ਹਫ਼ਤੇ ਤੱਕ ਸੌ ਫੀਸਦੀ ਫ਼ਸਲ ਦੀ ਲਿਫ਼ਟਿੰਗ ਹੋ ਜਾਵੇਗੀ: ਬਰਸਟ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਨਵੰਬਰ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀਆਂ ਸਮੂਹ ਮੰਡੀਆਂ ਵਿੱਚ ਝੋਨੇ ਦੀ ਆਮਦ ਅਤੇ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ ਅਤੇ ਲਿਫ਼ਟਿੰਗ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ। ਹੁਣ ਤੱਕ ਪੰਜਾਬ ਦੀਆਂ ਮੰਡੀਆਂ ’ਚੋਂ ਲਗਪਗ 74 ਫੀਸਦੀ ਲਿਫ਼ਟਿੰਗ ਹੋ ਚੁੱਕੀ ਹੈ ਅਤੇ ਹਫ਼ਤੇ ਤੱਕ 100 ਫੀਸਦੀ ਲਿਫ਼ਟਿੰਗ ਕੀਤੀ ਜਾਵੇਗੀ। ਅੱਜ ਇੱਥੇ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 151.71 ਲੱਖ ਮੀਟਰਿਕ ਟਨ ਝੋਨੇ ਦੀ ਫ਼ਸਲ ਦੀ ਆਮਦ ਹੋਈ ਹੈ। ਜਿਸ ’ਚੋਂ 146.80 ਲੱਖ ਮੀਟਰਿਕ ਟਨ ਝੋਨਾ ਖ਼ਰੀਦਿਆਂ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਏਜੰਸੀਆਂ ਨੇ 146.44 ਲੱਖ ਮੀਟਰਿਕ ਟਨ ਝੋਨਾ ਖ਼ਰੀਦਿਆਂ ਗਿਆ ਹੈ। ਮੰਡੀਆਂ ’ਚੋਂ ਹੁਣ ਤੱਕ 108.15 ਲੱਖ ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ।
ਚੇਅਰਮੈਨ ਨੇ ਦੱਸਿਆ ਕਿ ਪਨਗਰੇਨ ਵੱਲੋਂ 60,00,858 ਮੀਟਰਿਕ ਟਨ, ਐਫ਼ਸੀਆਈ ਵੱਲੋਂ 1,29,978 ਮੀਟਰਿਕ ਟਨ, ਮਾਰਕਫੈੱਡ ਵੱਲੋਂ 37,49,297 ਮੀਟਰਿਕ ਟਨ, ਪਨਸਪ ਵੱਲੋਂ 30,86,363 ਮੀਟਰਿਕ ਟਨ, ਵੇਅਰਹਾਊਸ ਵੱਲੋਂ 16,77,089 ਮੀਟਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 36,546 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 13,89,022 ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋਈ ਹੈ, ਜਦਕਿ ਪਟਿਆਲਾ ਵਿੱਚ 11,45,832 ਮੀਟਰਿਕ ਟਨ ਨਾਲ ਦੂਜੇ ਅਤੇ ਸੰਗਰੂਰ 10,40,191 ਮੀਟਰਿਕ ਟਨ ਝੋਨੇ ਦੀ ਖ਼ਰੀਦ ਨਾਲ ਤੀਜੇ ਨੰਬਰ ’ਤੇ ਆਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਮੰਡੀਆਂ ਵਿੱਚ 4.03 ਲੱਖ ਮੀਟਰਿਕ ਟਨ ਝੋਨੇ ਦੀ ਫ਼ਸਲ ਦੀ ਆਮਦ ਹੋਈ। ਜਿਸ ’ਚੋਂ 3.97 ਲੱਖ ਮੀਟਰਿਕ ਟਨ ਦੀ ਖ਼ਰੀਦ ਹੋਈ ਹੈ ਅਤੇ 5.86 ਲੱਖ ਮੀਟਰਿਕ ਟਨ ਲਿਫ਼ਟਿੰਗ ਕੀਤੀ ਗਈ ਹੈ।