For the best experience, open
https://m.punjabitribuneonline.com
on your mobile browser.
Advertisement

ਭਾਰਤ ਦੇ ਇਕ ਫ਼ੀਸਦ ਧਨਾਢਾਂ ਕੋਲ 40 ਫ਼ੀਸਦ ਦੌਲਤ

06:53 AM Mar 21, 2024 IST
ਭਾਰਤ ਦੇ ਇਕ ਫ਼ੀਸਦ ਧਨਾਢਾਂ ਕੋਲ 40 ਫ਼ੀਸਦ ਦੌਲਤ
Advertisement

* ਦਿ ਵਰਲਡ ਇਨਇਕੁਐਲਿਟੀ ਲੈਬ ਵੱਲੋਂ ਕੀਤੇ ਗਏ ਅਧਿਐਨ ’ਚ ਹੋਇਆ ਖੁਲਾਸਾ

Advertisement

ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 20 ਮਾਰਚ
ਇਕ ਕੌਮਾਂਤਰੀ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੌਮਾਂਤਰੀ ਮਾਪਦੰਡਾਂ ਦੇ ਮੁਕਾਬਲੇ ਭਾਰਤ ਵਿਚ ਆਰਥਿਕ ਨਾਬਰਾਬਰੀ ਆਪਣੇ ਸਿਖਰ ’ਤੇ ਹੈ। ਇਹ ਦੱਖਣੀ ਅਫਰੀਕਾ, ਬ੍ਰਾਜ਼ੀਲ ਤੇ ਅਮਰੀਕਾ ਤੋਂ ਵੀ ਵੱਧ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2022-23 ਵਿਚ ਦੇਸ਼ ਦੀ ਸਭ ਤੋਂ ਅਮੀਰ ਇਕ ਫੀਸਦ ਆਬਾਦੀ ਦੀ ਕੌਮੀ ਆਮਦਨ ਵਿਚ ਹਿੱਸੇਦਾਰੀ ਵਧ ਕੇ 22.6 ਫੀਸਦ ਹੋ ਗਈ ਹੈ। ਉਧਰ ਧਨ ਸੰਪਤੀ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧ ਕੇ 40.1 ਫੀਸਦ ਹੋ ਗਈ ਹੈ। ਇਹ ਅੰਕੜਾ 1922 ਮਗਰੋਂ ਦਰਜ ਸਿਖਰਲਾ ਪੱਧਰ ਹੈ। ਦਿ ਵਰਲਡ ਇਨਇਕੁਐਲਿਟੀ ਲੈਬ ਵੱਲੋਂ ਭਾਰਤ ਵਿਚ ਨਾਬਰਾਬਰੀ ਦੀ ਇਕ ਸਦੀ ਲੰਮੀ ਜਾਂਚ ਤੋਂ ਇਹ ਸਿੱਟਾ ਕੱਢਿਆ ਗਿਆ ਹੈ। ‘ਭਾਰਤ ਵਿਚ ਆਮਦਨ ਤੇ ਧਨ-ਸੰਪਤੀ ਨਾਬਰਾਬਰੀ 1922-2023: ਅਰਬਪਤੀ ਰਾਜ ਦਾ ਉਭਾਰ’ ਸਿਰਲੇਖ ਵਾਲੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਦੇਸ਼ ਆਜ਼ਾਦੀ ਤੋਂ ਬਾਅਦ ਦੇ ਅਰਸੇ ਵਿਚ ਨਾਬਰਾਬਰੀ ਘਟ ਗਈ ਸੀ, ਪਰ 1980 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਹ ਵਧਣੀ ਸ਼ੁਰੂ ਹੋ ਗਈ ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਅਸਮਾਨੀ ਚੜ੍ਹ ਗਈ। ਇਹ ਨਾਬਰਾਬਰੀ 2022-23 ਵਿਚ ਸਿਖਰ ’ਤੇ ਪਹੁੰਚ ਗਈ। ਇਹ ਰਿਪੋਰਟ ਥੌਮਸ ਪਿਕੈੱਟੀ (ਪੈਰਿਸ ਸਕੂਲ ਆਫ਼ ਇਕਨਾਮਿਕਸ ਐਂਡ ਵਰਲਡ ਇਨਇਕੁਐਲਿਟੀ ਲੈਬ) ਤੇ ਨਿਤਿਨ ਕੁਮਾਰ ਭਾਰਤੀ (ਨਿਊਯਾਰਕ ਯੂਨੀਵਰਸਿਟੀ ਅਤੇ ਵਰਲਡ ਇਨਇਕੁਐਲਿਟੀ ਲੈਬ) ਵੱਲੋਂ ਤਿਆਰ ਕੀਤੀ ਗਈ ਹੈ।ਖੱਬੇ-ਪੱਖੀਆਂ ਵੱਲ ਝੁਕਾਅ ਰੱਖਣ ਵਾਲੇ ਚਾਰ ਅਰਥਸ਼ਾਸਤਰੀਆਂ ਦੇ ਇਸ ਪੇਪਰ ਵਿਚ ਲਿਖਿਆ ਗਿਆ ਹੈ ਕਿ ਭਾਰਤ ਦੇ ਆਧੁਨਿਕ ਪੂੰਜੀਪਤੀ ਵਰਗ ਦੀ ਅਗਵਾਈ ਵਾਲਾ ‘ਅਰਬਪਤੀ ਰਾਜ’ ਹੁਣ ਉਪਨਿਵੇਸ਼ਵਾਦੀ ਤਾਕਤਾਂ ਦੀ ਅਗਵਾਈ ਵਾਲੇ ਬ੍ਰਿਟਿਸ਼ ਰਾਜ ਦੀ ਤੁਲਨਾ ਵਿਚ ਵਧੇਰੇ ਅਸਮਾਨ ਹੈ। ਉਂਜ ਇਹ ਸਪਸ਼ਟ ਨਹੀਂ ਹੈ ਕਿ ਇਸ ਤਰ੍ਹਾਂ ਦੀ ਨਾਬਰਾਬਰੀ ਦਾ ਪੱਧਰ ਵੱਡੇ ਸਮਾਜਿਕ ਤੇ ਸਿਆਸੀ ਫੇਰਬਦਲ ਤੋਂ ਬਗੈਰ ਕਿੰਨੇ ਸਮੇਂ ਲਈ ਬਣਿਆ ਰਹਿ ਸਕਦਾ ਹੈ।

