‘ਇੱਕ ਰਾਸ਼ਟਰ-ਇੱਕ ਚੋਣ’ ਪ੍ਰਸਤਾਵ ਲਾਗੂ ਹੋਣਾ ਮੁਮਕਿਨ ਨਹੀਂ: ਅਸ਼ਵਨੀ ਕੁਮਾਰ
ਕੇਪੀ ਸਿੰਘ
ਗੁਰਦਾਸਪੁਰ, 28 ਸਤੰਬਰ
ਸਾਬਕਾ ਕੇਂਦਰੀ ਕਾਨੂੰਨ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ‘ਇੱਕ ਰਾਸ਼ਟਰ ਇੱਕ ਚੋਣ’ ਸਬੰਧੀ ਮੰਤਰੀ ਮੰਡਲ ਵਿੱਚ ਪ੍ਰਸਤਾਵ ਮਨਜ਼ੂਰ ਹੋ ਚੁੱਕਿਆ ਹੈ। ਭਾਵੇਂ ਇਸ ਦੇ ਕਈ ਲਾਭ ਹਨ ਪਰ ਅੱਜ ਦੇ ਸਿਆਸੀ ਹਾਲਾਤ ਵਿੱਚ ਵਿਰੋਧੀਆਂ ਅਤੇ ਸੱਤਾਧਾਰੀ ਪਾਰਟੀ ਵਿੱਚ ਮੱਤਭੇਦ ਹਨ, ਇਸ ਲਈ ਇਸ ਪ੍ਰਸਤਾਵ ਦਾ ਲਾਗੂ ਹੋਣਾ ਮੁਮਕਿਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਕਈ ਸੰਵਿਧਾਨਕ ਸੋਧਾਂ ਜ਼ਰੂਰੀ ਹਨ ਜੋ ਵਿਰੋਧੀਆਂ ਦੇ ਸਮਰਥਨ ਬਿਨਾਂ ਸੰਭਵ ਨਹੀਂ।
ਹਰਿਆਣਾ ਵਿਧਾਨ ਸਭਾ ਚੋਣਾਂ ਬਾਰੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਕਾਂਗਰਸ-ਭਾਜਪਾ ਦੀ ਸਿੱਧੀ ਟੱਕਰ ਵਿੱਚ ਜੇ ਕਾਂਗਰਸ ਜੇਤੂ ਹੋ ਨਿਕਲਦੀ ਹੈ ਤਾਂ ਇਸ ਦਾ ਸਿੱਧਾ ਸੰਦੇਸ਼ ਹੋਵੇਗਾ ਕਿ ਉੱਤਰੀ ਭਾਰਤ ਵਿੱਚ ਭਾਜਪਾ ਦੀ ਸਾਖ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹਰਿਆਣਾ ਦੇ ਲੋਕਾਂ ਨੇ ਬਦਲਾਅ ਦਾ ਮਨ ਬਣਾ ਲਿਆ ਹੈ। ਇਸ ਦਾ ਕਾਰਨ ਭੁਪਿੰਦਰ ਸਿੰਘ ਹੁੱਡਾ ਵਰਗਾ ਤਾਕਤਵਰ ਨੇਤਾ ਹੈ। ਰਾਹੁਲ ਗਾਂਧੀ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦਾ ਸਮਰਥਨ ਮਿਲਿਆ ਹੈ।