ਸੜਕ ਹਾਦਸਿਆਂ ਵਿੱਚ ਇਕ ਹਲਾਕ; ਤਿੰਨ ਜ਼ਖ਼ਮੀ
ਗਗਨਦੀਪ ਅਰੋੜਾ
ਲੁਧਿਆਣਾ, 27 ਜੁਲਾਈ
ਫਿਰੋਜ਼ਪੁਰ ਰੋਡ ’ਤੇ ਐਕਟਿਵਾ ਸਵਾਰ ਬਜ਼ੁਰਗ ਨੂੰ ਵੀਰਵਾਰ ਦੀ ਸਵੇਰੇ ਇੱਕ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਟੱਕਰ ਲੱਗਣ ਨਾਲ ਬਜ਼ੁਰਗ ਥੱਲੇ ਡਿੱਗ ਗਿਆ ਤਾਂ ਡਰਾਈਵਰ ਨੇ ਬੱਸ ਰੋਕਣ ਦੀ ਥਾਂ ਉਸ ਨੂੰ ਹੋਰ ਤੇਜ਼ੀ ਨਾਲ ਭਜਾ ਲਿਆ। ਉਹ ਬਜ਼ੁਰਗ ਨੂੰ ਖਿੱਚਦੀ ਹੋਈ ਕਰੀਬ 15 ਫੁੱਟ ਦੂਰ ਤੱਕ ਲੈ ਗਈ। ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ, ਨਾਲ ਦੀ ਨਾਲ ਉਸਦੀ ਲਾਸ਼ ਦੇ ਟੁੱਕੜੇ ਵੀ ਹੋ ਗਏ। ਬਜ਼ੁਰਗ ਦੀ ਪਛਾਣ ਗਿੱਲ ਪਿੰਡ ਦੇ ਰਹਿਣ ਵਾਲੇ ਚਰਨਜੀਤ ਸਿੰਘ (71) ਦੇ ਰੂਪ ’ਚ ਹੋਈ ਹੈ। ਲੋਕਾਂ ਨੇ ਰੌਲਾ ਪਾਇਆ ਤਾਂ ਬੱਸ ਚਾਲਕ ਨੇ ਬੱਸ ਰੋਕੀ ਤੇ ਹਾਦਸਾ ਦੇਖ ਉਹ ਫ਼ਰਾਰ ਹੋ ਗਿਆ। ਲੋਕਾਂ ਨੇ ਬੱਸ ਘੇਰ ਲਈ ਅਤੇ ਮੁਲਜ਼ਮ ਮੌਕਾ ਦੇਖ ਕੇ ਫ਼ਰਾਰ ਹੋ ਗਿਆ। ਲੋਕਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਮੁਲਜ਼ਮ ਬੱਸ ਚਾਲਕ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।
ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਆਪਣੀ ਐਕਟਿਵਾ ’ਤੇ ਫਿਰੋਜ਼ਪੁਰ ਰੋਡ ’ਤੇ ਕਿਸੇ ਕੰਮ ਤੋਂ ਜਾ ਰਹੇ ਸਨ, ਜਦੋਂ ਕਿ ਪਿੱਛੋਂ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਗੁਜ਼ਰ ਰਹੀ ਸੀ ਜਿਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ’ਚ ਬਜ਼ੁਰਗ ਚਰਨਜੀਤ ਥੱਲੇ ਡਿੱਗ ਗਿਆ। ਹਾਦਸੇ ਤੋਂ ਬਾਅਦ ਬੱਸ ਚਾਲਕ ਨੇ ਬੱਸ ਰੋਕਣ ਦੀ ਥਾਂ ਹੋਰ ਵੀ ਤੇਜ਼ ਕਰ ਦਿੱਤੀ ਤੇ ਜਿਸ ਨਾਲ ਬਜ਼ੁਰਗ ਬੱਸ ਦੇ ਨਾਲ ਹੀ ਖਿੱਚਦਾ ਗਿਆ। ਬੱਸ ਵੱਲੋਂ ਖਿੱਚਣ ਕਾਰਨ ਬਜ਼ੁਰਗ ਚਰਨਜੀਤ ਦੀ ਲਾਸ਼ ਦੇ ਕਈ ਟੁੱਕੜੇ ਹੋ ਗਏ। ਰਾਹਗੀਰਾਂ ਨੇ ਰੌਲਾ ਪਾਇਆ ਤਾਂ ਬੱਸ ਚਾਲਕ ਨੇ ਬੱਸ ਹੌਲੀ ਕੀਤੀ। ਜਦੋਂ ਤੱਕ ਲੋਕ ਡਰਾਈਵਰ ਨੂੰ ਕਾਬੂ ਕਰਦੇ, ਉਹ ਬੱਸ ਛੱਡ ਕੇ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਬੱਸ ਚਾਲਕ ਵੱਲੋਂ ਬੱਸ ਸੜਕ ਵਿਚਾਲੇ ਰੋਕਣ ਕਾਰਨ ਫਿਰੋਜ਼ਪੁਰ ਰੋਡ ’ਤੇ ਲੰਬਾ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲੀਸ ਮੌਕੇ ’ਤੇ ਪੁੱਜੀ ਤੇ ਲਾਸ਼ ਨੂੰ ਚੁੱਕਵਾ ਕੇ ਬੱਸ ਸਾਈਡ ’ਤੇ ਕਰਵਾਈ। ਜਿਸ ਤੋਂ ਬਾਅਦ ਟਰੈਫਿਕ ਜਾਮ ਖੁਲ੍ਹਵਾਇਆ ਗਿਆ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਾਹਨੇਵਾਲ ਦੀ ਦਾਣਾ ਮੰਡੀ ਵਿੱਚ ਹੋਈ ਇੱਕ ਟੱਕਰ ਦੌਰਾਨ ਦੋ ਬੱਚਿਆਂ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਸਬੰਧੀ ਪੁਰਾਣਾ ਬਾਜ਼ਾਰ ਸਾਹਨੇਵਾਲ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਰਿੰਪੀ ਸਿੰਘ ਦੇ ਬੱਚਿਆਂ ਹਰਸ਼ਦੀਪ ਸਿੰਘ (14) ਅਤੇ ਹਰਮਨਦੀਪ ਸਿੰਘ (11) ਨੂੰ ਟੈਗੋਰ ਸਕੂਲ ਕੋਹਾੜਾ ਰੋਡ ਸਾਹਨੇਵਾਲ ਤੋਂ ਆਪਣੇ ਮੋਟਰਸਾਈਕਲ ਤੇ ਘਰ ਲੈ ਕੇ ਆ ਰਿਹਾ ਸੀ ਤਾਂ ਦਾਣਾ ਮੰਡੀ ਦੀ ਬੈਕ ਸਾਈਡ ਸਾਹਨੇਵਾਲ ਪੁਰਾਣਾ ਬਜ਼ਾਰ ਰੋਡ ਤੇ ਇਕ ਇਨੋਵਾ ਗੱਡੀ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਗੱਡੀ ਮੋਟਰਸਾਈਕਲ ਵਿੱਚ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਇਲਾਜ਼ ਲਈ ਫੋਰਟੀਜ਼ ਹਸਪਤਾਲ ਦਾਖਲ ਕਰਾਇਆ ਗਿਆ ਹੈ। ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੁਨੀਸ਼ ਕੁਮਾਰ ਵਾਸੀ ਨਿਊ ਕਾਲੋਨੀ ਸਾਹਨੇਵਾਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਇਨੋਵਾ ਗੱਡੀ ਕਬਜ਼ੇ ਵਿੱਚ ਲੈ ਲਈ ਹੈ।
ਕੀ ਕਹਿੰਦੇ ਨੇ ਥਾਣਾ ਮੁਖੀ
ਥਾਣਾ ਸਰਾਭਾ ਨਗਰ ਦੇ ਐਸ.ਐਚ.ਓ. ਸਬ ਇੰਂਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬੱਸ ਛੱਡ ਕੇ ਫ਼ਰਾਰ ਹੋ ਗਿਆ ਹੈ। ਉਸਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।