ਰਾਹੁਲ ਗਾਂਧੀ ਦੀ ‘ਹਠਧਰਮੀ’ ਕਰ ਕੇ ਇਕ ਵਿਅਕਤੀ ਦੀ ਜਾਨ ਗਈ: ਭਾਜਪਾ
ਨਵੀਂ ਦਿੱਲੀ, 29 ਜੂਨ
ਭਾਜਪਾ ਨੇ ਰਾਹੁਲ ਗਾਂਧੀ ਦੀ ਮਨੀਪੁਰ ਫੇਰੀ ਨੂੰ ‘ਗ਼ੈਰਜ਼ਿੰਮੇਵਾਰਾਨਾ ਵਤੀਰਾ’ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ ਆਗੂ ਦੀ ‘ਹਠਧਰਮੀ’ ਕਰਕੇ ਹਿੰਸਾ ਦੀ ਮਾਰ ਝੱਲ ਰਹੇ ਸੂੁਬੇ ‘ਚ ਇਕ ਵਿਅਕਤੀ ਨੂੰ ਜਾਨ ਗੁਆਉਣੀ ਪਈ ਹੈ। ਇਥੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਬੁਲਾਰੇ ਤੇ ਮਨੀਪੁਰ ਮਾਮਲਿਆਂ ਦੇ ਇੰਚਾਰਜ ਸੰਬਿਤ ਪਾਤਰਾ ਨੇ ਕਿਹਾ ਕਿ ਸੂਬੇ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਥਾਨਕ ਪ੍ਰਸ਼ਾਸਨ ਨੇ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਹੈਲੀਕਾਪਟਰ ਵਿੱਚ ਚੂਰਾਚਾਂਦਪੁਰ ਜਾਣ, ਪਰ ਉਨ੍ਹਾਂ ਨੇ ਹਵਾਈ ਸਫ਼ਰ ਤੋਂ ਨਾਂਹ ਕਰਕੇ ਸੜਕ ਰਸਤੇ ਜਾਣ ਨੂੰ ਤਰਜੀਹ ਦਿੱਤੀ। ਪਾਤਰਾ ਨੇ ਕਿਹਾ ਕਿ ਕਾਂਗਰਸ ਆਗੂ ਦੀ ਮਨੀਪੁਰ ਫੇਰੀ ਦੀ ਖ਼ਬਰ ਮੀਡੀਆ ਵਿੱਚ ਆਉਣ ਮਗਰੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਮਨੀਪੁਰ ਵਿਦਿਆਰਥੀ ਯੂਨੀਅਨਾਂ ਤੋਂ ਇਲਾਵਾ ਹੋਰ ਕਈ ਸਮਾਜਿਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਾਤਰਾ ਨੇ ਕਾਂਗਰਸ ਆਗੂ ਨੂੰ ਭੰਡਦਿਆਂ ਕਿਹਾ, ”ਇਹ ਬਹੁਤ ਦੁੱਖਦਾਈ ਹੈ ਕਿ ਰਾਹੁਲ ਗਾਂਧੀ ਇਸ ਅੜੀਅਲ ਵਤੀਰੇ ਨਾਲ ਮਨੀਪੁਰ ਗਏ, ਜੋ ਸਹੀ ਨਹੀਂ ਸੀ। ਜਦੋਂ ਅਜਿਹੇ ਹਾਲਾਤ ਹੋਣ ਤਾਂ ਹਠਧਰਮੀ ਨਾਲੋਂ ਸੰਵੇਦਨਸ਼ੀਲਤਾ ਕਿਤੇ ਅਹਿਮ ਹੈ।” ਭਾਜਪਾ ਆਗੂ ਨੇ ਕਿਹਾ, ”ਰਾਹੁਲ ਗਾਂਧੀ ਦਾ ਵਤੀਰਾ ਸਿਰੇ ਦੀ ਗੈਰਜ਼ਿੰਮੇਵਾਰੀ ਵਾਲਾ ਸੀ। ਰਾਹੁਲ ਤੇ ਜ਼ਿੰਮੇਵਾਰੀ ਕਦੇ ਨਾਲੋਂ ਨਾਲ ਨਹੀਂ ਚੱਲ ਸਕਦੇ। ਉਨ੍ਹਾਂ ਅੱਜ ਇਕ ਵਾਰ ਮੁੜ ਇਸ ਨੂੰ ਸਾਬਤ ਕੀਤਾ ਹੈ।” ਪਾਤਰਾ ਨੇ ਕਿਹਾ ਕਿ 13 ਜੂਨ ਤੱਕ ਮਨੀਪੁਰ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ, ‘ਪਰ ਬਹੁਤ ਦੁੱਖ ਨਾਲ…ਅੱਜ ਇਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ।” ਸਾਬਕਾ ਕਾਂਗਰਸ ਪ੍ਰਧਾਨ ਨੂੰ ਮਨੀਪੁਰ ਮਾਮਲੇ ਵਿਚ ਵਧੇਰੇ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਹੋਣ ਦੇ ਨਾਲ ਸਥਾਨਕ ਪ੍ਰਸ਼ਾਸਨ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਸੀ।” ਪਾਤਰਾ ਨੇ ਕਿਹਾ, ”ਮੈਂ ਦੋਵੇਂ ਹੱਥ ਜੋੜ ਕੇ ਗੁਜ਼ਾਰਿਸ਼ ਕਰਨਾ ਚਾਹਾਂਗਾ…ਮਨੀਪੁਰ ਵਿੱਚ ਹਾਲਾਤ ਕਾਬੂ ਹੇਠ ਆਉਣ ਲੱਗੇ ਹਨ, ਸਿਆਸੀ ਮੁਫਾਦਾਂ ਲਈ ਨਾ ਲੜਿਆ ਜਾਵੇ।” -ਪੀਟੀਆਈ