ਅਚਾਨਕ ਵਧੀ ਅਰਬਪਤੀਆਂ ਦੀ ਗਿਣਤੀ

ਰਿਪੋਰਟ ਵਿਚ ਫੋਰਬਸ ਅਰਬਪਤੀ ਦਰਜਾਬੰਦੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ 1 ਅਰਬ ਡਾਲਰ ਤੋਂ ਵੱਧ ਦੀ ਕੁੱਲ ਸੰਪਤੀ ਵਾਲੇ ਭਾਰਤੀਆਂ ਦੀ ਗਿਣਤੀ 1991 ਵਿਚ ਸਿਰਫ਼ ਇਕ ਸੀ, ਜੋ 2022 ਵਿਚ ਵਧ ਕੇ 162 ਹੋ ਗਈ। ਭਾਰਤ ਦੇ 10,000 ਸਭ ਤੋਂ ਅਮੀਰ ਵਿਅਕਤੀਆਂ ਕੋਲ ਔਸਤਨ 2260 ਕਰੋੜ ਰੁਪਏ ਦੀ ਧਨ ਸੰਪਤੀ ਹੈ, ਜੋ ਦੇਸ਼ ਦੀ ਔਸਤ ਦਾ 16,763 ਗੁਣਾ ਹੈ।

ਅਰਬਪਤੀਆਂ ’ਤੇ ਸੁਪਰ ਟੈਕਸ ਲਾਉਣ ਦਾ ਸੁਝਾਅ

ਰਿਪੋਰਟ ਤਿਆਰ ਕਰਨ ਵਾਲਿਆਂ ਨੇ ਅਰਬਪਤੀਆਂ ਨੂੰ ਸੁਪਰ ਟੈਕਸ ਲਾਉਣ ਦਾ ਸੁਝਾਅ ਦਿੱਤਾ ਹੈ। ਸਾਲ 2022-23 ਦੇ ਅੰਕੜਿਆਂ ਮੁਤਾਬਕ 167 ਸਭ ਤੋਂ ਧਨਾਢ ਭਾਰਤੀਆਂ ਦੀ ਸ਼ੁੱਧ ਸੰਪਤੀ ’ਤੇ 2 ਫੀਸਦ ਦਾ ਸੁਪਰ ਟੈਕਸ ਕੌਮੀ ਆਮਦਨ ਦੇ 0.5 ਫੀਸਦ ਦੇ ਬਰਾਬਰ ਮਾਲੀਆ ਦੇਵੇਗਾ। ਇਸ ਨਾਲ ਸਿੱਖਿਆ, ਸਿਹਤ, ਜਨਤਕ ਬੁਨਿਆਦੀ ਢਾਂਚਾ ਜਿਹੀਆਂ ਯੋਜਨਾਵਾਂ ਦੀ ਫੰਡਿੰਗ ਹੋ ਸਕੇਗੀ।

