For the best experience, open
https://m.punjabitribuneonline.com
on your mobile browser.
Advertisement

ਇਕਲਾਪੇ ਦੇ ਸੌ ਸਾਲ: ਇਕੱਲਤਾ ਦੀ ਸਾਧਨਾ

10:06 AM Nov 05, 2023 IST
ਇਕਲਾਪੇ ਦੇ ਸੌ ਸਾਲ  ਇਕੱਲਤਾ ਦੀ ਸਾਧਨਾ
Advertisement

ਮਨਮੋਹਨ

ਚਿੰਤਨ
ਦੱਖਣੀ ਅਮਰੀਕਾ ਦੇ ਮੂਲ ਨਿਵਾਸੀਆਂ ਦੀ ਸਰੀਰਕ ਬਣਤਰ ਅਤੇ ਰੂਪ ਰੰਗ ਦੇਖ ਇੰਝ ਲੱਗਦਾ ਹੈ ਕਿ ਕਈ ਸੌ ਸਾਲ ਪਹਿਲਾਂ ਅਲਾਸਕਾ ਹੁੰਦੇ ਹੋਏ ਏਸ਼ਿਆਈ ਮੂਲ ਦੇ ਲੋਕ ਇੱਥੇ ਆ ਵੱਸ ਗਏ। ਸ਼ਾਇਦ ਇਸੇ ਕਾਰਨ ਕਤਿੇ ਨਾ ਕਤਿੇ ਦੱਖਣੀ ਅਮਰੀਕਾ ਦੇ ਸਭਿਆਚਾਰ ’ਚ ਏਸ਼ੀਆਈ ਪ੍ਰਭਾਵ ਅਤੇ ਤੱਤ ਦਿਖਾਈ ਦਿੰਦੇ ਹਨ। ਮੂਲ ਵਾਸੀਆਂ ਦਾ ਆਪਣਾ ਅਲੱਗ ਸਭਿਆਚਾਰ ਅਤੇ ਜੀਵਨ ਵਿਧੀ ਹੈ। ਰਹਿਣ ਸਹਿਣ ਅਤੇ ਸੋਚਣ ਵਿਚਾਰਣ ਦਾ ਢੰਗ ਵੀ ਭਿੰਨ ਹੈ। ਦੂਜੇ ਪਾਸੇ ਸੋਲ੍ਹਵੀਂ ਸਦੀ ਤੋਂ ਉਨੀਵੀਂ ਸਦੀ ਦਰਮਿਆਨ ਦੱਖਣੀ ਅਮਰੀਕਾ ’ਤੇ ਸਪੇਨੀ ਹਕੂਮਤ ਰਹੀ। ਇਸ ਲੰਬੇ ਵਕਫ਼ੇ ਦੌਰਾਨ ਸਪੇਨ ਦਾ ਅਜਿਹਾ ਪ੍ਰਭਾਵ ਪਿਆ ਕਿ ਇੱਥੋਂ ਦੀ ਭਾਸ਼ਾ ਅਤੇ ਸਭਿਆਚਾਰ ਦੋਵੇਂ ਹੀ ਸਪੇਨੀ ਭਾਵ ਦੇ ਹੋ ਗਏ। ਮੂਲ ਬਾਸ਼ਿੰਦੇ ਘੱਟਗਿਣਤੀ ਬਣ ਕੇ ਰਹਿ ਗਏ। ਉਨੀਵੀਂ ਸਦੀ ਮਗਰੋਂ ਕੁਝ ਸਮੇਂ ਤੱਕ ਦੱਖਣੀ ਅਮਰੀਕਾ ਦੇ ਸਭਿਆਚਾਰ ’ਤੇ ਫਰਾਂਸ ਦੇ ਬੌਧਿਕ ਪ੍ਰਭਾਵ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਵੀਹਵੀਂ ਸਦੀ ’ਚ ਅਮਰੀਕਾ ਰਾਹੀਂ ਆਏ ਉੱਤਰ ਯੂਰਪੀ ਸਭਿਆਚਾਰ ਨੇ ਵੀ ਦੱਖਣੀ ਅਮਰੀਕਾ ਦੇ ਜੀਵਨ ਉੱਪਰ ਡੂੰਘਾ ਪ੍ਰਭਾਵ ਪਾਇਆ। ਇਸੇ ਲਈ ਦੱਖਣੀ ਅਮਰੀਕਾ ਦੇ ਸਭਿਆਚਾਰ ਅਤੇ ਜੀਵਨ ਸ਼ੈਲੀ ’ਚ ਏਸ਼ੀਆ, ਯੂਰਪ (ਫਰਾਂਸ, ਜਰਮਨੀ ਅਤੇ ਇਟਲੀ) ਅਤੇ ਸਪੇਨ ਦੇ ਸਭਿਆਚਾਰਾਂ ਤੇ ਭਾਸ਼ਾਵਾਂ ਦਾ ਅਨੋਖਾ ਮਿਲਗੋਭਾ ਦਿਖਾਈ ਦਿੰਦਾ ਹੈ। ਇੱਥੋਂ ਦਾ ਸਭਿਆਚਾਰ ਅਤੇ ਭਾਸ਼ਾ ਇੰਨੇ ਵਿਲੱਖਣ, ਅਨੂਠੇ ਅਤੇ ਗੁੰਝਲਦਾਰ ਹਨ ਕਿ ਸਰਸਰੀ ਨਜ਼ਰ ਮਾਰਿਆਂ ਸਮਝ ਸਕਣਾ ਮੁਸ਼ਕਿਲ ਹੈ। ਇਸੇ ਕਾਰਨ ਇੱਥੋਂ ਦਾ ਇਤਿਹਾਸ ਵੀ ਬੜਾ ਘਟਨਾ ਭਰਪੂਰ, ਰੌਚਿਕ ਅਤੇ ਹੈਰਾਨੀਜਨਕ ਜਾਪਦਾ ਹੈ।
ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਦਾ ਸਪੇਨੀ ਭਾਸ਼ਾ ’ਚ ਲਿਖਿਆ ‘ਇਕਲਾਪੇ ਦੇ ਸੌ ਸਾਲ’ (One Hundred Years of Solitude/ CIEN ANOS DE SOLEDAD) ਪਿਛਲੀ ਸਦੀ ਦੀਆਂ ਕੁਝ ਅਹਿਮ ਕਤਿਾਬਾਂ ’ਚੋਂ ਇਕ ਹੈ ਜਿਨ੍ਹਾਂ ਨੇ ਦੁਨੀਆ ਭਰ ਦੇ ਸਾਹਤਿ ’ਤੇ ਡੂੰਘਾ ਪ੍ਰਭਾਵ ਪਾਇਆ। ਮਾਕੋਂਦੋ ਨਾਮੀ ਸ਼ਹਿਰ ਅਤੇ ਉਸ ਦੇ ਬਾਸ਼ਿੰਦਿਆਂ ਦੇ ਵੱਸਣ ਅਤੇ ਉੱਜੜ ਜਾਣ ਦਾ ਇਹ ਮਹਾਕਾਵਿਕ ਬਿਰਤਾਂਤ ਦੱਖਣ ਅਮਰੀਕੀ ਅਤੇ ਕੈਰੀਬੀਅਨ ਲੋਕਾਂ ਦਾ ਹੀ ਨਹੀਂ ਸਗੋਂ ਦੁਨੀਆ ਦੇ ਕਿਸੇ ਵੀ ਖਿੱਤੇ ਦੀ ਖ਼ਲਕਤ ਦੇ ਜੀਣ-ਥੀਣ ਦਾ ਅਜਿਹਾ ਅਕਸ ਬਣ ਗਿਆ ਹੈ ਜੋ ਜਿੰਨਾ ਜਾਦੂਈ ਹੈ ਓਨਾ ਯਥਾਰਥਕ ਵੀ। ਇਹ ਬਿਰਤਾਂਤ ਪਾਠਕ ਨੂੰ ਵਿਸਮਤਿ, ਹੈਰਾਨ ਅਤੇ ਹੱਕਾ-ਬੱਕਾ ਕਰਦਾ ਹੈ। ਇਸ ਦੀਆਂ ਅਤਿਉਕਤੀਆਂ ਜਾਂ ਤਾਂ ਅਵਾਕ ਕਰ ਦਿੰਦੀਆਂ ਹਨ ਜਾਂ ਹਾਸਿਆਂ ਦੇ ਆਵੇਗ ’ਚ ਬਿਹਬਲ ਛੱਡ ਦਿੰਦੀਆਂ ਹਨ। ਪਾਠਕ ਵਿਰਾਟ, ਬਿਹੰਗਮ ਸਿਮਰਤੀ ਕਥਾ ਦੇ ਅਤਿ ਮਾਨਵੀ ਸੂਖ਼ਮ ਮਾਇਆਜਾਲ ’ਚ ਹੌਲੀ ਹੌਲੀ ਯਥਾਰਥ ਅਤੇ ਵਾਸਤਵਿਕਤਾ ਦੇ ਕਠੋਰ ਧਰਾਤਲ ’ਤੇ ਕਦਮ ਦਰ ਕਦਮ ਵਧਦਾ ਜਾਂਦਾ ਹੈ। ਅੰਤ ਉਹ ਅਜਿਹੀ ਮਨੁੱਖੀ ਹੋਣੀ ਨਾਲ ਵਿੰਨ੍ਹੀ ਅੰਤਹੀਣ ਇਕੱਲਤਾ ਦੀ ਸਮੂਹਿਕ ਗਾਥਾ ਦੇ ਦੂਸਰੇ ਕਿਨਾਰੇ ’ਤੇ ਪਹੁੰਚ ਜਾਂਦਾ ਹੈ।
ਮਾਰਕੁਏਜ਼ (1927-2014) ਸਪੇਨੀ ਭਾਸ਼ਾ ਦਾ ਅਜਿਹਾ ਲੇਖਕ ਤੇ ਰਚਨਾਕਾਰ ਹੈ ਜਿਸ ਦੀਆਂ ਲਿਖਤਾਂ ਨੇ ਸਮੁੱਚੀ ਦੁਨੀਆ ਦੇ ਸਾਹਤਿ ਨੂੰ ਪ੍ਰਭਾਵਤਿ ਕੀਤਾ। ਉਸ ਦੇ ਨਾਵਲ ‘ਇਕਲਾਪੇ ਦੇ ਸੌ ਸਾਲ’ (One Hundred Years of Solitude) ਨੇ ਵੀਹਵੀਂ ਸਦੀ ਦੀਆਂ ਸਭ ਤੋਂ ਮਹੱਤਵਪੂਰਨ ਲਿਖਤਾਂ ’ਚ ਸ਼ੁਮਾਰ ਕੀਤਾ ਜਾਂਦਾ ਹੈ। ਉਸ ਦੀਆਂ ਹੋਰ ਲਿਖਤਾਂ ਹਨ: ‘No One Writes to the Colonel’, ‘The Autumn of the Patriarch’, ‘Chronicle of A Death Foretold’, ‘Love In the Time of Cholera’ ਅਤੇ ‘The General in his Labyrinth’। ਉਸ ਦੀ ਆਖ਼ਰੀ ਰਚਨਾ Memories of My Melancholy Whores ਵੀ ਬਹੁਤ ਪੜ੍ਹੀ ਅਤੇ ਪਸੰਦ ਕੀਤੀ ਗਈ। ਉਹ ਫਰਾਂਜ਼ ਕਾਫ਼ਕਾ ਦੀ ‘ਮੈਟਾਮਾਰਫੋਸਿਸ’ ਤੋਂ ਬਹੁਤ ਪ੍ਰਭਾਵਤਿ ਸੀ। ਇਸ ਦਾ ਅਨੁਵਾਦ ਬੋਖ੍ਰੇਸ ਨੇ ਕੀਤਾ ਸੀ। ਇਸ ਨੂੰ ਪੜ੍ਹਨ ਮਗਰੋਂ ਮਾਰਕੁਏਜ਼ ਨੂੰ ਅਹਿਸਾਸ ਹੋਇਆ ਕਿ ਸਾਹਤਿ ਨੂੰ ਪਰੰਪਰਕ ਪੱਧਤੀ ’ਚ ਲਿਖਣਾ ਜ਼ਰੂਰੀ ਨਹੀਂ ਹੈ। ਉਸ ਦਾ ਕਹਿਣਾ ਸੀ: ‘‘ਮੈਂ ਸੋਚਿਆ, ਇਹ ਤਾਂ ਮੈਨੂੰ ਪਤਾ ਹੀ ਨਹੀਂ ਕਿ ਇੰਝ ਵੀ ਲਿਖਿਆ ਜਾ ਸਕਦਾ ਹੈ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਬਹੁਤ ਪਹਿਲਾਂ ਲਿਖਣਾ ਸ਼ੁਰੂ ਕਰ ਦਿੰਦਾ। ਕਾਫ਼ਕਾ ’ਚ ਮੈਨੂੰ ਨਾਨੀ ਦੀ ਆਵਾਜ਼ ਸੁਣਦੀ ਹੈ। ਉਹ ਵੀ ਇਵੇਂ ਹੀ ਕਹਾਣੀਆਂ ਸੁਣਾਉਂਦੀ ਸੀ। ਅਸਚਰਜ ਕਹਾਣੀਆਂ ਇਕਦਮ ਸਹਜਿ ਭਾਵ ਨਾਲ ਬਣਾਉਂਦੀ ਸੀ।’’ ਇਸ ਦੌਰਾਨ ਮਾਰਕੁਏਜ਼ ਸੰਪੂਰਨ ਤੌਰ ’ਤੇ ਸਾਹਤਿ ਪੜ੍ਹਨ ਲਿਖਣ ’ਚ ਲੱਗ ਗਿਆ।
ਮਾਰਕੁਏਜ਼ ਨੇ ਆਪਣੇ ਨਾਵਲ ‘One Hundred Years of Solitude’ ਸਦਕਾ ਮਿਲੇ ਨੋਬੇਲ ਪੁਰਸਕਾਰ ਸਮੇਂ ਦਿੱਤੇ ਭਾਸ਼ਣ ਵਿਚ ਕਿਹਾ: ‘‘ਅੱਜ ਦੇ ਵਾਂਗ ਹੀ ਇਕ ਦਿਨ ਮੇਰੇ ਉਸਤਾਦ ਵਿਲੀਅਮ ਫਾੱਕਨਰ ਨੇ ਕਿਹਾ ਸੀ ‘ਮੈਂ ਮਨੁੱਖ ਦੇ ਅੰਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹਾਂ’। ਮੈਂ ਇਸ ਜਗ੍ਹਾ, ਜੋ ਕਿ ਉਨ੍ਹਾਂ ਦੀ ਸੀ, ਖੜ੍ਹਾ ਹੋਣ ਤੋਂ ਵਿਰਵਾ ਰਹਿ ਜਾਂਦਾ, ਜੇਕਰ ਮੈਂ ਉਸ ਵਿਰਾਟ ਤ੍ਰਾਸਦੀ ਤੋਂ ਪੂਰੀ ਤਰ੍ਹਾਂ ਵਾਕਫ਼ ਨਾ ਹੁੰਦਾ ਜਿਸ ਨੂੰ ਉਨ੍ਹਾਂ ਨੇ ਬੱਤੀ ਸਾਲ ਪਹਿਲਾਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਹੁਣ ਮਾਨਵਤਾ ਦੀ ਸ਼ੁਰੂਆਤ ਮਗਰੋਂ ਪਹਿਲੀ ਵਾਰ ਇਕ ਸਾਧਾਰਨ ਵਿਗਿਆਨਕ ਸੰਭਾਵਨਾ ਤੋਂ ਜ਼ਿਆਦਾ ਕੁਝ ਨਹੀਂ। ਇਹ ਭਿਆਨਕ ਸੱਚਾਈ ਸਮੁੱਚੇ ਮਾਨਵੀ ਸਮੇਂ ’ਚ ਮਹਿਜ਼ ਸੁਪਨਸਾਜ਼ੀ (Utopia) ਜਾਪਦੀ ਹੈ। ਇਸ ਦਾ ਸਾਹਮਣਾ ਕਰਦਿਆਂ ਅਸੀਂ ਇਹ ਵਿਸ਼ਵਾਸ ਕਰਨ ਦੇ ਹੱਕਦਾਰ ਹਾਂ ਕਿ ਉਲਟ-ਯੂਟੋਪੀਆ ਦੇ ਸਿਰਜਣ ਲਈ ਜੁਟ ਜਾਣ ’ਚ ਅਜੇ ਦੇਰ ਨਹੀਂ ਹੋਈ। ਸੌ ਵਰ੍ਹਿਆਂ ਤੋਂ ਇਕੱਲਤਾ ਸਹਿ ਰਹੀਆਂ ਸਰਾਪੀਆਂ ਨਸਲਾਂ ਨੂੰ ਆਖ਼ਰ ਹਮੇਸ਼ਾ ਲਈ ਇਸ ਧਰਤੀ ’ਤੇ ਇਕ ਮੌਕਾ ਮਿਲੇਗਾ।’’
