ਸੜਕ ਹਾਦਸੇ ਵਿੱਚ ਇਕ ਹਲਾਕ; 3 ਜ਼ਖ਼ਮੀ
ਪੱਤਰ ਪ੍ਰੇਰਕ
ਬਰੇਟਾ, 18 ਅਗਸਤ
ਇੱਥੇ ਬੁਢਲਾਡਾ ਰੋਡ ’ਤੇ ਰਾਧਾ ਸੁਆਮੀ ਸਤਸੰਗ ਘਰ ਨੇੜੇ ਬੀਤੀ ਰਾਤ ਸੜਕ ’ਤੇ ਖੜ੍ਹੇ ਇੱਕ ਟਾਟਾ ਘੋੜਾ 4018 ਦੇ ਪਿੱਛੇ ਇੱਕ ਇਨੋਵਾ ਗੱਡੀ ਨੰ. ਪੀਬੀ 11 ਬੀ.ਵਾਈ 2749 ਦੇ ਟਕਰਾ ਜਾਣ ਕਾਰਨ ਕਾਰ ਚਾਲਕ ਸੰਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਤੇ ਉਸ ਵਿੱਚ ਸਵਾਰ ਦਰਸ਼ਨ ਸਿੰਘ, ਨਿਰਮਲ ਸਿੰਘ ਤਿੰਨੇ ਬਹਾਦਰਪੁਰ ਵਾਸੀ ਤੇ ਸੁਖਵਿੰਦਰ ਸਿੰਘ ਪਿੰਡ ਹਰਿਆਊ ਸਭ ਨੂੰ ਰਾਤ ਸਮੇਂ ਬੁਢਲਾਡਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਸੰਦੀਪ ਸਿੰਘ ਨੂੰ ਮ੍ਰਿਤਕ ਦੱਸਿਆ ਗਿਆ ਤੇ ਤਿੰਨਾਂ ਜ਼ਖ਼ਮੀਆਂ ਨੂੰ ਮਾਨਸਾ ਭੇਜਿਆ ਗਿਆ। ਜਿਸ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਲੀਸ ਨੇ ਮ੍ਰਿਤਕ ਦੇ ਚਾਚੇ ਦੇ ਲੜਕੇ ਯਾਦਵਿੰਦਰ ਸਿੰਘ ਦੇ ਬਿਆਨਾਂ ’ਤੇ ਟਾਟਾ ਘੋੜੇ ਦੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਸਬੰਧੀ ਕਾਰਵਾਈ ਲਈ ਪਿੰਡ ਦੇ ਸਰਪੰਚ ਸਰਬਜੀਤ ਕੌਰ ਦੇ ਪਤੀ ਸੁਖਚਰਨ ਸਿੰਘ, ਸਾਬਕਾ ਸਰਪੰਚ ਗੁਰਜੀਤ ਸਿੰਘ ਲਾਲੂ, ਸਾਬਕਾ ਪੰਚ ਗੁਰਪ੍ਰੀਤ ਸਿੰਘ, ਰਾਮਜਸ ਆਦਿ ਥਾਣੇ ਪੁੱਜੇ ਸਨ। ਦੁਰਘਟਨਾ ਵਿੱਚ ਇਨੋਵਾ ਗੱਡੀ ਬੁਰੀ ਤਰ੍ਹਾਂ ਟੁੱਟ ਗਈ ਗਈ ਤੇ ਟਾਟਾ ਘੋੜੇ ਦਾ ਟਾਇਰ ਵੀ ਫਟ ਗਿਆ।
ਜ਼ੀਰਾ (ਪੱਤਰ ਪ੍ਰੇਰਕ) ਜ਼ੀਰਾ ਦੇ ਕੋਟ ਈਸੇ ਖਾਂ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਸੜਕ ਹਾਦਸੇ ਵਿੱਚ 1 ਵਿਅਕਤੀ ਦੀ ਮੌਤ ਗਈ ਤੇ 2 ਜਣੇ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਸਿਟੀ ਜ਼ੀਰਾ ਅਨੁਸਾਰ ਅਨਿਲ ਕੁਮਾਰ ਵਧਵਾ ਵਾਸੀ ਫਿਰੋਜ਼ਪੁਰ, ਜੋ ਆਪਣੇ ਮੋਟਰਸਾਈਕਲ ਨੰਬਰ ਪੀਬੀ 05-4779 ’ ਤੇ ਪਰਿਵਾਰ ਸਮੇਤ ਜਲੰਧਰ ਤੋਂ ਵਾਪਸ ਫਿਰੋਜ਼ਪੁਰ ਆ ਰਿਹਾ ਸੀ ਕਿ ਪਿੱਛੇ ਤੋਂ ਆਈ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਅਨਿਲ ਕੁਮਾਰ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਪਰਿਵਾਰਕ ਮੈਂਬਰਾਂ ’ਚ ਉਸ ਦੀ ਪਤਨੀ ਤੇ ਬੇਟੀ ਦੇ ਵੀ ਗੰਭੀਰ ਸੱਟਾਂ ਲੱਗੀਆਂ। ਕਾਰ ਵਾਲਾ ਵਿਅਕਤੀ ਜ਼ਖ਼ਮੀ ਔਰਤ ਤੇ ਉਸ ਦੀ ਬੱਚੀ ਨੂੰ ਜ਼ੀਰਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾ ਕੇ ਫਰਾਰ ਹੋ ਗਿਆ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਸਿਟੀ ਤੋਂ ਏਐੱਸਆਈ ਗੁਰਪ੍ਰਤਾਪ ਸਿੰਘ ਮੌਕੇ ਤੇ ਪੁੱਜੇ ਤੇ ਅਨਿਲ ਕੁਮਾਰ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਜਿੱਥੇ ਉਸ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ।