ਸੜਕ ਹਾਦਸੇ ਵਿੱਚ ਹਲਾਕ, ਇੱਕ ਜ਼ਖ਼ਮੀ
ਗੁਰਬਖਸ਼ਪੁਰੀ
ਤਰਨ ਤਾਰਨ, 17 ਸਤੰਬਰ
ਇੱਥੇ ਕੌਮੀ ਮਾਰਗ-54 ’ਤੇ ਪਿੰਡ ਨੌਸ਼ਹਿਰਾ ਪੰਨੂਆਂ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠਿਆ ਇਕ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਵਾਪਰੇ ਹਾਦਸੇ ਵਿੱਚ ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ (37) ਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ ਤੇ ਉਸ ਦੇ ਜ਼ਖ਼ਮੀ ਹੋਏ ਭਰਾ ਬਰਕਤ ਸਿੰਘ ਨੂੰ ਤਰਨ ਤਾਰਨ ਤੋਂ ਡਾਕਟਰਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਹੈ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਬੀਤੇ ਕੱਲ੍ਹ ਗੁਰਦੁਆਰਾ ਬਾਬਾ ਬੁੱਢਾ ਸਾਹਿਬ, ਠੱਠਾ ਤੋਂ ਮੱਥਾ ਟੇਕਣ ਉਪਰੰਤ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਆ ਰਹੇ ਸਨ| ਕੌਮੀ ਸ਼ਾਹ ਮਾਰਗ ਤੋਂ ਪਿੰਡ ਨੂੰ ਮੁੜਨ ਲੱਗਿਆਂ ਸਾਹਮਣੇ ਤੋਂ ਆਉਂਦੀ ਇਕ ਤੇਜ਼ ਰਫਤਾਰ ਕਾਰ ਕਰੇਟਾ ਨੰਬਰ ਪੀਬੀ-46, ਏਸੀ-0825 ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ| ਉਹ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਜਤਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਬਰਕਤ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ| ਬਰਕਤ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਪੁਲੀਸ ਨੇ ਦੱਸਿਆ ਕਿ ਹਾਦਸੇ ਦੇ ਜ਼ਿੰਮੇਵਾਰ ਕਾਰ ਚਾਲਕ ਦੀ ਪਛਾਣ ਸਵਰਾਜ ਸਿੰਘ ਵਾਸੀ ਰੈਸ਼ਿਆਨਾ (ਤਰਨ ਤਾਰਨ) ਦੇ ਤੌਰ ’ਤੇ ਹੋਈ ਹੈ ਜਿਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ|
ਟਿੱਪਰ ਹੇਠ ਆਉਣ ਕਾਰਨ ਮਜ਼ਦੂਰ ਦੀ ਮੌਤ
ਜਲੰਧਰ (ਪੱਤਰ ਪ੍ਰੇਰਕ): ਰਾਮਾ ਮੰਡੀ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਕਾਕੀ ਪਿੰਡ ਚੌਕ ’ਚ ਤੇਜ਼ ਰਫ਼ਤਾਰ ਟਿੱਪਰ ਦੀ ਟੱਕਰ ਕਾਰਨ ਟਰੈਕਟਰ ਟਰਾਲੀ ਸਵਾਰ ਪਰਵਾਸੀ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਟਰੈਕਟਰ ਟਰਾਲੀ ਚਾਲਕ ਪਿੰਡ ਹਜ਼ਾਰਾ ਸਥਿਤ ਕਰਨ ਬਿਲਡਿੰਗ ਮੈਟੀਰੀਅਲ ਦੀ ਦੁਕਾਨ ’ਤੋਂ ਰੇਤੇ ਦੀ ਟਰਾਲੀ ਭਰ ਕੇ ਮਜ਼ਦੂਰ ਨਾਲ ਰਾਮਾ ਮੰਡੀ ਵਿਖੇ ਰੇਤਾ ਲਾਹੁਣ ਜਾ ਰਿਹਾ ਸੀ ਤਾਂ ਕਾਕੀ ਪਿੰਡ ਚੌਕ ’ਚ ਪਹੁੰਚਦਿਆਂ ਹੀ ਪਿਛੋਂ ਤੇਜ਼ ਰਫ਼ਤਾਰ ਆ ਰਹੇ ਟਿੱਪਰ ਦੀ ਟੱਕਰ ਕਾਰਨ ਟ੍ਰੈਕਟਰ ’ਤੇ ਬੈਠਾ ਮਜ਼ਦੂਰ ਥੱਲੇ ਡਿੱਗ ਪਿਆ ਅਤੇ ਟਿੱਪਰ ਦੇ ਪਿਛਲੇ ਟਾਇਰ ਹੇਠਾਂ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਚੌਕੀ ਦਕੋਹਾ ਏ.ਐਸ.ਆਈ ਬਲਵਿੰਦਰ ਕੁਮਾਰ ਵੱਲੋਂ ਲਾਸ਼ ਕਬਜ਼ੇ ’ਚ ਲੈ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਗਈ। ਐਸ.ਆਈ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਆਨੰਦ ਯਾਦਵ ਵਾਸੀ ਬਿਹਾਰ ਹਾਲ ਵਾਸੀ ਕਰਨ ਬਿਲਡਿੰਗ ਮੈਟੀਰੀਅਲ ਹਜ਼ਾਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਸੰਦੀਪ ਸਿੰਘ ਵਾਸੀ ਰਾਏਪੁਰ ਅਰਾਈਆਂ ਮੌਕੇ ਤੋਂ ਫ਼ਰਾਰ ਹੋ ਗਿਆ।