ਇਸ ਨਾਵਲ ਦਾ ਸਪੇਨੀ ਤੋਂ ਹਿੰਦੀ ’ਚ ਅਨੁਵਾਦ ਮਨੀਸ਼ਾ ਤਨੇਜਾ ਨੇ ਕੀਤਾ ਹੈ। ਉਹ ਜੇ.ਐਨ.ਯੂ. ਤੋਂ ਡਾਕਟਰੇਟ ਕਰਨ ਮਗਰੋਂ ਦਿੱਲੀ ਯੂਨੀਵਰਸਿਟੀ ਵਿਚ ਸਪੇਨੀ ਸਾਹਤਿ ਪੜ੍ਹਾਉਂਦੀ ਹੈ। ਉਸ ਨੇ ਹੋਰ ਵੀ ਕਈ ਅਨੁਵਾਦ ਕੀਤੇ ਹਨ ਜਿਵੇਂ ਨੋਬੇਲ ਪਰੁਸਕਾਰ ਜੇਤੂ ਪਾਬਲੋ ਨੇਰੂਦਾ ਦੀਆਂ ਯਾਦਾਂ ‘ਹਾਂ, ਮੈਨੇ ਜ਼ਿੰਦਗੀ ਜੀਅ ਹੈ’ ਅਤੇ ਨਾਦੀਨ ਗਾਰਦੀਮਾਰ ਦੇ ਕਹਾਣੀ ਸੰਗ੍ਰਹਿ ‘ਛਲਾਂਗ’ ਆਦਿ। ਉਸ ਨੇ ਤੁਰਕ ਲੇਖਕ ਹਕਾਨ ਗੁੰਡੇ, ਸਪੇਨੀ ਲੇਖਿਕਾ ਮੇਰਸੇ ਰੂਦੋਰੇਦਾ ਦੀਆਂ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਹੈ। ਹੁਣੇ ਹੁਣੇ ਉਸ ਦਾ ਅਮਤਿਵ ਘੋਸ਼ ਦਾ ਨਾਵਲ ‘ਗਨ ਆਈਲੈਂਡ’ ਦਾ ਅਨੁਵਾਦ ‘ਬੰਦੂਕ ਦੀਪ’ ਦੀ ਬੜੀ ਚਰਚਾ ਹੋਈ ਹੈ।
ਮਨੀਸ਼ਾ ਤਨੇਜਾ ਅਨੁਸਾਰ ਮਾਰਕੁਏਜ਼ ਦੀਆਂ ਲਿਖਤਾਂ ਨੂੰ ਜਾਦੂਈ ਯਥਾਰਥ ਭਾਵ ‘Magic Realism’ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਾਦੂਈ ਯਥਾਰਥ ਸ਼ਬਦਾਂ ਦੀ ਵਰਤੋਂ ਉਨੀ ਸੌ ਵੀਹਵਿਆਂ ਦੇ ਦੌਰ ’ਚ ਕੁਝ ਚਿੱਤਰਕਾਰਾਂ ਦੇ ਚਿੱਤਰਾਂ ਦੀ ਸ਼ੈਲੀਮੂਲਕ ਵਿਆਖਿਆ ਲਈ ਕੀਤੀ ਗਈ ਸੀ। ਇਸ ਰਾਹੀਂ ਆਮ ਵਸਤ-ਵਿਹਾਰਾਂ ਨੂੰ ਲੋਕਧਾਰਾ ਅਤੇ ਲੋਕ ਮਨ ਦੀ ਮਦਦ ਨਾਲ ਮਿੱਥ ਸ਼ੈਲੀ ’ਚ ਰੋਜ਼ ਮੱਰਾ ਦੀਆਂ ਆਮ ਵਸਤਾਂ, ਵਿਸ਼ਵਾਸਾਂ ਅਤੇ ਵਿਹਾਰਾਂ ਨੂੰ ਗ਼ੈਰਯਕੀਨੀ ਵਾਲੇ ਤਰੀਕੇ ਨਾਲ ਬਿਆਨਿਆ ਜਾਂਦਾ ਹੈ। ਇਹ ਜਾਦੂਈ ਯਥਾਰਥ ਦੀ ਜਟਿਲਤਾ ਨੂੰ ਖੋਲ੍ਹਦੀ ਸਿਰਫ਼ ਇਕ ਸਰਲ ਪਰਿਭਾਸ਼ਾ ਹੈ ਕਿਉਂਕਿ ਅੱਜ ਤੱਕ ਇਸ ਸੰਕਲਪ ਕੋਈ ਮੁਕੰਮਲ ਤਸ਼ਰੀਹ ਅਤੇ ਵਜ਼ਾਹਤ ਨਹੀਂ ਕੀਤੀ ਜਾ ਸਕੀ।
‘ਇਕਲਾਪੇ ਦੇ ਸੌ ਸਾਲ’ ਮਾਰਕੁਏਜ਼ ਵੱਲੋਂ ਪੇਸ਼ ਮਾਕੋਂਦੋ ਸ਼ਾਹਿਰ ਦੇ ਸੌ ਸਾਲਾਂ ਦਾ ਬਿਰਤਾਂਤ ਹੈ। ਮਾਕੋਂਦੋ ਦੀ ਕਾਇਮੀ ਖੋਸੇ ਅਕਾਰਦੀਓ ਬੁਏਂਦੀਆ ਅਤੇ ਉਸ ਦੇ ਇੱਕੀ ਸਾਥੀਆਂ ਨੇ ਕੀਤੀ। ਇਸ ਬਿਰਤਾਂਤ ਦੇ ਨਾਲ ਨਾਲ ਬੁਏਂਦੀਆ ਟੱਬਰ ਦੀ ਕਹਾਣੀ ਵੀ ਚੱਲਦੀ ਹੈ। ਇਸ ਬਿਰਤਾਂਤ ’ਚ ਸਮਾਜ ਦੇ ਆਰੰਭ ਤੋਂ ਲੈ ਕੇ ਬਿਨਸਣ ਤੱਕ, ਆਜ਼ਾਦੀ ਦੇ ਨਵਬਸਤੀਵਾਦ ਦੀ ਦੁਨੀਆ ਦਾ ਦ੍ਰਿਸ਼ਟਾਂਤ ਮਿਲਦਾ ਹੈ। ਇਸ ਵਿਚ ਸਭਿਅਤਾ ਦੀਆਂ ਪ੍ਰਚੱਲਤਿ ਮਾਨਤਾਵਾਂ ਨੂੰ ਬਦਲਣ ਦੀ ਯਾਤਰਾ, ਲਕੀਰਾਂ ਅਤੇ ਚੱਕਰਾਂ ਦੇ ਭੁੱਲ-ਭੁਲੱਈਆ ਦੀ ਕਥਾ ਹੈ ਜਿਸ ਨੂੰ ਬਿਰਤਾਂਤਕ ਸਿਧਾਂਤ ਦੀ ਭਾਸ਼ਾ ’ਚ ਜਾਦੂਈ ਯਥਾਰਥ ਕਿਹਾ ਗਿਆ ਹੈ। ਮਾਕੋਂਦੋ ਦੀ ਸਥਾਪਨਾ ਮਹਿਜ਼ ਘਟਨਾ ਨਹੀਂ ਹੈ। ਇਹ ਇਕ ਆਦਰਸ਼ ਲੋਕ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸੇ ਲਈ ਸ਼ਾਇਦ ਇਸ ਬਿਰਤਾਂਤ ’ਚ ਮਾਰਕੁਏਜ਼ ‘ਪਰਾਇਤਿਹਾਸਕ ਆਂਡਿਆਂ’ ਦਾ ਜ਼ਿਕਰ ਕਰਦਾ ਹੈ। ਜੇਕਰ ਇਸ ਨੂੰ ਅੰਜੀਲ ਦੀ ਮਿੱਥ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਖੋਸੇ ਅਕਾਰਦੀਓ ਬੁਏਂਦੀਆ ਬਾਬਾ ਆਦਮ ਹੈ ਅਤੇ ਉਰਸੁਲਾ ਬੇਬੇ ਹਵਾ।
ਇਸ ਆਦਰਸ਼ ਲੋਕ ਦੇ ਵਰਣਨ ਮਗਰੋਂ ਮਨੀਸ਼ਾ ਤਨੇਜਾ ਅਨੁਸਾਰ ਇਸ ਬਿਰਤਾਂਤ ’ਚ ਮਹਾਕਾਵਿ ਜਿਹੀ ਸਥਤਿੀ ਬਣਦੀ ਦਿਸਦੀ ਹੈ। ਬੁਏਂਦੀਆ ਟੱਬਰ ਦਾ ਆਮ ਲੋਕਾਂ ਨਾਲ ਘੁਲਣਾ ਮਿਲਣਾ, ਲੜਾਈਆਂ ਝਗੜੇ ਅਤੇ ਕੇਲੇ ਦੇ ਵਿਓਪਾਰ ’ਚ ਲੱਗੀ ਬਸਤੀਵਾਦੀ ਕੰਪਨੀ ਦੇ ਜ਼ੁਲਮੋ ਸਤਿਮ ਵੱਖ ਵੱਖ ਹਾਲਾਤ ਹਨ। ਕਰਨਲ ਔਰੇਲਿਆਨੋ ਬੁਏਂਦੀਆ ਇਨਸਾਫ਼ ਅਤੇ ਨਿਆਂ ਪ੍ਰਾਪਤੀ ਲਈ ਲੜਦਾ ਅਤੇ ਸੰਘਰਸ਼ ਕਰਦਾ ਹੈ, ਪਰ ਇਸ ਪ੍ਰਕਿਰਿਆ ’ਚ ਉਹ ਖ਼ੁਦ ਤਾਨਾਸ਼ਾਹ ਬਣ ਜਾਂਦਾ ਹੈ। ਨਾਇਕ, ਖਲਨਾਇਕ ਬਣ ਜਾਂਦਾ ਹੈ। ਇਸ ਤੋਂ ਬਾਅਦ ਆਉਂਦਾ ਹੈ ਇਕ ਮਿੱਥਕ ਪੜਾਅ। ਇੱਥੇ ਪਤਾ ਲੱਗਦਾ ਹੈ ਕਿ ਮੇਲਕੀਆਦੇਸ ਨੂੰ ਪਹਿਲਾਂ ਹੀ ਪੂਰੀ ਕਥਾ ਬਾਬਤ ਪਤਾ ਹੈ। ਇਸ ਲਈ ਉਹ ਇਹ ਕਥਾ ਲਿਖਦਾ ਹੈ ਪਰ ਪਾਠਕ ਨੂੰ ਇਸ ਦਾ ਪਤਾ ਅੰਤ ’ਚ ਲੱਗਦਾ ਹੈ ਜਦੋਂ ਕਰਨਲ ਔਰੇਲਿਆਨੋ ਮਰੀ ਹੋਈ ਭਾਸ਼ਾ ’ਚ ਚਮੜੇ ਦੇ ਪੱਤਰਾਂ ’ਤੇ ਲਿਖੀ ਲਿਖਤ ਪੜ੍ਹਨ ਵਿਚ ਕਾਮਯਾਬ ਹੋ ਜਾਂਦਾ ਹੈ।
ਜਿਵੇਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਮਾਕੋਂਦੋ ਦਾ ਇਤਿਹਾਸ ਮਨੁੱਖੀ ਇਤਿਹਾਸ ਦਾ ਸੰਖੇਪ ਰੂਪ ਹੈ। ਆਮ ਸਮਾਜ ਵਾਂਗੂੰ ਇਸ ਵਿਚ ਵੀ ਉਤਰਾਅ-ਚੜ੍ਹਾਅ ਸਾਹਮਣੇ ਆਉਂਦੇ ਹਨ। ਇਕ ਸੌ ਸਾਲ ਦਾ ਇਤਿਹਾਸ ਆਪਣੇ ਆਪ ’ਚ ਜਨਮ ਮਰਨ, ਵਿਕਾਸ ਵਿਨਾਸ਼, ਉਪਜਣ ਬਿਨਸਣ ਅਤੇ ਚੜ੍ਹਨ ਲੱਥਣ ਆਦਿ ਸਭ ਕੁਝ ਸਾਂਭੀ ਬੈਠਾ ਹੈ। ਫਰਾਂਸੀਸੀ, ਬਰਤਾਨਵੀ ਅਤੇ ਸਲੇਨੀ ਬਸਤੀਆਂ ਵਾਂਗ ਖੋਸੇ ਅਕਾਰਦੀਓ ਬੁਏਂਦੀਆ ਅਤੇ ਉਸ ਦੇ ਸਾਥੀ ਬਾਹਰੋਂ ਆ ਕੇ ਸਥਾਪਨਾ ਕਰਦੇ ਹਨ। ਮਾਕੋਂਦੋ ਦਾ ਪਹਿਲਾ ਸਮਾਜਿਕ, ਇਤਿਹਾਸਕ ਪ੍ਰਭਾਵ ਆਦਰਸ਼ ਪਿੱਤਰੀ ਸਮਾਜ ਵਰਗਾ ਹੈ ਜਿੱਥੇ ਇਸ ਦੇ ਸਾਰੇ ਬਾਸ਼ਿੰਦੇ ਆਰਥਿਕ ਅਤੇ ਸਮਾਜਿਕ ਪੱਧਰ ’ਤੇ ਬਰਾਬਰ ਹਨ ਅਤੇ ਆਪਸ ’ਚ ਪ੍ਰੇਮ ਭਾਵ ਤੇ ਸਨੇਹ ਨਾਲ ਰਹਿੰਦਿਆਂ ਜੀਵਨ ਬਸਰ ਕਰਦੇ ਹਨ। ਜਦੋਂ ਕੁਝ ਸਮੇਂ ਬਾਅਦ ਵਣਜਾਰੇ ਉੱਥੇ ਪਹੁੰਚਦੇ ਹਨ ਤਾਂ ਸਮਾਜ ਬਦਲ ਜਾਂਦਾ ਹੈ। ਮਾਕੋਂਦੋ ਦੇ ਬਾਸ਼ਿੰਦੇ ਕਾਰੀਗਰ, ਸ਼ਿਲਪੀ ਅਤੇ ਵਪਾਰੀ ਬਣ ਜਾਂਦੇ ਹਨ। ਬੁਏਂਦੀਆ ਟੱਬਰ ਵੀ ਇਸ ਬਦਲਾਅ ਤੋਂ ਪ੍ਰਭਾਵਤਿ ਹੋਣ ਤੋਂ ਆਪਣੇ ਆਪ ਨੂੰ ਨਹੀਂ ਬਚਾਅ ਨਹੀਂ ਸਕਦਾ। ਜਿੱਥੇ ਪਹਿਲਾਂ ਉਰਸੁਲਾ ਅਤੇ ਬੱਚੇ ਸਬਜ਼ੀਆਂ ਉਗਾਉਂਦੇ ਸਨ ਹੁਣ ਔਰਲਿਆਨੋ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਸਿੱਖਦਾ ਹੈ। ਉਰਸੁਲਾ ਮਠਿਆਈਆਂ ਅਤੇ ਪੇਸਟਰੀ ਕੇਕਾਂ ਦਾ ਕਾਰੋਬਾਰ ਸ਼ੁਰੂ ਕਰਦੀ ਹੈ। ਸਮਾਜ ਬਦਲਦਾ ਰਹਿੰਦਾ ਹੈ। ਆਦਿਵਾਸੀ ਸ਼ਾਸਨ ਵਿਵਸਥਾ ਦੀ ਥਾਂ ਨਵਾਂ ਨਿਜ਼ਾਮ ਲੈ ਲੈਂਦਾ ਹੈ। ਪਹਿਲਾ ਜ਼ਿਲ੍ਹਾ ਅਧਿਕਾਰੀ ਆਉਂਦਾ ਹੈ ਜਿਸ ਦਾ ਨਾਮ ਹੈ ਦੋਨ ਅਪੋਲਿਨਾਰ ਮੋਸਕੋਤੇ। ਫਿਰ ਚਰਚ ਦਾ ਪਾਦਰੀ ਫਾਦਰ ਨਿਕਨਾਰ ਰੇਇਨਾ ਪ੍ਰਵੇਸ਼ ਕਰਦਾ ਹੈ। ਨਾਲ ਹੀ ਸ਼ਹਿਰ ’ਚ ਪੁਲੀਸ ਵਿਭਾਗ ਦਾ ਵੀ ਗਠਨ ਹੁੰਦਾ ਹੈ। ਫਿਰ ਸ਼ਹਿਰ ’ਚ ਖ਼ਾਨਾਜੰਗੀ ਸ਼ੁਰੂ ਹੋ ਜਾਂਦੀ ਹੈ। ਇਹ ਖ਼ਾਨਾਜੰਗੀ ਦੇ ਹਾਲਾਤ ਵੀਹ ਸਾਲ ਚੱਲਦੇ ਹਨ। ਇਸ ਦੌਰਾਨ ਮਾਕੋਂਦੋ ਦਾ ਵਿਕਾਸ ਅਤੇ ਪ੍ਰਗਤੀ ਠੱਪ ਹੋ ਜਾਂਦੀ ਹੈ। ਖ਼ਾਨਾਜੰਗੀ ਦੇ ਦਿਨਾਂ ’ਚ ਹੀ ਟੈਲੀਗਰਾਫ਼ ਦੇ ਦਰਸ਼ਨ ਹੁੰਦੇ ਹਨ। ਖ਼ਾਨਾਜੰਗੀ ਖ਼ਤਮ ਹੋਣ ’ਤੇ ਨਗਰਪਾਲਿਕਾ ਦੀ ਸਥਾਪਨਾ ਹੁੰਦੀ ਹੈ। ਸ਼ਾਂਤੀ ਆਉਣ ਨਾਲ ਮਾਕੋਂਦੋ ਫਿਰ ਅਮੀਰ ਹੋਣ ਲੱਗਦਾ ਹੈ। ਰੇਲ ਗੱਡੀ, ਸਿਨਮਾ, ਗ੍ਰਾਮੋਫ਼ੋਨ ਅਤੇ ਟੈਲੀਫ਼ੋਨ ਜਿਹੇ ਆਧੁਨਿਕ ਉਪਕਰਣ ਸ਼ਹਿਰ ’ਚ ਆਮ ਨਜ਼ਰ ਆਉਣ ਲੱਗਦੇ ਹਨ। ਕਾਰੀਗਰਾਂ ਅਤੇ ਵਪਾਰੀਆਂ ਦਾ ਸਮਾਜ ਉਦਯੋਗਿਕ ਸ਼ਹਿਰ ’ਚ ਬਦਲਣ ਲਗਦਾ ਹੈ। ਇੱਥੇ ਔਰੇਲਿਆਨੋ ਤ੍ਰਿਸਤੇ ਬਰਫ਼ ਦਾ ਕਾਰਖ਼ਾਨਾ ਲਗਾਉਂਦਾ ਹੈ। ਬਾਅਦ ’ਚ ਔਰੇਲਿਆਨੋ ਸੇਨਤਾਨੋ ਬਰਫ਼ ਦੇ ਕਾਰਖ਼ਾਨੇ ਨੂੰ ਆਈਕਰੀਮ ਦੀ ਫੈਕਟਰੀ ’ਚ ਤਬਦੀਲ ਕਰ ਦਿੰਦਾ ਹੈ।
