ਬਠਿੰਡਾ-ਜ਼ੀਰਕਪੁਰ ਮਾਰਗ ’ਤੇ ਹਾਦਸਿਆਂ ’ਚ ਇਕ ਹਲਾਕ, ਤਿੰਨ ਜ਼ਖ਼ਮੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਨਵੰਬਰ
ਇੱਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਅਤੇ ਇਕ ਜਣੇ ਦੀ ਮੌਤ ਹੋ ਗਈ। ਇੱਥੇ ਥਾਣੇ ਵਿੱਚ ਜਗਦੇਵ ਸਿੰਘ ਵਾਸੀ ਬਲਿਆਲ ਨੇ ਸ਼ਿਕਾਇਤ ਲਿਖਾਈ ਕਿ ਉਸ ਦਾ ਭਰਾ ਲਾਲ ਸਿੰਘ ਆਪਣੇ ਮੋਟਰਸਾਈਕਲ ਰਾਹੀਂ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ’ਤੇ ਭਵਾਨੀਗੜ੍ਹ ਤੋਂ ਨਦਾਮਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਆਪਣਾ ਮੋਟਰਸਾਈਕਲ ਪਿੰਡ ਹਰਦਿੱਤਪੁਰਾ ਦੇ ਕੱਟ ਤੋਂ ਨਦਾਮਪੁਰ ਵੱਲ ਨੂੰ ਮੋੜਨ ਲੱਗਾ ਤਾਂ ਪਿੱਛੋਂ ਆ ਰਹੀ ਸਕੌਡਾ ਕਾਰ ਨੇ ਉਸ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਲਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਆਪਣੇ ਭਰਾ ਨੂੰ ਪ੍ਰਮਜੀਤ ਸ਼ਰਮਾ ਦੀ ਮਦਦ ਨਾਲ ਸਿਵਲ ਹਸਪਤਾਲ ਭਵਾਨੀਗੜ੍ਹ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਲਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਇਸੇ ਤਰ੍ਹਾਂ ਇਕ ਪ੍ਰਾਈਵੇਟ ਸਕੂਲ ਦੀ ਕੋਚ ਪਵਨਦੀਪ ਕੌਰ ਵਾਸੀ ਸੰਗਰੂਰ ਆਪਣੀ ਕਾਰ ਰਾਹੀਂ ਬੱਚਿਆਂ ਅਤੇ ਮਾਪਿਆਂ ਨੂੰ ਮੁਹਾਲੀ ਖੇਡਾਂ ਲਈ ਲੈ ਕੇ ਜਾ ਰਹੀ ਸੀ। ਜਦੋਂ ਉਨ੍ਹਾਂ ਦੀ ਕਾਰ ਕੌਮੀ ਮਾਰਗ ਤੇ ਸਥਿੱਤ ਪਿੰਡ ਚੰਨੋਂ ਦੇ ਕੱਟ ਤੇ ਪਹੁੰਚੀ ਤਾਂ ਅੱਗੇ ਜਾ ਰਹੇ ਵਾਹਨ ਨੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਕਾਰਨ ਉਸ ਨੇ ਵੀ ਕਾਰ ਦੀਆਂ ਬਰੇਕਾਂ ਲਗਾ ਦਿੱਤੀਆਂ। ਇਸੇ ਦੌਰਾਨ ਪਿੱਛੋਂ ਆ ਰਹੇ ਇਕ ਕੈਂਟਰ ਨੇ ਉਸ ਦੀ ਕਾਰ ਵਿੱਚ ਟੱਕਰ ਮਾਰੀ। ਜਿਸ ਕਾਰਨ ਕਾਰ ਅਗਲੇ ਵਾਹਨ ਨਾਲ ਟਕਰਾ ਗਈ। ਹਾਦਸੇ ਵਿੱਚ ਉਸ ਦੇ ਕਾਫ਼ੀ ਸੱਟਾਂ ਵੱਜੀਆਂ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਚਿਆਂ ਤੇ ਮਾਪਿਆਂ ਦਾ ਬਚਾਅ ਹੋ ਗਿਆ। ਮੁੱਖ ਮਾਰਗ ’ਤੇ ਹੀ ਤੀਜੇ ਹਾਦਸੇ ਦੌਰਾਨ ਇਕ ਪੀਆਰਟੀਸੀ ਦੀ ਬੱਸ ਪਿੰਡ ਰੋਸ਼ਨਵਾਲਾ ਨੇੜੇ ਕੱਟ ’ਤੇ ਯੂ-ਟਰਨ ਕਰ ਰਹੀ ਭੂੰਗ ਵਾਲੀ ਟਰੈਕਟਰ ਟਰਾਲੀ ਨਾਲ ਟਕਰਾ ਗਈ ਜਿਸ ਕਾਰਨ ਬਲਵੀਰ ਸਿੰਘ ਵਾਸੀ ਸਮਾਣਾ ਸਮੇਤ ਕੁੱਝ ਹੋਰ ਸਵਾਰੀਆਂ ਦੇ ਸੱਟਾਂ ਵੱਜੀਆਂ। ਪੁਲੀਸ ਨੇ ਸ਼ਿਕਾਇਤ ਕਰਤਾਵਾਂ ਦੇ ਬਿਆਨਾਂ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਹਾਦਸੇ ਵਿੱਚ ਨੌਜਵਾਨ ਹਲਾਕ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿੰਡ ਲਹਿਲ ਖੁਰਦ ਵਿੱਚ ਦੋ ਵਾਹਨਾਂ ਵਿਚਾਲੇ ਟੱਕਰ ਵਿੱਚ ਇਕ ਨੌਜਵਾਨ ਅਮਰੀਕ ਸਿੰਘ (28) ਹਲਾਕ ਹੋ ਗਿਆ। ਸਿਟੀ ਪੁਲੀਸ ਥਾਣੇ ਵਿੱਚ ਮੱਖਣ ਸਿੰਘ ਪੁੱਤਰ ਬਚਨ ਸਿੰਘ ਵਾਸੀ ਧਾਲੀਵਾਲ ਬਾਸ ਜਖੇਪਲ ਥਾਣਾ ਧਰਮਗੜ੍ਹ ਨੇ ਦੱਸਿਆ ਕਿ ਮੱਖਣ ਸਿੰਘ ਆਪਣੇ ਲੜਕੇ ਅਮਰੀਕ ਸਿੰਘ ਨਾਲ ਆਪਣੀ ਲੜਕੀ ਸੀਰਤ ਕੌਰ ਦੇ ਸਹੁਰੇ ਪਿੰਡ ਖੰਡੇਬਾਦ ਤੋਂ ਵੱਖ-ਵੱਖ ਮੋਟਰਸਾਇਕਲਾਂ ’ਤੇ ਆਪਣੇ ਪਿੰਡ ਜਖੇਪਲ ਜਾ ਰਹੇ ਸਨ ਅਤੇ ਜਦੋਂ ਉਹ ਪਿੰਡ ਲਹਿਲ ਖੁਰਦ ਪੁੱਜੇ ਤਾਂ ਇਕ ਅਣਪਛਾਤੇ ਵਾਹਨ ਦੇ ਚਾਲਕ ਨੇ ਅਮਰੀਕ ਸਿੰਘ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਸੜਕ ’ਤੇ ਪਰ ਡਿੱਗ ਗਏ ਅਤੇ ਅਮਰੀਕ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਿਟੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।