ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇੱਕ ਹਲਾਕ
ਪੱਤਰ ਪ੍ਰੇਰਕ
ਯਮੁਨਾਨਗਰ, 2 ਜੁਲਾਈ
ਖਾਰਵਨ-ਦਾਦੂਪੁਰ ਰੋਡ ’ਤੇ ਪਾਵਰ ਹਾਊਸ ਨੇੜੇ ਦੋ ਮੋਟਰਸਾਈਕਲਾਂ ਵਿਚਾਲੇ ਹੋਏ ਟੱਕਰ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਜੈਧਰ ਵਾਸੀ ਅੰਕੁਸ਼ (28) ਵਜੋਂ ਹੋਈ ਹੈ। ਉਹ ਫੈਕਟਰੀ ਤੋਂ ਛੁੱਟੀ ਕਰ ਕੇ ਘਰ ਪਰਤ ਰਿਹਾ ਸੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ ਅਤੇ ਦੂਜੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੈਧਰ ਵਾਸੀ ਗੌਰਵ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਪਿੰਡ ਵਿੱਚ ਹੀ ਜੂਸ ਅਤੇ ਫਲਾਂ ਦੀ ਦੁਕਾਨ ਹੈ। ਉਸ ਦਾ ਵੱਡਾ ਭਰਾ ਅੰਕੁਸ਼ ਜਗਾਧਰੀ ਫੈਕਟਰੀ ਵਿੱਚ ਕੰਮ ਕਰਦਾ ਸੀ। ਰਾਤ ਦੀ ਸ਼ਿਫਟ ਤੋਂ ਬਾਅਦ ਰੋਜ਼ ਦੀ ਤਰ੍ਹਾਂ ਉਹ ਅੱਜ ਸਵੇਰੇ ਵੀ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਖਾਰਵਨ ਦਾਦੂਪੁਰ ਮਾਰਗ ’ਤੇ ਪਾਵਰ ਹਾਊਸ ਨੇੜੇ ਪਹੁੰਚਿਆ ਤਾਂ ਸਾਹਮਣਿਓਂ ਮੋਟਰਸਾਈਕਲ ’ਤੇ ਆ ਰਹੇ ਅਮਰਜੀਤ ਸਿੰਘ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਭਰਾ ਸਡ਼ਕ ’ਤੇ ਜਾ ਡਿੱਗਾ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਡ਼ਕ ਹਾਦਸੇ ’ਚ ਇੱਕ ਦੀ ਮੌਤ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸ਼ਾਹਬਾਦ-ਅੰਬਾਲਾ ਜੀਟੀ ਰੋਡ ’ਤੇ ਅਮਨ ਹੋਟਲ ਨੇਡ਼ੇ ਇੱਕ ਟਰੈਕਟਰ-ਟਰਾਲੀ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਕਾਰਨ ਅਣਪਛਾਤੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਬੀਰ ਸਿੰਘ ਨੇ ਕਿਹਾ ਹੈ ਕਿ ਉਹ ਅਮਨ ਹੋਟਲ ਵਿਚ ਸੁਰੱਖਿਆ ਮੁਲਾਜ਼ਮ ਦੀ ਨੌਕਰੀ ਕਰਦਾ ਹੈ। ਬੀਤੀ ਰਾਤ ਉਹ ਆਪਣੀ ਡਿਊਟੀ ’ਤੇ ਤਾਇਨਾਤ ਸੀ। ਕਰੀਬ 11.50 ਵਜੇ ਜਦੋਂ ਉਹ ਬਾਹਰ ਸਡ਼ਕ ’ਤੇ ਜੀਟੀ ਰੋਡ ’ਤੇ ਖਡ਼੍ਹਾ ਸੀ ਤਾਂ ਅੰਬਾਲਾ-ਸ਼ਾਹਬਾਦ ਸਰਵਿਸ ਰੋਡ ’ਤੇ ਅੰਬਾਲਾ ਵੱਲੋਂ ਆ ਰਹੇ ਇੱਕ ਟਕੈਟਰ-ਟਰਾਲੀ ਚਾਲਕ ਨੇ ਸ਼ਾਹਬਾਦ ਤੋਂ ਅੰਬਾਲਾ ਵੱਲ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਮਗਰੋਂ ਲੋਕਾਂ ਨੇ ਐਂਬੂਲੈਂਸ ਰਾਹੀਂ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਅੈਲਾਨ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਕੇ ਲਾਸ਼ ਪਛਾਣ ਲਈ ਕੁਰੂਕਸ਼ੇਤਰ ਹਸਪਤਾਲ ਰਖਵਾ ਦਿੱਤੀ ਹੈ।