ਬਰਤਾਨਵੀ ਰਾਜ ਨਾਲੋਂ ਵਧੇਰੇ ਨਾਬਰਾਬਰੀ ਵਾਲਾ ਹੈ ਅੱਜ ਦਾ ਅਰਬਪਤੀ ਰਾਜ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਪਿਛਲੇ ਲਗਪਗ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਭਾਰਤ ਵਿਚ ਆਮਦਨ ਤੇ ਸੰਪਤੀ ਨੂੰ ਲੈ ਕੇ ਨਾਬਰਾਬਰੀ ਬਾਰੇ ਰਿਪੋਰਟ ਦੇ ਹਵਾਲੇ ਨਾਲ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਨਰਿੰਦਰ ਮੋਦੀ ਦਾ ਅਰਬਪਤੀ ਰਾਜ’ ਬਰਤਾਨਵੀ ਰਾਜ ਨਾਲੋਂ ਵੀ ਵੱਧ ਨਾਬਰਾਬਰੀ ਵਾਲਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਥੌਮਸ ਪਿਕੈੱਟੀ ਸਣੇ ਉੱਘੇ ਆਲਮੀ ਅਰਥਸ਼ਾਸਤਰੀਆਂ ਵੱਲੋਂ ਪ੍ਰਕਾਸ਼ਿਤ ਰਿਪੋਰਟ, ਜਿਸ ਦਾ ਸਿਰਲੇਖ ‘ਇਨਕਮ ਐਂਡ ਵੈਲਥ ਇਨਕੁਐਲਿਟੀ ਇਨ ਇੰਡੀਆ, 1922-2023: ਦਿ ਰਾਈਜ਼ ਆਫ ਦਿ ਬਿਲੀਅਨੇਅਰ ਰਾਜ’, ਵਿਚਲੀਆਂ ਲੱਭਤਾਂ ਬੇਹੱਦ ਫਿਕਰਮੰਦ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ, ‘ਮੁੱਕਦੀ ਗੱਲ ਇਹ ਹੈ ਕਿ ਨਰਿੰਦਰ ਮੋਦੀ ਦਾ ਬਿਲੀਅਨੇਅਰ ਰਾਜ, ਜਿਸ ਵਿਚ ਪ੍ਰਧਾਨ ਮੰਤਰੀ ਨੇ ਆਪਣੇ ਯਾਰਾਂ-ਦੋੋਸਤਾਂ ਨੂੰ ਰਿਆਇਤਾਂ ਦਿੱਤੀਆਂ ਤੇ ਚੋਣ ਪ੍ਰਚਾਰ ਲਈ ਆਪਣੀ ਪਾਰਟੀ ਦੇ ਖ਼ਜ਼ਾਨੇ ਭਰੇ, ਬਰਤਾਨਵੀ ਰਾਜ ਨਾਲੋਂ ਵੱਧ ਨਾਬਰਾਬਰੀ ਵਾਲਾ ਹੈ।’’ ਰਮੇਸ਼ ਨੇ ਕਿਹਾ ਕਿ ਭਾਰਤ ਦੇ ਸਿਖਰਲੇ 1 ਫੀਸਦ ਦਾ ਕੌਮੀ ਆਮਦਨ ਵਿਚਲੀ ਹਿੱਸੇਦਾਰੀ ਅੱਜ ਆਪਣੇ ਸਿਖਰਲੇ ਇਤਿਹਾਸਕ ਪੱਧਰ ’ਤੇ ਹੈ ਤੇ ਆਲਮੀ ਪੱਧਰ ’ਤੇ ਇਹ ਅੰਕੜਾ ਸਭ ਤੋਂ ਵੱਧ ਹੈ। ਕਾਂਗਰਸ ਆਗੂ ਨੇ ਕਿਹਾ ਕਿ 2014 ਤੋਂ 2023 ਦੇ ਅਰਸੇ ਦੌਰਾਨ ਨਾਬਰਾਬਰੀ ਨੇ ਸ਼ੂਟ ਵੱਟੀ, ਜੋ ‘ਦਸ ਸਾਲ ਅਨਿਆਂਏ ਕਾਲ’ ਨਾਲ ਸਬੰਧਤ ਹੈ ਤੇ ਮੋਦੀ ਸਰਕਾਰ ਦੀਆਂ ਨੀਤੀਆਂ, ਜੋ ਤਿੰਨ ਢੰਗ ਤਰੀਕਿਆਂ ਧਨਾਢਾਂ ਨੂੰ ਹੋਰ ਮਾਲਾਮਾਲ ਕਰਨਾ, ਗਰੀਬਾਂ ਨੂੰ ਕੰਗਾਲ ਕਰਨਾ ਤੇ ਡੇਟਾ ਲੁਕਾਉਣ ’ਤੇ ਅਧਾਰਿਤ ਹਨ; ਸਿੱਧੇ ਤੌਰ ’ਤੇ ਇਸ ਪੁੱਠੇ ਉਭਾਰ ਲਈ ਜ਼ਿੰਮੇਵਾਰ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×