ਸੜਕ ਹਾਦਸੇ ’ਚ ਇੱਕ ਹਲਾਕ ਅਤੇ ਪੰਜ ਮਜ਼ਦੂਰ ਜ਼ਖ਼ਮੀ
ਜਗਮੋਹਨ ਸਿੰਘ
ਰੂਪਨਗਰ, 25 ਫਰਵਰੀ
ਇੱਥੇ ਪਿੰਡ ਮਾਜਰੀ ਠੇਕੇਦਾਰਾਂ ਨੇੜੇ ਬੀਤੀ ਰਾਤ ਇੱਕ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰ ਗਿਆ। ਇਸ ਕਾਰਨ ਵਾਹਨ ਸਤਲੁਜ-ਯਮੁਨਾ ਲਿੰਕ ਨਹਿਰ ਵਿੱਚ ਡਿੱਗ ਗਿਆ। ਇਸ ਹਾਦਸੇ ’ਚ ਟਰੈਕਟਰ ਚਾਲਕ ਦੀ ਮੌਤ ਹੋ ਗਈ ਜਦੋਂਕਿ ਟਰਾਲੀ ’ਚ ਸਵਾਰ 5 ਜਣੇ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਗੁਰੂ ਰਵਿਦਾਸ ਦਾ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਸਮਾਪਤ ਹੋਣ ਉਪਰੰਤ ਅੱਧੀ ਦਰਜਨ ਪਰਵਾਸੀ ਮਜ਼ਦੂਰ ਟੈਂਟ ਦਾ ਸਾਮਾਨ ਛੱਡਣ ਲਈ ਟਰੈਕਟਰ ਟਰਾਲੀ ਲੈ ਕੇ ਰੂਪਨਗਰ ਵੱਲ ਜਾ ਰਹੇ ਸਨ। ਉਹ ਜਦੋਂ ਮਾਜਰੀ ਠੇਕੇਦਾਰਾਂ ਪਿੰਡ ਨੇੜੇ ਸਥਿਤ ਸਤਲੁਜ-ਯਮੁਨਾ ਲਿੰਕ ਨਹਿਰ ਦੇ ਕਿਨਾਰੇ ਪੁੱਜੇ ਤਾਂ ਉਨ੍ਹਾਂ ਦਾ ਟਰੈਕਟਰ ਬੇਕਾਬੂ ਹੋ ਕੇ ਨਰਿਰ ਵਿੱਚ ਜਾ ਡਿੱਗਿਆ। ਇਸ ਦੌਰਾਨ ਟਰੈਕਟਰ ਚਾਲਕ ਦੀ ਮੌਤ ਹੋ ਗਈ ਤੇ 5 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਥਾਣਾ ਸਦਰ ਰੂਪਨਗਰ ਦੇ ਐਸਐਚਓ ਦੀਪਇੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।