ਸੜਕ ਹਾਦਸੇ ਵਿੱਚ ਇੱਕ ਹਲਾਕ; ਇੱਕ ਗੰਭੀਰ ਜ਼ਖ਼ਮੀ
ਜਗਮੋਹਨ ਸਿੰਘ
ਘਨੌਲੀ, 23 ਜੁਲਾਈ
ਬੀਤੀ ਦੇਰ ਰਾਤ ਕੌਮੀ ਮਾਰਗ 205 ’ਤੇ ਪਿੰਡ ਅਲੀਪੁਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਪੁਲੀਸ ਚੌਕੀ ਘਨੌਲੀ ਦੇ ਤਫਤੀਸ਼ੀ ਅਧਿਕਾਰੀ ਕਮਲ ਕਿਸ਼ੋਰ ਨੇ ਦੱਸਿਆ ਕਿ ਬੀਤੀ ਰਾਤ ਵਨਿੈ ਕੁਮਾਰ (27) ਪੁੱਤਰ ਰਾਜ ਕੁਮਾਰ ਵਾਸੀ ਪਿੰਡ ਮੂਸਨ ਜ਼ਿਲ੍ਹਾ ਹਮੀਰਪੁਰ ਆਪਣੇ ਭਰਾ ਸੰਮੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਖਮਾਣੋਂ ਆਪਣੀ ਡਿਊਟੀ ’ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਅਲੀਪੁਰ ਨੇੜੇ ਪੁੱਜਿਆ ਤਾਂ ਪਿੱਛਿਉਂ ਆਈ ਇੱਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਬੇਕਾਬੂ ਹੋਣ ਉਪਰੰਤ ਦੋਵੇਂ ਭਰਾ ਸੜਕ ’ਤੇ ਡਿੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ ਹੈ, ਜਿੱਥੋ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰਾਂ ਦੀ ਟੀਮ ਨੇ ਵਨਿੈ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਸੰਮੀ ਇਲਾਜ ਅਧੀਨ ਹੈ। ਕਾਰ ਚਾਲਕ ਖਿਲਾਫ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਕਾਰ ਦੀ ਫੇਟ ਵੱਜਣ ਕਾਰਨ 5 ਸਾਲਾ ਮਾਸੂਮ ਦੀ ਮੌਤ
ਅੰਬਾਲਾ(ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਕੈਂਟ ਦੇ ਮਹੇਸ਼ ਨਗਰ ਵਿੱਚ ਮਹਿੰਦਰਾ ਐਕਸਯੂਵੀ ਕਾਰ ਦੀ ਲਪੇਟ ਵਿੱਚ ਆਉਣ ਨਾਲ 5 ਸਾਲ ਦੇ ਮਾਸੂਮ ਦੀ ਮੌਤ ਹੋ ਗਈ। ਅਚਾਨਕ ਆਈ ਤੇਜ਼ ਰਫ਼ਤਾਰ ਗੱਡੀ ਨੇ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਟੱਕਰ ਮਾਰੀ ਅਤੇ ਪੀਜੀਆਈ ਲਿਜਾਂਦਿਆਂ ਉਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਅਸ਼ੋਕ ਨਗਰ ਵਾਸੀ ਸੁਸ਼ੀਲ ਕੁਮਾਰ ਨੇ ਮਹੇਸ਼ ਨਗਰ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਮਕਾਨ ਬਬਿਆਲ ਰੋਡ ’ਤੇ ਟਾਂਗਰੀ ਬੰਨ੍ਹ ਦੇ ਕੋਲ ਹੈ। ਸ਼ਨਿਚਰਵਾਰ ਸ਼ਾਮ ਨੂੰ ਉਸ ਦਾ ਬੇਟਾ ਕਾਰਤਿਕ (5) ਸੜਕ ਕਨਿਾਰੇ ਖੇਡ ਰਿਹਾ ਸੀ। ਇਸ ਦੌਰਾਨ ਪੰਜਾਬ ਨੰਬਰ ਦੀ ਇਕ ਮਹਿੰਦਰਾ ਐਕਸਯੂਵੀ ਗੱਡੀ ਆਈ ਜਿਸ ਨੇ ਉਸ ਦੇ ਬੇਟੇ ਨੂੰ ਮਾਰ ਦਿੱਤੀ। ਚਾਲਕ ਕਾਰ ਮੌਕੇ ’ਤੇ ਗੱਡੀ ਛੱਡ ਕੇ ਦੌੜ ਗਿਆ। ਕਾਰਤਿਕ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਹਾਲਤ ਗੰਭੀਰ ਹੋਣ ਕਰ ਕੇ ਪੀਜੀਆਈ ਰੈਫਰ ਕਰ ਦਿੱਤਾ ਪਰੰਤੂ ਪੀਜੀਆਈ ਪਹੁੰਚਣ ਤੋਂ ਪਹਿਲਾਂ ਜ਼ੀਰਕਪੁਰ ਕੋਲ ਬੱਚੇ ਨੇ ਦਮ ਤੋੜ ਦਿੱਤਾ। ਪੁਲੀਸ ਨੇ ਗੱਡੀ ਦੇ ਨੰਬਰ ਤੋਂ ਮੁਲਜ਼ਮ ਦੀ ਪਛਾਣ ਕੁਲਦੀਪ ਨਿਵਾਸੀ ਕਿਸਮਤ ਨਗਰ (ਅੰਬਾਲਾ ਕੈਂਟ) ਵਜੋਂ ਕਰ ਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਤੇਜ਼ ਰਫਤਾਰ ਕੰਟੇਨਰ ਦੀ ਲਪੇਟ ’ਚ ਆਉਣ ਕਾਰਨ ਦੋ ਹਲਾਕ
ਲਾਲੜੂ (ਸਰਬਜੀਤ ਸਿੰਘ ਭੱਟੀ): ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਸਰਸੀਣੀ ਨੇੜੇ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਹਾਈਵੇਅ ’ਤੇ ਗਲਤ ਦਿਸ਼ਾ ਵੱਲ ਜਾ ਰਹੇ ਇੱਕ ਕੰਟੇਨਰ ਦੀ ਲਪੇਟ ਵਿੱਚ ਆ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਬਲਜੀਤ ਸਿੰਘ (41) ਵਾਸੀ ਪਿੰਡ ਮੌੜਾ ਜ਼ਿਲ੍ਹਾ ਅੰਬਾਲਾ ਅਤੇ ਵਰਿੰਦਰ ਸਿੰਘ (38) ਵਾਸੀ ਅੰਬਾਲਾ ਛਾਉਣੀ ਵਜੋਂ ਹੋਈ ਹੈ। ਦੋਵੇਂ ਨੌਜਵਾਨ ਆਪਣੇ ਮੋਟਰਸਾਇਕਲ ਰਾਹੀਂ ਰਾਤ ਨੂੰ ਲਾਲੜੂ ਮੰਡੀ ਤੋਂ ਅੰਬਾਲੇ ਵੱਲ ਜਾ ਰਹੇ ਸੀ, ਜੋ ਸਰਸੀਣੀ ਨੇੜੇ ਗਲਤ ਦਿਸ਼ਾ ਵੱਲ ਆ ਰਹੇ ਇੱਕ ਕਨਟੇਨਰ ਦੀ ਲਪੇਟ ਵਿੱਚ ਆ ਕੇ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ, ਜਨਿ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਡੇਰਾ ਬੱਸੀ ਲਿਆਂਦਾ ਗਿਆ ਪਰ ਰਸਤੇ ਵਿੱਚ ਹੀ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਹਲਵਾਈ ਦਾ ਕੰਮ ਕਰਦੇ ਸੀ ਅਤੇ ਲਾਲੜੂ ਤੋਂ ਅੰਬਾਲਾ ਵੱਲ ਜਾ ਰਹੇ ਸੀ। ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਰਿਸ਼ਤੇਦਾਰ ਭੋਲਾ ਸਿੰਘ ਦੇ ਬਿਆਨ ’ਤੇ ਕੰਟੇਨਰ ਚਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।