For the best experience, open
https://m.punjabitribuneonline.com
on your mobile browser.
Advertisement

ਜ਼ਮੀਨਾਂ ਦੀ ਕਾਣੀ ਵੰਡ ਖ਼ਿਲਾਫ਼ ਕੀਤੇ ਜਾ ਰਹੇ ਮਾਰਚ ਦਾ ਇੱਕ ਮਹੀਨਾ ਪੂਰਾ

07:31 AM Sep 22, 2024 IST
ਜ਼ਮੀਨਾਂ ਦੀ ਕਾਣੀ ਵੰਡ ਖ਼ਿਲਾਫ਼ ਕੀਤੇ ਜਾ ਰਹੇ ਮਾਰਚ ਦਾ ਇੱਕ ਮਹੀਨਾ ਪੂਰਾ
ਪਿੰਡ ਮੰਡਵੀਂ ਵਿੱਚ ਸੰਘਰਸ਼ ਕਮੇਟੀ ਦੇ ਆਗੂਆਂ ਦਾ ਸਵਾਗਤ ਕਰਦੇ ਹੋਏ ਲੋਕ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜ਼ਮੀਨ ਦੀ ਕਾਣੀ ਵੰਡ ਖ਼ਿਲਾਫ਼ ਘੋਲ ਨੂੰ ਤੇਜ਼ ਕਰਨ ਲਈ ਕਰੀਬ ਇੱਕ ਮਹੀਨੇ ਤੋਂ ਲੋਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਤੋਲੇਵਾਲ ਤੋਂ 20 ਅਗਸਤ ਨੂੰ ਸ਼ੁਰੂ ਹੋਇਆ ਦਲਿਤ ਮੁਕਤੀ ਮਾਰਚ ਦਾ ਕਾਫ਼ਲਾ ਹੁਣ ਤੱਕ ਨਾਭਾ, ਪਟਿਆਲਾ ਦਿਹਾਤੀ, ਸਨੌਰ, ਘਨੌਰ, ਪਟਿਆਲਾ, ਸਮਾਣਾ, ਭਵਾਨੀਗੜ੍ਹ ਅਤੇ ਦਿੜ੍ਹਬਾ ਸਬ-ਡਿਵੀਜ਼ਨਾਂ ਦੇ ਪਿੰਡਾਂ ’ਚੋਂ ਹੁੰਦਾ ਹੋਇਆ ਬੀਤੀ ਰਾਤ ਸਬ-ਡਿਵੀਜ਼ਨ ਮੂਨਕ ਦੇ ਪਿੰਡ ਮੰਡਵੀਂ ਪੁੱਜਿਆ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਬੌੜਾ ਨੇ ਕਿਹਾ ਕਿ ਭਾਵੇਂ ਦੇਸ਼ ਅੰਦਰ ਦੋ ਵਾਰ ਭੂਮੀ ਸੁਧਾਰ ਹੋਏ ਅਤੇ ਕਾਨੂੰਨ ਬਣਾਏ ਗਏ ਪਰ ਉਨ੍ਹਾਂ ਕਾਨੂੰਨਾਂ ਮੁਤਾਬਕ ਜ਼ਮੀਨ ਦੀ ਵੰਡ ਬੇਜ਼ਮੀਨੇ ਲੋਕਾਂ ਵਿੱਚ ਕਰਨ ਦੀ ਬਜਾਇ ਜ਼ਮੀਨਾਂ ਵੱਡੇ ਭੂਮੀਪਤੀਆਂ ਨੇ ਆਪਣੇ ਕਬਜ਼ੇ ਹੇਠ ਹੀ ਰੱਖੀਆਂ ਹਨ। ਉਨਾਂ ਪੰਜਾਬ ਸਰਕਾਰ ’ਤੇ ਵਿਤਕਰੇ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਲੈਂਡ ਸੀਲਿੰਗ ਐਕਟ ਲਾਗੂ ਕਰ ਕੇ ਵਾਧੂ ਜ਼ਮੀਨਾਂ ਦਲਤਾਂ ਅਤੇ ਬੇਜ਼ਮੀਨੇ ਲੋਕਾਂ ਨੂੰ ਦੇਣ ਦੀ ਗੱਲ ਤਾਂ ਦੂਰ ਪੰਚਾਇਤੀ ਜ਼ਮੀਨਾਂ ਵਿੱਚੋਂ ਕਾਨੂੰਨ ਬਣਦਾ ਤੀਜਾ ਹਿੱਸਾ ਲੈਣ ਲਈ ਵੀ ਦਲਿਤਾਂ ਨੂੰ ਝੂਠੇ ਪਰਚੇ, ਜੇਲ੍ਹਾਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਦੇ ਮਾਰਚ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਹੁੰਦਿਆਂ ਲੋਕਾਂ ਦੀ ਭਾਸ਼ਾ ਵਿੱਚ ਫ਼ਰਕ ਨਜ਼ਰ ਆਇਆ, ਪਹਿਰਾਵਾ ਥੋੜ੍ਹਾ ਬਦਲਿਆ ਨਜ਼ਰ ਆਇਆ ਪਰ ਆਰਥਿਕ ਹਾਲਤ, ਘਰਾਂ ਦੀ ਹਾਲਤ ਇੱਕੋ ਜਿਹੀ ਹੈ। ਹਾਲਾਤ ਬਦਲਣ ਲਈ ਮਜ਼ਦੂਰ ਸਖ਼ਤ ਮਿਹਨਤਾਂ ਕਰਦੇ ਹਨ ਪਰ ਹਾਲਾਤ ਸੁਧਰਦੇ ਨਹੀਂ। ਉਨ੍ਹਾਂ ਕਿਹਾ ਕਿ ਜੇ ਜ਼ਮੀਨ ਦੀ ਕਾਣੀ ਵੰਡ ਖ਼ਤਮ ਕੀਤੀ ਜਾਵੇ ਜਾਤੀ, ਵਿਤਕਰੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਏ ਜਾਣ, ਮਜ਼ਦੂਰਾਂ ਕੋਲ ਪੱਕੇ ਘਰ ਹੋਣ, ਪੱਕਾ ਰੁਜ਼ਗਾਰ ਹੋਵੇ ਤਾਂ ਹਾਲਾਤ ਸੁਧਰ ਸਕਦੇ ਹਨ।
ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਲੋਕਾਂ ਨੂੰ ਆਪਣੇ ਹਾਲਾਤ ਬਦਲਣ ਲਈ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ ਦਿੱਤਾ। ਪਿੰਡਾਂ ਵਿੱਚ ਸ਼ੀਤਲ ਰੰਗ ਮੰਚ ਸ਼ੇਰਪੁਰ ਦੀ ਟੀਮ ਵੱਲੋਂ ਮਜ਼ਦੂਰਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦਾ ਨਾਟਕ ‘ਤੈਂ ਕੀ ਦਰਦ ਨਾ ਆਇਆ’ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਗੁਰਦਾਸ ਝਲੂਰ, ਜਸਵਿੰਦਰ ਮੰਡਵੀਂ, ਸੁਭਾਸ ਮੰਡਵੀਂ, ਨਾਥ, ਪ੍ਰੀਤਮ, ਦੇਵ, ਲੀਲਾ, ਹਰਬੰਸ ਦੇਹਲਾ, ਜਸ਼ਨਪ੍ਰੀਤ ਸਿੰਘ ਹਰੀਗੜ੍ਹ ਪਰਮਵੀਰ ਹਰੀਗੜ੍ਹ, ਜਸਵਿੰਦਰ ਸਿੰਘ ਹੇੜੀਕੇ, ਵੀਰਪਾਲ ਦੁੱਲੜ ਆਦਿ ਮੌਜੂਦ ਸਨ।

Advertisement

Advertisement
Advertisement
Author Image

sukhwinder singh

View all posts

Advertisement