ਦੋ ਕਾਰਾਂ ਦੀ ਟੱਕਰ ਵਿੱਚ ਇਕ ਹਲਾਕ, ਚਾਰ ਜ਼ਖ਼ਮੀ
ਸੁਭਾਸ਼ ਚੰਦਰ
ਸਮਾਣਾ, 25 ਜੁਲਾਈ
ਪਿੰਡ ਮਵੀਕਲਾਂ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ ਦੋ ਔਰਤਾਂ ਸਣੇ ਚਾਰ ਜਣੇ ਜ਼ਖਮੀ ਹੋ ਗਏ। ਜਦੋਂ ਕਿ ਇੱਕ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਵੀਕਲਾਂ ਪੁਲੀਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ, ਜਿੱਥੇ ਡਾਕਟਰਾਂ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਵੱਖ- ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ। ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਥਾਰ ਕਾਰ ਸਮਾਣਾ ਤੋਂ ਪਾਤੜਾਂ ਵੱਲ ਜਾ ਰਹੀ ਸੀ, ਜਦੋਂ ਕਿ ਰੀਟਜ਼ ਕਾਰ ਵਿੱਚ ਸਵਾਰ ਲੋਕ ਰੌਬਿਨ ਗਰਗ, ਸੰਤੋਸ਼ ਰਾਣੀ ਤੇ ਕਾਂਤਾ ਵਾਸੀ ਪਟਿਆਲਾ ਖਾਟੂ ਸ਼ਾਮ ਮੰਦਰ ’ਚ ਮੱਥਾ ਟੇਕ ਕੇ ਪਟਿਆਲਾ ਵਾਪਸ ਜਾ ਰਹੇ ਸਨ। ਇਸ ਦੌਰਾਨ ਪਿੰਡ ਮਵੀਕਲਾਂ ਨੇੜੇ ਤੇਜ਼ ਰਫਤਾਰ ਥਾਰ ਕਾਰ ਇਕ ਹੋਰ ਵਾਹਨ ਨੂੰ ਪਾਸ ਕਰਦੀ ਉਨ੍ਹਾਂ ਦੀ ਰਿਟਜ਼ ਕਾਰ ਨਾਲ ਜਾ ਟਕਰਾਈ। ਇਸ ਦੌਰਾਨ ਬਲਕਾਰ ਸਿੰਘ ਦੇਧਨਾ, ਸਤਨਾਮ ਸਿੰਘ ਪਾਤੜਾਂ, ਸੰਤੋਸ਼ ਰਾਣੀ ਤੇ ਕਾਂਤਾ ਗੰਭੀਰ ਜ਼ਖ਼ਮੀ ਹੋ ਗਏ। ਜਦੋਂ ਕਿ ਕਾਰ ਚਾਲਕ ਰੌਬਿਨ ਗਰਗ (28) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਰਿਤੇਸ਼ ਗੁਪਤਾ ਪਟਿਆਲਾ ਦੇ ਬਿਆਨਾਂ ਅਨੁਸਾਰ ਸਤਨਾਮ ਸਿੰਘ ਵਾਸੀ ਪਾਤੜਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲੀਸ ਅਨੁਸਾਰ ਥਾਰ ਕਾਰ ਦਾ ਚਾਲਕ ਸਤਨਾਮ ਸਿੰਘ ਰਾਜਿੰਦਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਦੋ ਟਰੱਕਾਂ ਵਿਚਾਲੇ ਟੱਕਰ ਵਿੱਚ ਇਕ ਹਲਾਕ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਪਿੰਡ ਮਾਝਾ ਨੇੜੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ ਟਰੱਕ ਚਾਲਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਤੋਂ ਨਾਭਾ ਵੱਲ ਜਾ ਰਹੇ ਇੱਕ ਖਾਲੀ ਟਰੱਕ ਦੀ ਨਾਭਾ ਵੱਲੋਂ ਆ ਰਹੇ ਸਾਬਣ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਦੋਵੇਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਭਵਾਨੀਗੜ੍ਹ ਤੋਂ ਨਾਭਾ ਵੱਲ ਜਾ ਰਹੇ ਟਰੱਕ ਚਾਲਕ ਸੰਦੀਪ ਸਿੰਘ ਵਾਸੀ ਹਿਸਾਰ (ਹਰਿਆਣਾ) ਦੀ ਮੌਤ ਹੋ ਗਈ। ਜਦੋਂਕਿ ਨਾਭਾ ਵੱਲੋਂ ਆ ਰਹੇ ਸਾਬਣ ਦੇ ਭਰੇ ਟਰੱਕ ਦਾ ਡਰਾਈਵਰ ਰਘਵੀਰ ਸਿੰਘ ਵਾਸੀ ਲੁਹਾਰ ਮਾਜਰਾ (ਨਾਭਾ) ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਟਰੱਕ ਚਾਲਕ ਰਘਵੀਰ ਸਿੰਘ ਨੂੰ ਸਿਵਲ ਹਸਪਤਾਲ ਨਾਭਾ ਵਿੱਚ ਦਾਖਲ ਕਰਵਾਉਣ ਮਗਰੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਇਸ ਸਬੰਧੀ ਭਵਾਨੀਗੜ੍ਹ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।