For the best experience, open
https://m.punjabitribuneonline.com
on your mobile browser.
Advertisement

ਪਿੰਡ ਮਿੱਠੇਵਾਲ ਵਿੱਚ ਪਰਾਲੀ ਦੀਆਂ ਇੱਕ ਲੱਖ ਗੱਠਾਂ ਸੜੀਆਂ

08:41 AM Apr 26, 2024 IST
ਪਿੰਡ ਮਿੱਠੇਵਾਲ ਵਿੱਚ ਪਰਾਲੀ ਦੀਆਂ ਇੱਕ ਲੱਖ ਗੱਠਾਂ ਸੜੀਆਂ
ਮਾਛੀਵਾੜਾ ਦੇ ਪਿੰਡ ਮਿੱਠੇਵਾਲ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਹੋਈ ਅੱਗ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਅਪਰੈਲ
ਪਿੰਡ ਮਿੱਠੇਵਾਲ ਵਿੱਚ ਅੱਜ ਬਾਅਦ ਦੁਪਹਿਰ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਲੋਬਲ ਬਾਇਓ ਫਿਊਲ ਕੰਪਨੀ ਵੱਲੋਂ ਪਿਛਲੇ ਸੀਜ਼ਨ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਪਿੰਡ ਮਿੱਠੇਵਾਲ ਦੇ ਇੱਕ ਖੇਤ ਵਿਚ ਭੰਡਾਰ ਕੀਤੀਆਂ ਹੋਈਆਂ ਸਨ। ਅੱਜ ਅਚਾਨਕ ਉਨ੍ਹਾਂ ਨੂੰ ਅੱਗ ਲੱਗ ਗਈ ਜਿਸ ਕਾਰਨ ਲਗਪਗ 1 ਲੱਖ ਗੱਠ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਅੱਗ ਨੇ ਨੇੜੇ ਖੜੀ ਟਰੈਕਟਰ ਟਰਾਲੀ ਸਣੇ ਇੱਕ ਕਿਸਾਨ ਦੀ ਕਣਕ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਤੇ ਉਸ ਦੀ ਡੇਢ ਏਕੜ ਫਸਲ ਅੱਗ ਦੀ ਭੇਟ ਚੜ੍ਹ ਗਈ। ਆਸ ਪਾਸ ਦੇ ਕਿਸਾਨਾਂ ਨੇ ਮੁਸ਼ਕਿਲ ਨਾਲ ਆਪਣੀ ਫਸਲ ਨੂੰ ਬਚਾਇਆ। ਕੰਪਨੀ ਦੇ ਨੁਮਾਇੰਦੇ ਹੈਪੀ ਬਾਂਸਲ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਤਾਂ ਜਾਣਕਾਰੀ ਨਹੀਂ ਮਿਲ ਸਕੀ ਪਰ ਇਸ ਹਾਦਸੇ ਵਿਚ ਪਰਾਲੀ ਦੀਆਂ ਗੱਠਾਂ ਤੇ ਟਰਾਲੀ ਸੜ ਕੇ ਸੁਆਹ ਹੋ ਗਈ।
ਉਸ ਨੇ ਦੱਸਿਆ ਇਸ ਨਾਲ ਕੰਪਨੀ ਦਾ ਕਰੀਬ 45 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸਮਰਾਲਾ ਅਤੇ ਦੋਰਾਹਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਜੁਟੀਆਂ ਰਹੀਆਂ ਪਰ ਦੇਰ ਸ਼ਾਮ ਤੱਕ ਪਰਾਲੀ ਦੀਆਂ ਗੱਠਾਂ ਵਿਚੋਂ ਅੱਗ ਸੁਲਗਦੀ ਰਹੀ ਤੇ ਪਾਣੀ ਦੀਆਂ ਬੁਛਾੜਾਂ ਦੇ ਬਾਵਜੂਦ ਵੀ ਉਸ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ।

