ਪੁਰਾਣੇ ਮਾਡਲ ਦੀ ਕਾਰ ਵੇਚਣ ਵਾਲੀ ਕੰਪਨੀ ਨੂੰ ਇੱਕ ਲੱਖ ਰੁਪਏ ਹਰਜਾਨਾ
ਜਸਵੰਤ ਜੱਸ
ਫਰੀਦਕੋਟ, 8 ਅਕਤੂਬਰ
ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਇੱਕ ਖ਼ਪਤਕਾਰ ਨੂੰ ਪੁਰਾਣਾ ਮਾਡਲ ਕਾਰ ਵੇਚਣ ਦੇ ਦੋਸ਼ ਹੇਠ ਵਿੱਚ ਹੂੰਦਈ ਕਾਰ ਦੇ ਡੀਲਰ ਰਾਜਾ ਮੋਟਰਜ਼ ਨੂੰ ਲੱਖ ਰੁਪਏ ਹਰਜਾਨਾ ਭਰਨ ਦਾ ਹੁਕਮ ਦਿੱਤਾ ਹੈ। ਸੂਚਨਾ ਅਨੁਸਾਰ ਮਨਪ੍ਰੀਤ ਸਿੰਘ ਕਾਰ ਲੈਣ ਲਈ ਏਜੰਸੀ ਵਿੱਚ ਗਿਆ ਸੀ ਅਤੇ ਉਸ ਨੇ ਨਵੇਂ ਮਾਡਲ ਦੀ ਕਾਰ ਮੰਗੀ ਪ੍ਰੰਤੂ ਏਜੰਸੀ ਨੇ ਕਿਹਾ ਕਿ ਕਾਰ ਦਾ ਨਵਾਂ ਮਾਡਲ ਲੇਟ ਆਉਣਾ ਹੈ ਅਤੇ ਉਸ ਨੂੰ 2022 ਮਾਡਲ ਦੀ ਕਾਰ ਦੇ ਦਿੱਤੀ। ਕਾਰ ਵੇਚਣ ਤੋਂ ਇੱਕ ਮਹੀਨੇ ਬਾਅਦ ਹੀ ਕੰਪਨੀ ਨੇ ਕਾਰ ਦਾ ਨਵਾਂ ਮਾਡਲ ਜਾਰੀ ਕਰ ਦਿੱਤਾ। ਖ਼ਪਤਕਾਰ ਨੇ ਖਪਤਕਾਰ ਕਮਿਸ਼ਨ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਕਾਰ ਦੀ ਏਜੰਸੀ ਨੇ ਉਨ੍ਹਾਂ ਨੂੰ ਜਾਣ-ਬੁੱਝ ਕੇ ਗੁਮਮਰਾਹ ਕੀਤਾ ਹੈ ਅਤੇ ਪੁਰਾਣੇ ਮਾਡਲ ਦੀ ਕਾਰ ਦਿੱਤੀ ਹੈ। ਜੇਕਰ ਕੰਪਨੀ ਦੱਸਦੀ ਕਿ ਇੱਕ ਮਹੀਨੇ ਬਾਅਦ ਨਵਾਂ ਮਾਡਲ ਆਉਣਾ ਹੈ ਤਾਂ ਉਸ ਨੇ ਨਵੇਂ ਮਾਡਲ ਦੀ ਕਾਰ ਲੈਣੀ ਸੀ। ਖ਼ਪਤਕਾਰ ਕਮਿਸ਼ਨ ਨੇ ਸ਼ਿਕਾਇਤ ਕਰਤਾ ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਕਾਰ ਦੀ ਏਜੰਸੀ ਨੂੰ ਹੁਕਮ ਦਿੱਤਾ ਹੈ ਕਿ ਉਹ 75 ਹਜ਼ਾਰ ਰੁਪਏ ਕਾਰ ਪੁਰਾਣਾ ਮਾਡਲ ਦੇਣ ਦੇ ਮਾਮਲੇ ਵਿੱਚ ਖ਼ਪਤਕਾਰ ਨੂੰ ਅਦਾ ਕਰੇ ਅਤੇ ਇਸ ਦੇ ਨਾਲ ਹੀ ਉਸ ਨੂੰ ਪ੍ਰੇਸ਼ਾਨ ਕਰਨ ਬਦਲੇ 15000 ਰੁਪਏ ਮੁਆਵਜ਼ਾ ਦੇਵੇ ਅਤੇ ਕੇਸ ਉੱਪਰ ਆਏ ਖਰਚੇ ਵਜੋਂ ਖਪਤਕਾਰ ਨੂੰ 10 ਹਜ਼ਾਰ ਰੁਪਏ ਅਦਾ ਕਰੇ। ਇਸ ਦੇ ਨਾਲ ਹੀ ਏਜੰਸੀ ਨੂੰ 20 ਹਜ਼ਾਰ ਰੁਪਏ ਖਪਤਕਾਰ ਦੀ ਲੀਗਲ ਏਡ ਵਿੱਚ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਹੁਕਮਾਂ 45 ਦਿਨਾਂ ’ਚ ਤਾਮੀਲ ਕਰਨ ਦੀ ਹਦਾਇਤ ਹੈ।