ਇਕ ਸ਼ਖ਼ਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ
ਅੱਜ ਸ਼ਰਧਾਂਜਲੀ ਸਮਾਗਮ ’ਤੇ ਵਿਸ਼ੇਸ਼
ਅਰੁਣ ਕੁਮਾਰ ਕਹਿਰਬਾ
ਇਕ ਪਾਸੇ ਜਦੋਂ ਲੋਕ ਦੀਵਾਲੀ ਦੀਆਂ ਤਿਆਰੀਆਂ ਕਰ ਰਹੇ ਸਨ, ਦੂਜੇ ਪਾਸੇ ਹਰਿਆਣਾ ’ਚ ਜ਼ਿੰਦਾਦਿਲੀ, ਵਿਚਾਰਸ਼ੀਲਤਾ, ਸੰਵੇਦਨਸ਼ੀਲਤਾ ਅਤੇ ਵਿਆਪਕ ਸਰੋਕਾਰਾਂ ਦਾ ਦੀਵਾ ਬੁਝ ਗਿਆ। ਆਪਣੇ ਵਿੱਦਿਅਕ ਅਦਾਰੇ ’ਚ ਹੀ ਨਹੀਂ, ਹਰਿਆਣਾ ਦੇ ਵਿਆਪਕ ਘੇਰੇ ’ਚ ਸਿੱਖਿਆ ਤੇ ਸਾਹਿਤ ਦਾ ਚਾਨਣ ਫੈਲਾਉਣ ਵਾਲਾ ਰਵੀ (ਸੂਰਜ) ਡਾ. ਰਵਿੰਦਰ ਗਾਸੋ ਹਮੇਸ਼ਾ ਲਈ ਛੁਪ ਗਿਆ। ਬੁਖ਼ਾਰ ਤੇ ਡੇਂਗੂ ਨੇ ਇਲਾਜ ਲਈ ਵੀ ਸਮਾਂ ਨਹੀਂ ਦਿੱਤਾ ਤੇ ਉਨ੍ਹਾਂ ਨੂੰ ਸਾਥੋਂ ਖੋਹ ਲਿਆ। ਉਨ੍ਹਾਂ ਦੇ ਚਲਾਣੇ ਨਾਲ ਸਿੱਖਿਆ, ਸਮਾਜ ਤੇ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
‘ਬਿਛੜਾ ਕੁਝ ਇਸ ਅਦਾ ਸੇ ਕਿ ਰੁਤ ਹੀ ਬਦਲ ਗਈ, ਇਕ ਸ਼ਖ਼ਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ।’ ਡਾ. ਗਾਸੋ ਦੇ ਜਾਣ ਤੋਂ ਬਾਅਦ ਹਾਲਾਤ ਖ਼ਾਲਿਦ ਸ਼ਰੀਫ਼ ਦੇ ਇਸ ਸ਼ੇਅਰ ਵਰਗੇ ਹੋ ਗਏ ਹਨ। ਡਾ. ਰਵਿੰਦਰ ਗਾਸੋ ਕੈਥਲ ਦੇ ਪੁੰਡਰੀ ਸਥਿਤ ਡੀਏਵੀ ਕਾਲਜ ਵਿਚ ਐਸੋਸੀਏਟ ਪ੍ਰੋਫੈਸਰ ਤੇ ਹਿੰਦੀ ਵਿਭਾਗ ਦੇ ਮੁਖੀ ਸਨ। ਕਾਲਜ ਵਿਚ ਸਾਹਿਤਕ ਸੱਭਿਆਚਾਰਕ ਸਰਗਰਮੀਆਂ ਦੇ ਇੰਤਜ਼ਾਮ ਵਿਚ ਉਹ ਮੋਹਰੀ ਭੂਮਿਕਾ ਨਿਭਾਉਂਦੇ ਸਨ। ਕਾਲਜ ਦੇ ਅਧਿਆਪਕਾਂ ਦੇ ਆਗੂ ਹੋਣ ਦੇ ਨਾਤੇ ਕਾਲਜ ਤੇ ਯੂਨੀਵਰਸਿਟੀ ਵਿਚ ਵਧੀਆ ਵਿੱਦਿਅਕ ਮਾਹੌਲ ਦੀ ਸਿਰਜਣਾ ਲਈ ਕਈ ਤਰ੍ਹਾਂ ਦੀਆਂ ਸਰਗਰਮੀਆਂ ਚਲਾਉਂਦੇ ਸਨ। ਕੁਰੂਕਸ਼ੇਤਰ ਵਿਚ ਸਥਾਪਤ ਡਾ. ਓਮ ਪ੍ਰਕਾਸ਼ ਗਰੇਵਾਲ ਅਧਿਐਨ ਸੰਸਥਾ ਦੇ ਸਕੱਤਰ ਵਜੋਂ ਅਦਾਰੇ ਨੂੰ ਸਾਹਿਤਕ ਵਿੱਦਿਅਕ ਸਰਗਰਮੀਆਂ ਦਾ ਮੁੱਖ ਕੇਂਦਰ ਬਣਾਉਣ ਲਈ ਉਨ੍ਹਾਂ ਜੋ ਕੰਮ ਕੀਤਾ ਉਸ ਨੂੰ ਭੁਲਾਇਆ ਨਹੀਂ ਜਾ ਸਕੇਗਾ। ਸੰਸਥਾ ਵਿਚ ਨਿਯਮਤ ਤੌਰ ’ਤੇ ਹੋਣ ਵਾਲੇ ਸਮਾਗਮਾਂ ਵਿਚ ਦੇਸ਼ ਭਰ ਦੇ ਨਾਮੀ ਸਾਹਿਤਕਾਰ ਅਤੇ ਸੂਬੇ ਭਰ ਦੇ ਸਾਹਿਤ ਪ੍ਰੇਮੀ ਹਿੱਸਾ ਲੈਂਦੇ ਸਨ।
ਡਾ. ਗਾਸੋ ਅਧਿਐਨ ਸੱਭਿਆਚਾਰ ਨੂੰ ਸਮਰਪਿਤ ਸ਼ਖ਼ਸ ਸਨ। ਗਰੇਵਾਲ ਅਧਿਐਨ ਸੰਸਥਾ ਵਿਚ ਉਨ੍ਹਾਂ ਜਿਹੜਾ ਅਹਿਮ ਕੰਮ ਕੀਤਾ, ਉਹ ਸੀ ਅਦਾਰੇ ਵਿਚ ਲਾਇਬ੍ਰੇਰੀ ਦੀ ਸਥਾਪਨਾ ਕਰਨਾ। ਉਨ੍ਹਾਂ ਲਾਇਬ੍ਰੇਰੀ ਨੂੰ ਸਾਰਾ ਦਿਨ ਖੁੱਲ੍ਹੀ ਰੱਖਣ ਦੇ ਸਾਰੇ ਬੰਦੋਬਸਤ ਕੀਤੇ। ਬੈਠਣ ਲਈ ਵੀ ਆਰਾਮਦੇਹ ਪ੍ਰਬੰਧ ਕੀਤਾ। ਬੀਤੇ ਅਕਤੂਬਰ ਮਹੀਨੇ ਹਰਿਆਣਾ ਲੇਖਕ ਮੰਚ ਦੇ ਕੁਰੂਕਸ਼ੇਤਰ ਵਿਚ ਹੋਏ ਦੂਜੇ ਸਾਲਾਨਾ ਇਜਲਾਸ ਵਿਚ ਡਾ. ਰਵਿੰਦਰ ਗਾਸੋ ਨੇ ਲਾਇਬ੍ਰੇਰੀ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਭਰ ਤੋਂ ਆਏ ਸਾਰੇ ਲੇਖਕਾਂ ਨੂੰ ਸੰਸਥਾ ਅਤੇ ਲਾਇਬ੍ਰੇਰੀ ਵਿਚ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਚਲਾਉਣ ਲਈ ਵਸੀਲਿਆਂ ਦੀ ਕਮੀ ਨਾ ਆਉਣ ਦੇਣ ਵਾਸਤੇ ਯੋਗਦਾਨ ਲਈ 150 ਦੇ ਕਰੀਬ ਲੇਖਕ ਤੇ ਅਧਿਆਪਕ ਤਿਆਰ ਹੋਏ ਹਨ ਜਿਹੜੇ ਹਰ ਮਹੀਨੇ 100 ਰੁਪਏ ਦੇ ਕਰੀਬ ਮਾਲੀ ਸਹਿਯੋਗ ਦੇ ਰਹੇ ਹਨ। ਇਸ ਦੌਰ ਵਿਚ ਲਾਇਬ੍ਰੇਰੀ ਦੇ ਸੰਚਾਲਨ ਲਈ ਲੇਖਕਾਂ ਨੂੰ ਇਕਜੁੱਟ ਕਰਨਾ ਰਵਿੰਦਰ ਗਾਸੋ ਦੀ ਜਥੇਬੰਦਕ ਕੁਸ਼ਲਤਾ ਦੀ ਮਿਸਾਲ ਹੈ। ਉਹ ਜ਼ਿੰਦਾਦਿਲ ਸ਼ਖ਼ਸ ਸਨ ਜਿਸ ਨੂੰ ਵੀ ਮਿਲਦੇ ਆਪਣਾ ਬਣਾ ਲੈਂਦੇ। ਉਨ੍ਹਾਂ ਦਾ ਹਸਮੁੱਖ ਚਿਹਰਾ ਅਤੇ ਬਿਨਾਂ ਝਿਜਕ ਦੂਜਿਆਂ ਨੂੰ ਗਲਵੱਕੜੀ ਪਾ ਲੈਣ ਦਾ ਅੰਦਾਜ਼ ਕੋਈ ਇਕ ਵਾਰ ਵੀ ਉਨ੍ਹਾਂ ਨੂੰ ਮਿਲਿਆ ਸ਼ਖ਼ਸ ਕਦੇ ਨਹੀਂ ਭੁਲਾ ਸਕਦਾ।
ਰਵਿੰਦਰ ਗਾਸੋ ਸ਼ਾਇਦ ਅਜਿਹੇ ਇਕੱਲੇ ਲੇਖਕ ਸਨ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਉਤੇ ਹਿੰਦੀ ਵਿਚ ਮੌਲਿਕ ਰਚਨਾ ਕੀਤੀ। ਉਨ੍ਹਾਂ ‘ਗੁਰੂ ਨਾਨਕ ਕ੍ਰਿਤ ਜਪੁਜੀ ਸਾਹਿਬ: ਏਕ ਅਧਿਐਨ’, ‘ਗੁਰੂ ਨਾਨਕ ਕ੍ਰਿਤ ਆਸਾ ਦੀ ਵਾਰ: ਏਕ ਅਧਿਐਨ’, ‘ਗੁਰੂ ਨਾਨਕ ਦੇਵ ਜੀ: ਵਿਅਕਤੀਤਵ ਔਰ ਵਿਚਾਰਧਾਰਾ’ ਸਿਰਲੇਖ ਵਾਲੀਆਂ ਮੌਲਿਕ ਕਿਤਾਬਾਂ ਲਿਖੀਆਂ। ਇਸ ਤੋਂ ਇਲਾਵਾ ‘ਗੁਰੂ ਨਾਨਕ ਵਾਣੀ: ਵਿਵਿਧ ਆਯਾਮ’ ਦਾ ਸੰਪਾਦਨ ਕੀਤਾ। ਬੀਤੀ 31 ਜੁਲਾਈ ਨੂੰ ਦੇਸ ਹਰਿਆਣਾ ਅਤੇ ਸਵਤੰਤਰਤਾ ਸਮਤਾ ਬੰਧੁਤਾ ਮਿਸ਼ਨ ਵੱਲੋਂ ਕਰਵਾਈ ਕੁਰੂਕਸ਼ੇਤਰ ਇਤਿਹਾਸਕ ਸਥਲ ਯਾਤਰਾ ਵਿਚ ਉਨ੍ਹਾਂ ਸਰਗਰਮੀ ਨਾਲ ਹਿੱਸਾ ਲੈਂਦਿਆਂ ਪਹਿਲੀ ਪਾਤਿਸ਼ਾਹੀ ਗੁਰਦੁਆਰਾ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਉਤੇ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਜਨ ਸੰਵਾਦ ਅਤੇ ਬਿਹਤਰ ਸਮਾਜ ਦੇ ਨਿਰਮਾਣ ਲਈ ਲੋਕਾਂ ਦੀ ਚੇਤਨਾ ਨੂੰ ਤਿਆਰ ਕਰਨ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਸਾਰ ਹੈ। ਉਨ੍ਹਾਂ ਦੀ ਗੁਰੂ ਸਾਹਿਬ ਦੇ ਜੀਵਨ ਤੇ ਬਾਣੀ ਬਾਰੇ ਹੋਰ ਕਾਰਜ ਕਰਨ ਦੀ ਵੀ ਯੋਜਨਾ ਸੀ। ਉਹ ਜਨਵਾਦੀ ਲੇਖਕ ਸੰਘ ਦੇ ਆਗੂ ਸਨ। ਉਨ੍ਹਾਂ ‘ਜਤਨ’ ਰਸਾਲੇ ਦਾ ਸੰਪਾਦਨ ਕੀਤਾ। ਉਹ ਡਾ. ਓਮ ਪ੍ਰਕਾਸ਼ ਗਰੇਵਾਲ ਅਧਿਐਨ ਸੰਸਥਾ ਵੱਲੋਂ ਕਰਵਾਏ ਵਿਸ਼ੇਸ਼ ਭਾਸ਼ਣਾਂ ਨੂੰ ਸੰਪਾਦਿਤ ਕਰ ਕੇ ਕਿਤਾਬ ਰੂਪ ਵਿਚ ਲੋਕਾਂ ਤੱਕ ਪਹੁੰਚਾਉਣ ਦੇ ਵੀ ਚਾਹਵਾਨ ਸਨ।
