ਮੋਟਰਸਾਈਕਲਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ
ਧਿਆਨ ਸਿੰਘ ਭਗਤ
ਕਪੂਰਥਲਾ, 4 ਨਵੰਬਰ
ਪਿੰਡ ਭੰਡਾਲ ਬੇਟ ਵਿੱਚ ਟਰੈਕਟਰ-ਟਰਾਲੀ ਨੂੰ ਕਰਾਸ ਕਰ ਰਹੇ ਮੋਟਰਸਾਈਕਲ ਸਵਾਰ ਵਿੱਚ ਸਾਹਮਣੇ ਤੋਂ ਆ ਕੇ ਵੱਜੇ ਬੁਲੇਟ ਮੋਟਰਸਾਈਕਲ ਕਾਰਨ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਢਿੱਲਵਾਂ ਪੁਲੀਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੜਤਾਲੀਆ ਅਫ਼ਸਰ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮਨਜੀਤ ਸਿੰਘ ਵਾਸੀ ਪਿੰਡ ਗੋਰੇ ਥਾਣਾ ਕੋਤਵਾਲੀ ਕਪੂਰਥਲਾ ਨੇ ਦੱਸਿਆ ਕਿ ਉਹ 3 ਨਵੰਬਰ ਨੂੰ ਸਵੇਰੇ ਵੱਖ ਵੱਖ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਸੈਫਲਾਬਾਦ ਤੋਂ ਢਿੱਲਵਾਂ ਜਾ ਰਹੇ ਸਨ। ਦੂਜੇ ਮੋਟਰਸਾਈਕਲ ਨੂੰ ਉਸ ਦਾ ਰਿਸ਼ਤੇਦਾਰ ਲਖਵਿੰਦਰ ਸਿੰਘ ਵਾਸੀ ਸੈਫਲਾਬਾਦ ਚਲਾ ਰਿਹਾ ਸੀ। ਉਸ ਮੋਟਰਸਾਈਕਲ ਉਤੇ ਲਖਵਿੰਦਰ ਸਿੰਘ, ਪਰਮਵੀਰ ਵਾਸੀ ਸੈਫਲਾਬਾਦ ਵੀ ਸਵਾਰ ਸਨ। ਜਿਵੇਂ ਹੀ ਉਹ ਭੰਡਾਲ ਬੇਟ ਪੁੱਜੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਟਰੈਕਟਰ ਟਰਾਲੀ ਨੂੰ ਕਰਾਸ ਕਰ ਰਿਹਾ ਸੀ ਤਾਂ ਸਾਹਮਣੇ ਤੋਂ ਆਏ ਬੁਲੇਟ ਮੋਟਰਸਾਈਕਲ ਜਿਸ ਨੂੰ ਕੋਈ ਅਣਪਛਾਤੇ ਵਿਅਕਤੀ ਚਲਾ ਰਿਹਾ ਸੀ, ਨੇ ਮੋਟਰਸਾਈਕਲ ਵਿੱਚ ਮਾਰਿਆ। ਇਸ ’ਤੇ ਲਖਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਲੰਘੀ 20 ਨਵੰਬਰ ਨੂੰ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਈ ਅਧਿਆਪਕਾ ਨੇ ਇਲਾਜ ਦੌਰਾਨ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਸਰਕਾਰੀ ਐਲੀਮੈਂਟਰੀ (ਪ੍ਰਾਇਮਰੀ) ਸਕੂਲ ਸਲੈਚ ਬਲਾਕ ਸ਼ਾਹਕੋਟ ਵਿੱਚ ਤਾਇਨਾਤ ਅਧਿਆਪਕਾ ਹਰਪ੍ਰੀਤ ਕੌਰ (45) ਪਤਨੀ ਕੁਲਦੀਪ ਸਿੰਘ ਵਾਸੀ ਨਿਊਂ ਕਰਤਾਰ ਨਗਰ ਸ਼ਾਹਕੋਟ 20 ਅਕਤੂਬਰ ਨੂੰ ਕਾਰ ’ਚ ਆਪਣੇ ਪਰਿਵਾਰ ਨਾਲ ਜਲੰਧਰ ਤੋਂ ਸ਼ਾਹਕੋਟ ਨੂੰ ਆ ਰਹੀ ਸੀ। ਪਿੰਡ ਮਾਲੜੀ ਗੇਟ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਟਰੈਕਟਰ/ਟਰਾਲੀ ਨਾਲ ਟਕਰਾ ਗਈ ਸੀ। ਹਾਦਸੇ ’ਚ ਅਧਿਾਪਕਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਸੀ ਜਿਸ ਦਾ ਜਲੰਧਰ ਦੇ ਇਕ ਨਿਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬੀਤੀ ਰਾਤ ਦਮ ਤੋੜ ਗਈ। ਪੁਲੀਸ ਨੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ ਜਿਸ ਦਾ ਅੱਜ ਸਸਕਾਰ ਕਰ ਦਿਤਾ ਗਿਆ।
ਸੜਕ ਹਾਦਸੇ ’ਚ ਹਲਾਕ
ਸ਼ਾਹਕੋਟ (ਪੱਤਰ ਪ੍ਰੇਰਕ): ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਗੁਰਦੀਪ ਕੁਮਾਰ ਉਰਫ ਦੀਪਾ (16) ਪੁੱਤਰ ਲਹਿੰਬਰ ਰਾਮ ਵਾਸੀ ਮੁਹੱਲਾ ਤਲਾਬ ਮਹਿਤਪੁਰ ਮੋਟਰਸਾਈਕਲ ’ਤੇ ਮਹਿਤਪੁਰ ਨੂੰ ਜਾ ਰਿਹਾ ਸੀ। ਜਿਉਂ ਹੀ ਉਹ ਮਹਿਤਪੁਰ ਦੇ ਨਜ਼ਦੀਕ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ 194 ਬੀ.ਐਨਐਸ.ਐਸ ਅਧੀਨ ਕਾਰਵਾਈ ਕਰ ਕੇ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ।