ਪਾਣੀ ਦੇਣ ਤੋਂ ਇਨਕਾਰ ਕਰਨ ’ਤੇ ਹੋਏ ਝਗਡ਼ੇ ’ਚ ਇੱਕ ਦੀ ਮੌਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਜੁਲਾਈ
ਇਥੋਂ ਨੇਡ਼ਲੇ ਪਿੰਡ ਢਕਾਲਾ ਵਿਚ ਪੀਣ ਲਈ ਪਾਣੀ ਦੇਣ ਤੋਂ ਇਨਕਾਰ ਕਰਨ ’ਤੇ ਮਜ਼ਦੂਰਾਂ ਦੀ ਹੋਈ ਆਪਸੀ ਲਡ਼ਾਈ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਢਕਾਲਾ ਨਿਵਾਸੀ ਕਰਨ ਰਾਜ ਸਿੰਘ ਤੂਰ ਨੇ ਕਿਹਾ ਹੈ ਕਿ ਉਸ ਦੀ ਖੇਤੀ ਵਾਲੀ ਜ਼ਮੀਨ ਪਿੰਡ ਢਕਾਲਾ ’ਚ ਪੈਂਦੀ ਹੈ। ਉਸ ਨੇ ਜੀਰੀ ਦੀ ਲਵਾਈ ਲਈ ਠੇਕੇਦਾਰ ਵਿਨੋਦ ਕੁਮਾਰ, ਸ਼ਤਰੂਘ, ਬੇਛੂ ਰਾਜਾ, ਲੋਚਨ, ਸ਼ਿਵ ਮਹਿਤੋ, ਰਾਜ ਕੁਮਾਰ, ਗੋਪਿਆ ਤੇ ਰਾਜਾ ਰਾਮ ਨਿਵਾਸੀ ਨੇਪਾਲ ਰੱਖੇ ਹੋਏ ਸਨ। ਅੱਜ ਸਵੇਰੇ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਟਿਊਬਵੈਲ ’ਤੇ ਇਨ੍ਹਾਂ ਦਾ ਆਪਸ ਵਿਚ ਝਗਡ਼ਾ ਹੋ ਗਿਆ ਹੈ। ਉਹ ਤੁਰੰਤ ਟਿਊਬਵੈਲ ’ਤੇ ਪੁੱਜਿਆ ਤੇ ਦੇਖਿਆ ਕਿ ਵਿਨੋਦ, ਸ਼ਤਰੂਘ ਤੇ ਲੋਚਨ ਜ਼ਖ਼ਮੀ ਹਾਲਤ ਵਿਚ ਪਏ ਹਨ। ਹਸਪਤਾਲ ਵਿੱਚ ਡਾਕਟਰਾਂ ਨੇ ਲੋਚਨ ਨੂੰ ਮ੍ਰਿਤਕ ਅੈਲਾਨ ਦਿੱਤਾ। ਇਸ ਸਬੰਧੀ ਪੁਲੀਸ ਨੇ ਹੱਤਿਆ ਦਾ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਰਾਜਾ ਰਾਮ ਤੇ ਗੋਪਿਆ ਨੇ ਦੱਸਿਆ ਕਿ ਬੀਤੀ ਰਾਤ ਰਾਜ ਕੁਮਾਰ ਨੇ ਵਿਨੋਦ, ਸ਼ਤਰੂਘ ਤੇ ਲੋਚਨ ਤੋਂ ਪੀਣ ਲਈ ਪਾਣੀ ਮੰਗਿਆ ਸੀ, ਜਿਨ੍ਹਾਂ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਮਗਰੋਂ ਲੋਚਨ ਤੇ ਰਾਜ ਕੁਮਾਰ ਟਿਊਬਵੈਲ ਵਾਲੇ ਕਮਰੇ ਦੇ ਬਾਹਰ ਦਰਖਤ ਕੋਲ ਸੌਂ ਗਏ ਅਤੇ ਉਹ, ਵਿਨੋਦ, ਸ਼ਤਰੂਘ, ਰਾਜਾ ਰਾਮ, ਬਿੱਛੂ ਰਾਜ ਤੇ ਸ਼ਿਵ ਮਹਿਤੋ ਟਿਊਬਵੈਲ ਦੇ ਕਮਰੇ ਦੇ ਅੰਦਰ ਸੌਂ ਗਏ। ਕੁਝ ਦੇਰ ਬਾਅਦ ਉਨ੍ਹਾਂ ਲੋਚਨ ਦੇ ਚੀਕਣ ਦੀ ਅਾਵਾਜ਼ ਸੁਣੀ ਤਾਂ ਉਨ੍ਹਾਂ ਦੇਖਿਆ ਕਿ ਰਾਜ ਕੁਮਾਰ ਆਪਣੇ ਹੱਥ ਵਿਚ ਫਡ਼ੀ ਇੱਟ ਲੋਚਨ ਦੇ ਮੂੰਹ ’ਤੇ ਮਾਰ ਰਿਹਾ ਸੀ। ਉਹ ਉੱਠ ਕੇ ਬਾਹਰ ਆਇਆ ਤੇ ਲੋਚਨ ਨੂੰ ਸੰਭਾਲਣ ਲੱਗਾ। ਇਸੇ ਦੌਰਾਨ ਰਾਜ ਕੁਮਾਰ ਆਪਣੇ ਹੱਥ ਵਿਚ ਫਡ਼ੀ ਇੱਟ ਸਣੇ ਟਿਊਬਵੈਲ ਦੇ ਕਮਰੇ ਅੰਦਰ ਚਲਾ ਗਿਆ ਤੇ ਅੰਦਰ ਸੌਂ ਰਹੇ ਵਿਨੋਦ ਤੇ ਸ਼ਤਰੂਘ ਦੇ ਮੂੰਹ ’ਤੇ ਵਾਰ ਕੀਤੇ। ਰੌਲਾ ਸੁਣ ਕੇ ਦੂਜੇ ਲੋਕ ਵੀ ਉੱਠ ਪਏ। ਰਾਜ ਕੁਮਾਰ ਆਪਣੇ ਹੱਥ ਵਿਚ ਫਡ਼ੀ ਇੱਟ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।
ਸ਼ਿਕਾਇਤ ਵਿਚ ਕਿਹਾ ਹੈ ਕਿ ਰਾਜ ਕੁਮਾਰ ਨੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਬੇਰਹਿਮੀ ਨਾਲ ਸੱਟਾਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਸ਼ਤਰੂਘ ਤੇ ਵਿਨੋਦ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।