ਇਸ ਸਮਾਜ ਵਿਚ ਦੂਸਰੇ ਇਤਿਹਾਸਕ ਪਰਿਵਰਤਨ ਦੇ ਲੱਛਣ ਉਦੋਂ ਦਿਖਾਈ ਦਿੰਦੇ ਹਨ ਜਦੋਂ ਉੱਤਰ ਅਮਰੀਕਾ ਦੀ ਕੇਲਾ ਕੰਪਨੀ ਉੱਥੇ ਪਹੁੰਚਦੀ ਹੈ। ਤਨੇਜਾ ਦਾ ਕਹਿਣਾ ਹੈ ਕਿ ਮਾਕੋਂਦੋ ਵਿਦੇਸ਼ੀ ਸੱਤਾ ਲਈ ਇਕ ਖ਼ਾਸ ਤਰੀਕੇ ਦਾ ਕੱਚਾ ਮਾਲ ਪੈਦਾ ਕਰਨ ਵਾਲਾ ਉਤਪਾਦਨ ਕੇਂਦਰ ਬਣ ਜਾਂਦਾ ਹੈ। ਕੇਲੇ ਦੀ ਖੇਤੀ ਖ਼ੁਸ਼ਹਾਲੀ ਅਤੇ ਮਿਹਨਤ ਦਾ ਇਕੋ ਇਕ ਸਾਧਨ ਬਣ ਕੇ ਰਹਿ ਜਾਂਦੀ ਹੈ। ਸਮਾਜ ਦੇ ਇਸ ਬਦਲਾਅ ਦੇ ਨਾਲ ਹੀ ਪੁਰਾਣੇ ਕਾਰੀਗਰ, ਸ਼ਿਲਪੀ, ਵਪਾਰੀ ਅਤੇ ਕਿਸਾਨ ਤਨਖ਼ਾਹਦਾਰ ਤੇ ਦਿਹਾੜੀਦਾਰ ਬਣ ਕੇ ਰਹਿ ਜਾਂਦੇ ਹਨ। ਇਸ ਦੇ ਨਾਲ ਹੀ ਮਾਕੋਂਦੋ ਫ਼ਜ਼ੂਲਖ਼ਰਚੀ ਅਤੇ ਤਣਾਵਾਂ ਤੇ ਟਕਰਾਵਾਂ ਦੇ ਨਵੇਂ ਦੌਰ ਵਿਚ ਪ੍ਰਵੇਸ਼ ਕਰਦਾ ਹੈ। ਕੰਪਨੀ ਦੇ ਮਜ਼ਦੂਰ ਹੜਤਾਲ ਕਰਦੇ ਹਨ। ਫ਼ੌਜ ਉਨ੍ਹਾਂ ਨੂੰ ਦਬਾਉਣ ਲਈ ਬੜਾ ਹੀ ਜ਼ੁਲਮੀ ਅਤੇ ਅਣਮਨੁੱਖੀ ਵਤੀਰਾ ਅਪਣਾਉਂਦੀ ਹੈ। ਮਾਕੋਂਦੋ ਦਾ ਆਖ਼ਰੀ ਪੜਾਅ ਇਕ ਕੁਦਰਤੀ ਆਫ਼ਤ ਨਾਲ ਆਰੰਭ ਹੁੰਦਾ ਹੈ। ਕੇਲੇ ਦੀ ਫ਼ਸਲ ’ਤੇ ਗੜੇਮਾਰੀ ਹੁੰਦੀ ਹੈ ਅਤੇ ਆਰਥਿਕ ਜੀਵਨ ਦੀਆਂ ਸਾਰੀਆ ਗਤੀਵਿਧੀਆਂ ਠੱਪ ਹੋ ਜਾਂਦੀਆਂ ਹਨ। ਹਰ ਪਾਸੇ ਗ਼ਰੀਬੀ, ਤਬਾਹੀ ਅਤੇ ਬਰਬਾਦੀ ਦਾ ਦ੍ਰਿਸ਼ ਦਿਸਦਾ ਹੈ। ਮਾਕੋਂਦੋ ਸ਼ਮਸ਼ਾਨ ਦਾ ਰੂਪ ਧਾਰ ਲੈਂਦਾ ਹੈ। ਕੁਝ ਬਚੇ ਖੁਚੇ ਲੋਕ ਵੀ ਅੰਤ ’ਚ ਸਮੁੰਦਰੀ ਤੂਫ਼ਾਨ ਨਾਲ ਖ਼ਤਮ ਹੋ ਜਾਂਦੇ ਹਨ। ਮਾਕੋਂਦੋ ਜੀਵਨ ਦ੍ਰਿਸ਼ ਤੋਂ ਬਿਨਸ ਜਾਂਦਾ ਹੈ।
‘ਇਕਲਾਪੇ ਦੇ ਸੌ ਵਰ੍ਹੇ’ ਦੇ ਬਿਰਤਾਂਤ ਵਿਚ ਪਾਤਰਾਂ ਦੀ ਆਸ ਮੁਤਾਬਿਕ ਕੁਝ ਵੀ ਨਹੀਂ ਵਾਪਰਦਾ। ਹਰ ਘਟਨਾ ਉਨ੍ਹਾਂ ਨੂੰ ਹੈਰਾਨ ਕਰ ਦਿੰਦੀ ਹੈ। ਸਾਰੇ ਹੀ ਨਿਰਾਸ਼ ਭਾਵ ’ਚ ਰਹਿੰਦੇ ਹਨ। ਕੋਈ ਵੀ ਪਾਤਰ ਦੂਜੇ ਪਾਤਰ ਦੇ ਨੇੜੇ ਮਹਿਸੂਸ ਨਹੀਂ ਕਰਦਾ। ਨਾਵਲੀ ਬਿਰਤਾਂਤ ਦੀ ਬਣਤਰ ਵਾਂਗ ਪਾਤਰਾਂ ਦੀ ਕ੍ਰਮਾਵਲੀ ਵੀ ਦਾਇਰੇ ਵਾਂਗ ਘੁੰਮਦੀ ਹੈ। ਸਾਰਿਆਂ ਨੂੰ ਇੰਝ ਲੱਗਦਾ ਹੈ ਕਿ ਸਭ ਕਾਰ ਵਿਹਾਰ ਵਿਅਰਥ ਹੈ। ਮਨੀਸ਼ਾ ਅਨੁਸਾਰ ਹਰ ਕੋਈ ਆਪਣਾ ਜੀਵਨ ਅਰਥਪੂਰਨ ਬਣਾਉਣ ’ਚ ਅਸਫ਼ਲ ਰਹਿੰਦਾ ਹੈ। ਕੋਈ ਵੀ ਆਪਣੇ ਆਪ ਨੂੰ ਸਾਬਤਿ ਨਹੀਂ ਕਰ ਪਾਉਂਦਾ। ਹਰ ਤਰ੍ਹਾਂ ਦੀ ਕੋਸ਼ਿਸ਼ ਦੇ ਬਾਵਜੂਦ ਹੋਣੀ ਦੇ ਚੱਕਰ ਤੋਂ ਮੁਕਤ ਨਹੀਂ ਹੋ ਸਕਦੇ। ਸਾਰੇ ਪਾਤਰ ਸੋਚਦੇ ਹਨ ਕਿ ਉਨ੍ਹਾਂ ਦਾ ਕਾਰਜ ਅਰਥਪੂਰਨ ਹੈ ਪਰ ਆਪਣੇ ਕੰਮ ਨੂੰ ਤਾਰਕਿਕ ਅੰਤ ਤੱਕ ਕੋਈ ਵੀ ਨਹੀਂ ਲਜਿਾ ਸਕਦਾ। ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਹ ਘੁੰਮ ਘੁਮਾਅ ਕੇ ਮੁੜ ਆਰੰਭ ’ਤੇ ਹੀ ਪਹੁੰਚ ਜਾਂਦੇ ਹਨ, ਪਰ ਇਸ ਗ਼ੈਰ-ਰਵਾਇਤੀ ਅਤੇ ਇਤਿਹਾਸਕ ਥਿਰਤਾ ਦੇ ਬਾਵਜੂਦ ਬਿਰਤਾਂਤ ਪੂਰੀ ਤਰ੍ਹਾਂ ਕਿਰਿਆਸ਼ੀਲ ਅਤੇ ਗਤੀਮਾਨ ਰਹਿੰਦਾ ਹੈ। ਇਸੇ ਕਾਰਨ ਪਾਠਕ ਇਸ ਦੇ ਪਾਠ ’ਚ ਸਹਜਿੇ ਹੀ ਲੀਨ ਹੋ ਜਾਂਦਾ ਹੈ।
ਇਸ ਬਿਰਤਾਂਤ ’ਚ ਇਕ ਹੀ ਕਿਰਿਆ ਵਾਰ ਵਾਰ ਵਾਪਰਦੀ ਦਿਖਾਈ ਦਿੰਦੀ ਹੈ। ਪਾਠਕ ਜਦ ਇਸ ਨੂੰ ਪੜ੍ਹਦਾ ਹੈ ਤਾਂ ਬਿਰਤਾਂਤ ’ਚ ਨਿਭਿਆ ਹਰ ਕਾਰਜ ਉਸ ਨੂੰ ਕਿਸੇ ਹੋਰ ਅਜਿਹੇ ਕਾਰਜ ਦੀ ਸਿਮਰਤੀ ’ਚ ਲੈ ਜਾਂਦਾ ਹੈ। ਇਸ ਅਨੁਭਵ ਨੂੰ ਅੰਗਰੇਜ਼ੀ ’ਚ ‘Dejavu’ ਕਹਿੰਦੇ ਹਨ। ਉਸ ਨੂੰ ਹਰ ਕੰਮ ਇਵੇਂ ਲੱਗਦਾ ਹੈ ਜਿਵੇਂ ਉਹ ਉਸ ਨੂੰ ਦੁਹਰਾਅ ਰਿਹਾ ਹੋਵੇ। ਖੋਸੇ ਅਕਾਰਦੀਓ ਨਾਮੀ ਸਾਰੇ ਪਾਤਰ ਇਕੋ ਜਿਹੇ ਸੁਭਾਅ ਦੇ ਲੱਗਦੇ ਹਨ ਅਤੇ ਸਾਰੇ ਔਰੇਲਿਆਨੋ ਇਕੋ ਜਿਹੀ ਬਿਰਤੀ ਦੇ। ਸੌ ਸਾਲਾਂ ਦੇ ਲੰਮੇ ਵਕਫ਼ੇ ’ਚ ਭਾਵੇਂ ਪਾਤਰ ਬਦਲਦੇ ਹਨ ਪਰ ਉਹ ਨਿੱਜੀ ਹੋਂਦਾਂ ਦੇ ਬਾਵਜੂਦ ਇਕੋ ਜਿਹੇ ਦਿਸਦੇ ਹਨ। ਇਸੇ ਕਰਕੇ ‘ਇਕਲਾਪੇ ਦੇ ਸੌ ਵਰ੍ਹੇ’ ਦੇ ਬਿਰਤਾਂਤ ਦੀ ਬਣਤਰ ਘੁਮਾਅਦਾਰ ਹੈ। ਕਦੇ ਬਿਰਤਾਂਤ ਭਵਿੱਖਮੁਖੀ ਹੋ ਜਾਂਦਾ ਹੈ ਅਤੇ ਕਦੇ ਭੂਤਮੁਖੀ ਪਰ ਉਸ ਦਾ ਧਰਾਤਲ ਉਹੀ ਰਹਿੰਦਾ ਹੈ। ਨਾ ਇਹ ਬਿਰਤਾਂਤ ਸਪੇਸ ’ਚ ਫੈਲਦਾ ਹੈ ਅਤੇ ਨਾ ਕਾਲ ’ਚ। ਇਸੇ ਕਰਕੇ ਇਸ ਬਿਰਤਾਂਤ ਦਾ ਹਰ ਵਰਤਾਰਾ ਇਕੱਲਤਾ ਦੀ ਸਮਾਧੀ ’ਚ ਮੌਨ ਹੈ... ਲੀਨ ਹੈ। ਇਸੇ ਕਰਕੇ ਇਸ ਬਿਰਤਾਂਤ ਦਾ ਪਾਠਕ ਇਸ ਨੂੰ ਪੜ੍ਹਨ ਤੋਂ ਬਾਅਦ ਇੰਝ ਅਨੁਭਵ ਕਰਦਾ ਹੈ ਜਿਵੇਂ ਉਹ ਕਿਸੇ ਜਾਦੂਈ ਪ੍ਰਭਾਵ ’ਚੋਂ ਗੁਜ਼ਰਿਆ ਹੋਵੇ। ਬਿਰਤਾਂਤ ਦੀ ਇਸੇ ਖ਼ਾਸੀਅਤ ਕਾਰਨ ਇਸ ਕਤਿਾਬ ਦਾ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ’ਚ ਅਨੁਵਾਦ ਹੋ ਚੁੱਕਾ ਹੈ।
ਸੰਪਰਕ: 82839-48811

Advertisement

Advertisement
Author Image

joginder kumar

View all posts

Advertisement
Advertisement
×