜੇ ’ਚ ਇਮਾਰਤ ਦੀ ਦੇਖਭਾਲ ਕਰਨ ਵਾਲੇ 36 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਬਬਲੂ ਦੇ ਪੇਟ ’ਚ ਗੋਲੀ ਲੱਗੀ ਸੀ ਅਤੇ ਉਸ ਦੀ ਹਸਪਤਾਲ ’ਚ ਮੌਤ ਹੋ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਸੋਮਵਾਰ ਦੇਰ ਰਾਤ ਮੋਹਨ ਗਾਰਡਨ ਥਾਣੇ ਨੂੰ ਹੱਤਿਆ ਸਬੰਧੀ ਇੱਕ ਹਸਪਤਾਲ ਤੋਂ ਪੀਸੀਆਰ (ਪੁਲੀਸ ਕੰਟਰੋਲ ਰੂਮ) ਕਾਲ ਆਈ। ਪੁਲੀਸ ਟੀਮ ਨੂੰ ਹਸਪਤਾਲ ਭੇਜਿਆ ਗਿਆ ਜਿੱਥੇ ਗੋਲੀ ਲੱਗਣ ਕਾਰਨ ਜ਼ਖ਼ਮੀ ਬਬਲੂ ਦਾਖਲ ਸੀ।’ ਅਧਿਕਾਰੀ ਨੇ ਦੱਸਿਆ ਕਿ ਬਬਲੂ ਦੀ ਲਾਸ਼ ਪੋਸਟਮਾਰਟਮ ਲਈ ਦੀਨਦਿਆਲ ਉਪਾਧਿਆਏ ਹਸਪਤਾਲ ਵਿੱਚ ਰੱਖੀ ਗਈ ਹੈ। ਪੁਲੀਸ ਮੁਤਾਬਕ ਇਮਾਰਤ ’ਚ ਰਹਿਣ ਵਾਲਾ ਕਿਰਾਏਦਾਰ ਪੁਜੀਤ (27) ਉੱਚੀ ਆਵਾਜ਼ ’ਚ ਸੰਗੀਤ ਵਜਾ ਰਿਹਾ ਸੀ। ਉਸੇ ਵੇਲੇ ਦੂਜੇ ਕਿਰਾਏਦਾਰ ਲਵਨੀਸ਼ ਨੇ ਇਸ ’ਤੇ ਇਤਰਾਜ਼ ਕੀਤਾ ਅਤੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਅਧਿਕਾਰੀ ਨੇ ਦੱਸਿਆ, ‘ਬੀਤੀ ਰਾਤ ਦੋ ਧਿਰਾਂ ਵਿੱਚ ਲੜਾਈ ਹੋਈ, ਜਿਸ ਤੋਂ ਬਾਅਦ ਜਿੰਮ ਸਪਲੀਮੈਂਟ ਸਪਲਾਇਰ ਲਵਨੀਸ਼ ਅਤੇ ਉਸ ਦਾ ਚਚੇਰਾ ਭਰਾ ਅਮਨ ਪੁਜੀਤ ਨੂੰ ਛੱਤ ’ਤੇ ਲੈ ਗਏ।’ ਰੌਲਾ ਸੁਣ ਕੇ ਬਬਲੂ ਵੀ ਛੱਤ ਤੇ ਪਹੁੰਚਿਆ ਅਤੇ ਦੋਹਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਾ। ਅਧਿਕਾਰੀ ਨੇ ਦੱਸਿਆ ਕਿ ਅਮਨ ਕੋਲ ਪਿਸਤੌਲ ਸੀ। ਉਸ ਨੇ ਪਿਸਤੌਲ ਲਵਨੀਸ਼ ਨੂੰ ਦੇ ਦਿੱਤੀ, ਜਿਸ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਬਬਲੂ ਨੂੰ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਫੋਰੈਂਸਿਕ ਅਤੇ ਕ੍ਰਾਈਮ ਟੀਮਾਂ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