ਸੌ ਲੜਕੀਆਂ ਨੂੰ ਮਿਲੇਗੀ ਮੁਫ਼ਤ ਕੋਚਿੰਗ
ਲੁਧਿਆਣਾ: ਸੂਬੇ ਦੀਆਂ ਗ੍ਰੈਜੂਏਟ ਪਾਸ ਲੜਕੀਆਂ ਨੂੰ ਦੇਸ਼ ਦੇ ਪ੍ਰਮੁੱਖ ਕਾਲਜਾਂ ਵਿੱਚ ਆਈਆਈਐੱਮਐੱਸ/ਐੱਮਬੀਏ ’ਚ ਦਾਖਲੇ ਲਈ ‘ਪੰਜਾਬ-100’ ਸੰਸਥਾ ਵੱਲੋਂ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਸੰਸਥਾ ਦੇ ਬਾਨੀ ਅਤੇ ਆਈਆਈਐੱਮ ਅਹਿਮਦਾਬਾਦ ਦੇ ਸਾਬਕਾ ਵਿਦਿਆਰਥੀ ਸੋਨੀ ਗੋਇਲ ਨੇ ਦੱਸਿਆ ਕਿ ਯੂਨੀਵਰਸਿਟੀ ਪੱਧਰ ਦੇ ਨਤੀਜਿਆਂ ਵਿੱਚ ਮੁੰਡਿਆਂ ਦੇ ਮੁਕਾਬਲੇ ਪੰਜਾਬ ਦੀਆਂ ਕੁੜੀਆਂ ਵਧੀਆ ਨੰਬਰ ਲੈ ਰਹੀਆਂ ਹਨ ਪਰ ਇਨ੍ਹਾਂ ਦੀ ਆਈਆਈਐੱਮਐੱਸ ਤੇ ਐੱਮਬੀਏ ਦੇ ਦਾਖਲਿਆਂ ’ਚ ਹਿੱਸੇਦਾਰੀ ਤੇ ਪ੍ਰਬੰਧਕੀ ਅਹੁਦਿਆਂ ’ਤੇ ਨੁਮਾਇੰਦਗੀ ਬਹੁਤ ਘੱਟ ਹੈ। ‘ਪੰਜਾਬ-100’ ਸੰਸਥਾ ਵੱਲੋਂ 100 ਗ੍ਰੈਜੂਏਟ ਪਾਸ ਵਿਦਿਆਰਥਣਾਂ ਨੂੰ ਕੈਟ ਦੀ ਮੁਫਤ ਕੋਚਿੰਗ ਦਿੱਤੀ ਜਾਵੇਗੀ। ਇਸ ਸਬੰਧੀ 28 ਜੁਲਾਈ ਨੂੰ ਉਨ੍ਹਾਂ ਦਾ ਆਨਲਾਈਨ ਦਾਖਲਾ ਟੈਸਟ ਲਿਆ ਜਾਵੇਗਾ। ਟੈੱਸਟ ਪਾਸ ਕਰਨ ਵਾਲੀਆਂ ਵਿਦਿਆਰਥਣਾਂ ’ਚੋਂ 100 ਵਿਦਿਆਰਥਣਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ 26 ਜੁਲਾਈ ਤੱਕ www.punjab100.com ’ਤੇ ਆਪਣਾ ਨਾਮ ਰਜਿਸਟਰ ਕਰਵਾ ਸਕਦੀਆਂ ਹਨ।
-ਖੇਤਰੀ ਪ੍ਰਤੀਨਿਧ