Advertisement

ਫਾਇਰ ਬ੍ਰਿਗੇਡ ਦੀ ਗੱਡੀ ਰਾਹ ਵਿਚ ਹੀ ਖਰਾਬ ਹੋ ਗਈ

ਮਾਛੀਵਾੜਾ ਇਲਾਕੇ ਵਿਚ ਅਚਨਚੇਤ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਇਹ ਅੱਗ ਬੁਝਾਊ ਗੱਡੀਆਂ ਸਮਰਾਲਾ ਜਾਂ ਦੋਰਾਹੇ ਤੋਂ ਆਉਂਦੀਆਂ ਹਨ। ਜਦੋਂ ਤੱਕ ਇਹ ਗੱਡੀਆਂ ਮਾਛੀਵਾੜਾ ਪਹੁੰਚਦੀਆਂ ਹਨ ਉਦੋਂ ਤੱਕ ਕਈ ਵਾਰ ਵੱਧ ਨੁਕਸਾਨ ਵੀ ਹੋ ਜਾਂਦਾ ਹੈ। ਅੱਜ ਜਦੋਂ ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਤਾਂ ਉਨ੍ਹਾਂ ਵਿਚੋਂ ਇੱਕ ਰਾਹ ਵਿਚ ਹੀ ਖਰਾਬ ਹੋ ਗਈ ਜਦਕਿ ਬਾਕੀ ਗੱਡੀਆਂ ਅੱਗ ਬੁਝਾਉਣ ਵਿਚ ਜੁਟੀਆਂ ਰਹੀਆਂ। ਗੱਡੀ ਖਰਾਬ ਹੋਣ ਬਾਰੇ ਫਾਇਰ ਅਫਸਰ ਸਮਰਾਲਾ ਨੇ ਦੱਸਿਆ ਕਿ ਇਸ ਬਾਰੇ ਤਾਂ ਡਰਾਇਵਰ ਹੀ ਦੱਸ ਸਕਦਾ ਹੈ।

ਪਿੰਡ ਭਰਥਲਾ ਵਿੱਚ ਕਣਕ ਤੇ ਨਾੜ ਨੂੰ ਅੱਗ ਲੱਗੀ

ਪਿੰਡ ਭਰਥਲਾ ਵਿੱਚ ਨਾੜ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ।

ਸਮਰਾਲਾ (ਡੀ.ਪੀ.ਐੱਸ ਬੱਤਰ): ਪਿੰਡ ਭਰਥਲਾ ਨੇੜੇ ਮੁੱਖ ਮਾਰਗ ’ਤੇ ਸਥਿਤ ਲਗਪਗ ਦੋ ਏਕੜ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ। ਅੱਗ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਕਰੀਬ 2 ਏਕੜ ਖੜ੍ਹੀ ਕਣਕ ਦੀ ਫ਼ਸਲ ਸੜ ਗਈ ਹੈ। ਇੱਕ ਹੋਰ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ 7-8 ਏਕੜ ਖੇਤ ’ਚ ਖੜ੍ਹਾ ਨਾੜ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਅੱਗ ਬੁਝਾਉਣ ਵਿਚ ਜੁਟੇ ਫਾਇਰ ਬ੍ਰਿਗੇਡ ਮੁਲਾਜ਼ਮ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ’ਤੇ ਕਾਬੂ ਪਾਉਣ ’ਚ ਕਾਫੀ ਮੁਸ਼ਕਤ ਕਰਨੀ ਪਈ ਅਤੇ ਕਰੀਬ ਦੋ ਘੰਟੇ ਬਾਅਦ ਹੀ ਅੱਗ ’ਤੇ ਕਾਬੂ ਪਾਇਆ ਗਿਆ। ਉਸ ਨੇ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਵੱਲੋਂ ਲੋਕਾਂ ਦੀ ਮਦਦ ਨਾਲ ਤੁਰੰਤ ਇਸ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਨਾਲ ਦਰਜਨਾਂ ਏਕੜ ਫਸਲ ਸੜ ਜਾਣੀ ਸੀ। ਇਸ ਦੌਰਾਨ ਅੱਗ ਦੀ ਚਪੇਟ ਵਿਚ ਆਏ ਖੇਤਾਂ ਦੇ ਬਿਲਕੁਲ ਨਾਲ ਲੱਗਦੇ ਸੇਂਟੀਨਲ ਇੰਟਰਨੈਸ਼ਨ ਸਕੂਲ ਤੱਕ ਅੱਗ ਦਾ ਧੂਆਂ ਪਹੁੰਚਣ ਤੋਂ ਬਾਅਦ ਕਿਸੇ ਵੀ ਅਣਸੁਖਾਵੀਂ ਘਟਨਾਂ ਦੇ ਡਰੋਂ ਸਕੂਲ ਪ੍ਰਬੰਧਕਾਂ ਨੇ ਤੁਰੰਤ ਸਕੂਲ ਵਿਚ ਛੁੱਟੀ ਕਰ ਦਿੱਤੀ।

Advertisement
Author Image

joginder kumar

View all posts

Advertisement
Advertisement
×