For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂ ਵਿੱਚ ਇਕ ਹਲਾਕ, ਚਾਰ ਜ਼ਖ਼ਮੀ

09:12 PM Jun 29, 2023 IST
ਸੜਕ ਹਾਦਸਿਆਂ ਵਿੱਚ ਇਕ ਹਲਾਕ  ਚਾਰ ਜ਼ਖ਼ਮੀ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਬਠਿੰਡਾ, 25 ਜੂਨ

ਖੇਤਰ ‘ਚ ਵੱਖ-ਵੱਖ ਥਾਵਾਂ ‘ਤੇ ਵਾਪਰੇ ਸੜਕ ਹਾਦਸਿਆਂ ‘ਚ ਇਕ ਵਿਅਕਤੀ ਹਲਾਕ ਅਤੇ ਚਾਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 10 ਵਜੇ ਬਠਿੰਡਾ-ਜੈਤੋ ਮਾਰਗ ‘ਤੇ ਪਿੰਡ ਅਕਲੀਆ ਨੇੜੇ ਇਕ ਅਣਪਛਾਤਾ ਵਾਹਨ, ਟਾਟਾ ਏਸ ਗੱਡੀ ਨਾਲ ਟਕਰਾ ਗਿਆ। ਨਤੀਜੇ ਵਜੋਂ ਟਾਟਾ ਏਸ ਪਲਟਣ ਨਾਲ ਉਸ ਦੇ ਚਾਲਕ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਅਤੇ ਸਹਾਰਾ ਵਾਲੰਟੀਅਰ ਸੰਦੀਪ ਗੋਇਲ ਤੇ ਜਸਕਰਨ ਮੋਖਾ ਐਂਬੂਲੈਂਸ ਲੈ ਕੇ ਪਹੁੰਚੇ। ਕਾਨੂੰਨੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਦੇ ਮੈਂਬਰਾਂ ਨੇ ਲਾਸ਼ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਮਰਹੂਮ ਦੀ ਪਛਾਣ ਵਿਨੋਦ ਸਿੰਘ ਚੌਹਾਨ ਪੁੱਤਰ ਧਰਮਪਾਲ ਸਿੰਘ ਵਾਸੀ ਊਧਮ ਸਿੰਘ ਨਗਰ ਵਜੋਂ ਹੋਈ ਦੱਸੀ ਗਈ ਹੈ। ਇਸੇ ਤਰ੍ਹਾਂ ਅੱਜ ਸਵੇਰੇ ਭੱਟੀ ਰੋਡ ‘ਤੇ ਤੇਜ਼ ਰਫਤਾਰ ਕਾਰ ਚਾਲਕ ਵੱਲੋਂ ਫੂਡ ਡਲਿਵਰੀ ਕਰਨ ਵਾਲੇ (ਸਵਿਗੀ) ਮੁਲਾਜ਼ਮ ਨੂੰ ਟੱਕਰ ਮਾਰਨ ਕਾਰਨ ਉਸ ਦੀ ਬਾਂਹ ਟੁੱਟ ਗਈ। ਇੱਥੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਹੈਲਪਲਾਈਨ ਦੀ ਟੀਮ ਮੈਂਬਰ ਸੰਦੀਪ ਗੋਇਲ ਪਹੁੰਚੇ ਅਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਜ਼ਖ਼ਮੀ ਦੀ ਪਛਾਣ ਸੁਬੋਧ (30) ਪੁੱਤਰ ਛੇਦੀਲਾਲ ਵਾਸੀ ਪਰਸ ਰਾਮ ਨਗਰ ਦੂਬੇ ਕਲੋਨੀ ਵਜੋਂ ਹੋਈ। ਫੌਜੀ ਚੌਕ ‘ਚ ਵੀ ਏਮਜ਼ ਹਸਪਤਾਲ ਜਾ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਇਕ ਆਟੋ ਚਾਲਕ ਟੱਕਰ ਮਾਰ ਕੇ ਦੌੜ ਗਿਆ। ਹਾਦਸੇ ‘ਚ ਤਿੰਨੋਂ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਹਾਰਾ ਸੇਵਾਦਾਰ ਸੰਦੀਪ ਗੋਇਲ ਤੇ ਜਸਕਰਨ ਮੋਖਾ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ। ਫੱਟੜਾਂ ਦੀ ਪਛਾਣ ਕੁਲਦੀਪ ਸਿੰਘ (24) ਪੁੱਤਰ ਪਾਲ ਸਿੰਘ, ਸਵਰਨ ਸਿੰਘ (21) ਪੁੱਤਰ ਸੀਤਾ ਸਿੰਘ, ਪਵਨਦੀਪ ਸਿੰਘ (22) ਪੁੱਤਰ ਜਸਵੀਰ ਸਿੰਘ ਵਾਸੀ ਪਿੱਥੋ ਵਜੋਂ ਹੋਈ ਹੈ।

ਕਾਰ ਦੀ ਫੇਟਣ ਵੱਜਣ ਕਾਰਨ ਬਜ਼ੁਰਗ ਹਲਾਕ

ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ਦੇ ਪਿੰਡ ਰੋੜੀ ਦੇ ਸੂਰਤੀਆ ਰੋਡ ‘ਤੇ ਇਕ ਕਾਰ ਚਾਲਕ ਨੇ ਬਜ਼ੁਰਗ ਵਿਅਕਤੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਜ਼ਖਮੀ ਹੋਏ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰੋੜੀ ਦਾ ਰਹਿਣ ਵਾਲਾ ਦਰਸ਼ਨ ਸਿੰਘ (60) ਆਪਣੇ ਸਾਈਕਲ ‘ਤੇ ਅਕਾਲ ਅਕੈਡਮੀ ਵੱਲ ਜਾ ਰਿਹਾ ਸੀ। ਇਸ ਦੌਰਾਨ ਰੋੜੀ ਸ਼ਹਿਰ ਵੱਲੋਂ ਆ ਰਹੇ ਇੱਕ ਕਾਰ ਚਾਲਕ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਬਜ਼ੁਰਗ ਜ਼ਖਮੀ ਹੋ ਗਿਆ। ਕਰੀਬ ਅੱਧੇ ਘੰਟੇ ਬਾਅਦ ਜ਼ਖਮੀਆਂ ਦੇ ਰਿਸ਼ਤੇਦਾਰ ਅਤੇ ਪੁਲੀਸ ਮੌਕੇ ‘ਤੇ ਪਹੁੰਚ ਗਈ। ਪਹਿਲਾਂ ਜ਼ਖਮੀ ਬਜ਼ੁਰਗ ਨੂੰ ਪਿੰਡ ਦੇ ਮੁੱਢਲੇ ਸਿਹਤ ਕੇਂਦਰ ਲਿਜਾਇਆ ਗਿਆ। ਉਥੋਂ ਉਸ ਨੂੰ ਸਿਰਸਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ। ਪੁਲੀਸ ਜਾਂਚ ਵਿੱਚ ਕਾਰ ਸਵਾਰ ਦੀ ਪਛਾਣ ਹੋ ਗਈ ਹੈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਰੋੜੀ ਥਾਣੇ ਦੇ ਬਾਹਰ ਲਾਸ਼ ਲਿਆ ਕੇ ਰੋਸ ਪ੍ਰਗਟ ਕਰਕੇ ਕਾਰਵਾਈ ਦੀ ਮੰਗ ਕੀਤੀ। ਥਾਣਾ ਇੰਚਾਰਜ ਬਨਵਾਰੀ ਲਾਲ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Tags :
Advertisement
Advertisement
×