ਸੜਕ ਹਾਦਸੇ ’ਚ ਇੱਕ ਹਲਾਕ; ਦੋ ਜ਼ਖ਼ਮੀ
ਜਗਜੀਤ ਸਿੰਘ
ਮੁਕੇਰੀਆਂ, 4 ਸਤੰਬਰ
ਕੰਢੀ ਖੇਤਰ ਦੇ ਗੜਦੀਵਾਲਾ ਅਧੀਨ ਪੈਂਦੇ ਪਿੰਡ ਕੋਈ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਰਛਪਾਲ ਸਿੰਘ (51), ਮਨਦੀਪ ਸਿੰਘ (33) ਅਤੇ ਰਾਹੁਲ (32) ਤਿੰਨੋਂ ਵਾਸੀਆਨ ਪਿੰਡ ਅਗਲੌਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਤੋਂ ਆਦੋਚੱਕ ਛਿੰਝ ਵੇਖਣ ਗਏ ਸਨ। ਜਦੋਂ ਛਿੰਝ ਵੇਖਣ ਉਪਰੰਤ ਉਹ ਆਪਣੇ ਪਿੰਡ ਅਗਲੌਰ ਨੂੰ ਪਰਤ ਰਹੇ ਸਨ ਤਾਂ ਪਿੰਡ ਕੋਈ ਵਿਚਲੀ ਵਾਟਰ ਸਪਲਾਈ ਨੇੜੇ ਮੋਟਰਸਾਈਕਲ ਤਿਲਕਣ ਕਾਰਨ ਤਿੰਨੋਂ ਡਿੱਗ ਪਏ।
ਇਸ ਹਾਦਸੇ ਵਿੱਚ ਰਛਪਾਲ ਸਿੰਘ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਨਦੀਪ ਸਿੰਘ ਤੇ ਰਾਹੁਲ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਵੱਲੋਂ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਅਗਲੇ ਹਸਪਤਾਲ ਰੈਫਰ ਕਰ ਦਿੱਤਾ। ਜ਼ਖ਼ਮੀਆਂ ਵਿੱਚੋਂ ਮਨਦੀਪ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ’ਤੇ ਪੁੱਜੀ ਗੜ੍ਹਦੀਵਾਲਾ ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।