ਦਿੱਲੀ ਯੂਨੀਵਰਸਿਟੀ ਨਾਲ ਜੁੜੇ ਕਾਲਜਾਂ ਲਈ ਸੌ ਕਰੋੜ ਰੁਪਏ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਕਤੂਬਰ
ਦਿੱਲੀ ਸਰਕਾਰ ਨੇ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਕਾਲਜਾਂ ਲਈ ਤੀਜੀ ਤਿਮਾਹੀ ਵਜੋਂ ਲਗਪਗ 100 ਕਰੋੜ ਰੁਪਏ ਜਾਰੀ ਕੀਤੇ ਹਨ। ਮੁੱਖ ਮੰਤਰੀ ਆਤਿਸ਼ੀ ਨੇ ਇਨ੍ਹਾਂ 12 ਕਾਲਜਾਂ ਦੀ ਤੀਜੀ ਤਿਮਾਹੀ ਦੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਦਿੱਲੀ ਸਰਕਾਰ ਦੇ ਫੰਡਾਂ ਨਾਲ ਚੱਲਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਲਈ ਸਿੱਖਿਆ ਹਮੇਸ਼ਾ ਹੀ ਸਭ ਤੋਂ ਵੱਡੀ ਤਰਜੀਹ ਰਹੀ ਹੈ। ਹਰ ਸਾਲ ਬਜਟ ਵਿੱਚ ਸਿੱਖਿਆ ਨੂੰ ਸਭ ਤੋਂ ਵੱਧ ਹਿੱਸਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਨਾਲ-ਨਾਲ ‘ਆਪ’ ਸਰਕਾਰ ਨੇ ਉਚੇਰੀ ਸਿੱਖਿਆ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਤਿੰਨ ਨਵੀਆਂ ਯੂਨੀਵਰਸਿਟੀਆਂ ਖੋਲ੍ਹੀਆਂ ਅਤੇ ਮੌਜੂਦਾ ਯੂਨੀਵਰਸਿਟੀਆਂ ਦਾ ਵਿਸਥਾਰ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਫੰਡ ਪ੍ਰਾਪਤ ਦਿੱਲੀ ਯੂਨੀਵਰਸਿਟੀ ਦੇ 12 ਕਾਲਜ ਦਿੱਲੀ ਦੀ ਉੱਚ ਸਿੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਕਾਲਜਾਂ ਨੂੰ ਦਿੱਤੇ ਜਾਣ ਵਾਲੇ ਫੰਡ ਵਿੱਚ 3 ਗੁਣਾ ਵਾਧਾ ਹੋਇਆ ਹੈ। 2014-15 ਵਿੱਚ ਇਨ੍ਹਾਂ ਕਾਲਜਾਂ ਨੂੰ 132 ਕਰੋੜ ਰੁਪਏ ਅਲਾਟ ਕੀਤੇ ਗਏ ਸਨ, ਜੋ ਇਸ ਵਿੱਤੀ ਵਰ੍ਹੇ ਵਿੱਚ 3 ਗੁਣਾ ਵੱਧ ਕੇ ਕਰੀਬ 400 ਕਰੋੜ ਰੁਪਏ ਹੋ ਗਏ ਹਨ।
ਪਿਛਲੇ ਸਾਲਾਂ ਦੌਰਾਨ ਇਨ੍ਹਾਂ ਕਾਲਜਾਂ ਵਿੱਚ ਵਿੱਤੀ ਦੁਰਪ੍ਰਬੰਧ ਦੇ ਕਈ ਮੁੱਦੇ ਸਾਹਮਣੇ ਆਏ ਹਨ ਪਰ ‘ਆਪ’ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪ੍ਰਬੰਧਕੀ ਅਤੇ ਪ੍ਰਸ਼ਾਸਨ ਦੀਆਂ ਗਲਤੀਆਂ ਕਾਰਨ ਇਨ੍ਹਾਂ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਮਗਰੋਂ ਨਵੀਂ ਦਿੱਲੀ ਦੇ ਸ੍ਰੀ ਨਿਵਾਸ ਪੁਰੀ ਵਿੱਚ ਅੱਜ ਜਲ ਸਪਲਾਈ ਪਾਈਪ ਲਾਈਨ ਦਾ ਉਦਘਾਟਨ ਕਰਨ ਮਗਰੋਂ ਮੁੱਖ ਮੰਤਰੀ ਆਤਿਸ਼ੀ ਨੇ ਲੋਕਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਤੀਜੀ ਤਿਮਾਹੀ ਦੀ ਕਿਸ਼ਤ ਹਾਸਲ ਕਰਨ ਵਾਲੇ ਕਾਲਜ
ਤੀਜੀ ਤਿਮਾਹੀ ਦੀ ਕਿਸ਼ਤ ਹਾਸਲ ਕਰਨ ਵਾਲੇ ਇਹ 12 ਕਾਲਜ ਅਚਾਰੀਆ ਨਰੇਂਦਰ ਦੇਵ ਕਾਲਜ, ਅਦਿੱਤੀ ਕਾਲਜ, ਸਿਸਟਰ ਨਿਵੇਦਿਤਾ ਕਾਲਜ, ਭਾਸਕਰਚਾਰੀਆ ਕਾਲਜ, ਦੀਨਦਿਆਲ ਉਪਾਧਿਆਏ ਕਾਲਜ, ਡਾ. ਭੀਮ ਰਾਓ ਅੰਬੇਡਕਰ ਕਾਲਜ, ਇੰਦਰਾ ਗਾਂਧੀ ਸਰੀਰਕ ਸਿੱਖਿਆ ਅਤੇ ਖੇਡ ਵਿਗਿਆਨ ਸੰਸਥਾਨ, ਕੇਸ਼ਵ ਕਾਲਜ, ਮਹਾਰਾਜਾ ਅਗਰਸੈਨ ਕਾਲਜ, ਮਹਾਂਰਿਸ਼ੀ ਵਾਲਮੀਕਿ ਕਾਲਜ, ਸ਼ਹੀਦ ਰਾਜਗੁਰੂ ਕਾਲਜ, ਸ਼ਹੀਦ ਸੁਖਦੇਵ ਕਾਲਜ ਆਫ਼ ਬਿਜ਼ਨਸ ਸਟੱਡੀਜ਼ ਹਨ।