ਸੜਕ ਹਾਦਸੇ ਵਿੱਚ ਇੱਕ ਹਲਾਕ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 24 ਜੁਲਾਈ
ਸਥਾਨਕ ਜੀਟੀ ਰੋਡ ’ਤੇ ਜੰਡਿਆਲਾ ਗੁਰੂ ਨੇੜੇ ਇੱਕ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦਰਮਿਆਨ ਟੱਕਰ ਹੋ ਗਿਆ। ਇਸ ਦੌਰਾਨ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਏਐੱਸਆਈ ਨਿਸ਼ਾਨ ਸਿੰਘ ਨੇ ਦੱਸਿਆ ਅੰਮ੍ਰਿਤਸਰ ਵੱਲੋਂ ਦੋ ਮੋਟਰਸਾਈਕਲ ਸਵਾਰ ਜੰਡਿਆਲਾ ਵੱਲ ਨੂੰ ਆ ਰਹੇ ਸਨ। ਜਦੋਂ ਉਹ ਜੰਡਿਆਲਾ ਗੁਰੂ ਜੀਟੀ ਰੋਡ ’ਤੇ ਪਹੁੰਚੇ ਤਾਂ ਪਿੱਛੋਂ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜੀਟੀ ਰੋਡ ’ਤੇ ਡਿੱਗ ਪਏ ਅਤੇ ਪਿੱਛੋਂ ਆ ਰਹੀ ਟਰੈਕਟਰ ਟਰਾਲੀ ਦੇ ਲਪੇਟ ਵਿੱਚ ਆ ਗਏ। ਇਸ ਕਾਰਨ ਮੋਟਰਸਾਈਕਲ ਸਵਾਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸੰਧਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਮੌਕੇ ਉੱਪਰ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਮੋਟਰਸਾਈਕਲ ਚਾਲਕ ਦੀ ਮੌਤ
ਜਲੰਧਰ (ਪੱਤਰ ਪ੍ਰੇਰਕ): ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਕਠਾਰ ਨੇੜੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਸਾਹਰੀ ਦੇ ਹਰਬੰਸ ਸਿੰਘ ਪੁੱਤਰ ਜੀਵਨ ਰਾਮ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮ੍ਰਿਤਕ ਹਰਬੰਸ ਸਿੰਘ ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਆਪਣੇ ਮਾਪਿਆਂ ਦੇ ਘਰ ਜਲੰਧਰ ਰਹਿ ਰਹੇ ਹਨ। ਉਸ ਦੇ ਪਤੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦੰਦਾਂ ਦੇ ਵਿਭਾਗ ਵਿਚ ਸਹਾਇਕ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਅੱਜ ਉਹ ਰੋਜ਼ਾਨਾ ਵਾਂਗ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਆਪਣੇ ਮੋਟਰਸਾਈਕਲ ’ਤੇ ਡਿਊਟੀ ’ਤੇ ਜਾ ਰਹੇ ਸਨ। ਜਦੋਂ ਉਹ ਕਠਾਰ ਕੋਲ ਪੁੱਜੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਗਏ। ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।