ਉਨ੍ਹਾਂ ਨੌਜਵਾਨਾਂ ਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ। ਹਰਿਆਣਾ ਦਿਵਸ ਮੌਕੇ ਸੰਸਥਾ ਵਿਚ ਕਰਵਾਏ ਕਵੀ ਸੰਮੇਲਨ ਵਿਚ ਇਨ੍ਹਾਂ ਸਤਰਾਂ ਦੇ ਲੇਖਕ ਨੇ ਵੀ ਹਿੱਸਾ ਲਿਆ ਜਿਸ ਦੌਰਾਨ ਨਵੇਂ ਅਤੇ ਸਥਾਪਤ ਕਵੀਆਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਡਾ. ਗਾਸੋ ਨੇ ਕਵੀਆਂ ਵੱਲੋਂ ਪੇਸ਼ ਕਵਿਤਾਵਾਂ ਉਤੇ ਟਿੱਪਣੀਆਂ ਕੀਤੀਆਂ। ਨਵੇਂ ਰਚਨਾਕਾਰਾਂ ਨੂੰ ਆਪਣੀਆਂ ਰਚਨਾਵਾਂ ਨੂੰ ਕਿਤਾਬ ਰੂਪ ਵਿਚ ਛਪਵਾ ਕੇ ਪ੍ਰਕਾਸ਼ਿਤ ਕਰਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਅਜਿਹੇ ਸਮਾਗਮ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਲਾਇਬ੍ਰੇਰੀ ਵਿਚ ਰੱਖੀਆਂ ਕਿਤਾਬਾਂ ਅਤੇ ਪੁਰਾਣੇ ਰਸਾਲਿਆਂ ਨੂੰ ਪੜ੍ਹਨ ਲਈ ਪ੍ਰੇਰਿਆ। ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਦਾ ਮਨ ਕਰਦਾ ਹੈ ਕਿ ਉਹ ਕਿਤਾਬਾਂ ਵਿਚ ਡੁੱਬ ਜਾਣ। ਇਨਸਾਨੀਅਤ ਨੂੰ ਕਿਤਾਬਾਂ ਹੀ ਬਚਾ ਸਕਦੀਆਂ ਹਨ ਪਰ ਅੱਜ ਲੋਕ ਕਿਤਾਬਾਂ ਤੋਂ ਦੂਰ ਜਾ ਰਹੇ ਹਨ। ਉਮੀਦਾਂ ਨਾਲ ਲਬਰੇਜ਼ ਰਵਿੰਦਰ ਗਾਸੋ ਦੇ ਮਨ ਵਿਚ ਬਹੁਤ ਯੋਜਨਾਵਾਂ ਸਨ ਪਰ ਉਹ ਯੋਜਨਾਵਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਉਹ 58 ਸਾਲਾਂ ਦੀ ਉਮਰ ਵਿਚ ਹੀ ਲੰਮੀਆਂ ਵਾਟਾਂ ਦੇ ਪਾਂਧੀ ਹੋ ਗਏ। ਉਨ੍ਹਾਂ ਦੇ ਦੋਸਤਾਂ ਤੇ ਵਿਦਿਆਰਥੀਆਂ ਦੀ ਲੰਮੀ ਕਤਾਰ ਹੈ ਜਿਨ੍ਹਾਂ ਨੂੰ ਅੱਜ ਵੀ ਯਕੀਨ ਨਹੀਂ ਹੋ ਰਿਹਾ ਕਿ ਡਾ. ਰਵਿੰਦਰ ਗਾਸੋ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ। ਉਨ੍ਹਾਂ ਦੇ ਦੋਸਤਾਂ ਦਾ ਸੰਕਲਪ ਹੈ ਕਿ ਉਹ ਉਨ੍ਹਾਂ ਦੇ ਕੰਮ ਨੂੰ ਅੱਗੇ ਵਧਾਉਣਗੇ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣਗੇ।
*ਹਿੰਦੀ ਪ੍ਰਾਧਿਆਪਕ ਤੇ ਲੇਖਕ।
ਸੰਪਰਕ: 94662-20145