ਅਦਾਲਤੀ ਕੰਪਲੈਕਸ ਦੀ ਪਾਰਕਿੰਗ ਵਿੱਚ ਵਕੀਲਾਂ ਵਿੱਚ ਝੜਪ ’ਚ ਇਕ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਅਕਤੂਬਰ
ਇੱਥੋਂ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਦੀ ਪਾਰਕਿੰਗ ਵਿੱਚ ਕੱਲ੍ਹ ਵਕੀਲਾਂ ਦੇ ਆਪਸ ਵਿੱਚ ਝਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜੇ ਤੋਂ ਬਾਅਦ ਇਕ ਵਕੀਲ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨੀਰਜ ਹੰਸ (41) ਵਜੋਂ ਹੋਈ ਹੈ, ਜੋ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦਾ ਸਾਬਕਾ ਸਕੱਤਰ ਰਹਿ ਚੁੱਕਾ ਹੈ। ਦੂਜੇ ਪਾਸੇ, ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮਹਿਲਾ ਵਕੀਲ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਸਾਥੀ ਨਾਲ ਅਦਾਲਤ ਦੀ ਪਾਰਕਿੰਗ ’ਚੋਂ ਸਕੂਟਰ ਲੈਣ ਗਈ ਸੀ। ਉੱਥੇ ਕੁਝ ਜਣੇ ਆ ਗਏ ਜਿਨ੍ਹਾਂ ਨੇ ਉਨ੍ਹਾਂ ਨਾਲ ਦੁਰ-ਵਿਹਾਰ ਕੀਤਾ। ਇਸ ਦੌਰਾਨ ਨੀਰਜ ਹੰਸ ਨੇ ਉਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਉਸ ਦੀ ਛਾਤੀ ’ਤੇ ਕਥਿਤ ਤੌਰ ’ਤੇ ਮੁੱਕਾ ਮਾਰਿਆ, ਜਿਸ ਕਰ ਕੇ ਸ੍ਰੀ ਹੰਸ ਦੀ ਛਾਤੀ ਵਿੱਚ ਤੇਜ਼ ਦਰਜ ਉੱਠਿਆ। ਪੀੜਤ ਨੂੰ ਤੁਰੰਤ ਸੈਕਟਰ-34 ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ ਵਿੱਚ ਲੰਘੀ ਰਾਤ ਉਸ ਦੀ ਮੌਤ ਹੋ ਗਈ ਹੈ। ਮਹਿਲਾ ਵਕੀਲ ਨੇ ਦੋਸ਼ ਲਗਾਇਆ ਕਿ ਨੀਰਜ ਦੀ ਮੌਤ ਛਾਤੀ ’ਤੇ ਮੁੱਕਾ ਵੱਜਣ ਕਰ ਕੇ ਹੋਈ ਹੈ।
ਦੂਜੇ ਪਾਸੇ, ਜਿਨ੍ਹਾਂ ਵਕੀਲਾਂ ’ਤੇ ਹਮਲੇ ਦੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਵੱਲੋਂ ਵੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਚੰਡੀਗੜ੍ਹ ਪੁਲੀਸ ਨੇ ਮਾਮਲੇ ਵਿੱਚ ਦੋਵਾਂ ਧਿਰਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।