ਕਰੋਨਾ: ਮੁਹਾਲੀ ਜ਼ਿਲ੍ਹੇ ਵਿੱਚ 2 ਹੋਰ ਮੌਤਾਂ, 132 ਹੋਰ ਨਵੇਂ ਕੇਸ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਅਗਸਤ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਵੀਰਵਾਰ ਨੂੰ 132 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 2270 ’ਤੇ ਪਹੁੰਚ ਗਈ ਹੈ। ਅੱਜ ਦੋ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 45 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 38 ਦਨਿਾਂ ਵਿੱਚ 1875 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਦੋ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਥੋਂ ਦੇ ਫੇਜ਼-7 ਦਾ 82 ਸਾਲਾ ਬਜ਼ੁਰਗ ਸ਼ਾਮਲ ਹਨ। ਖਰੜ ਦੇ 50 ਸਾਲਾ ਵਿਅਕਤੀ ਦੀ ਮੌਤ ਗਿਆਨ ਸਾਗਰ ਹਸਪਤਾਲ ਵਿੱਚ ਹੋਈ।
ਜਲੰਧਰ(ਪਾਲ ਸਿੰਘ ਨੌਲੀ): ਜ਼ਿਲ੍ਹੇ ’ਚ ਅੱਜ ਆਈਆਂ ਰਿਪੋਰਟਾਂ ਅਨੁਸਾਰ ਕਰੋਨਾ ਦੇ 276 ਨਵੇਂ ਕੇਸ ਪਾਜ਼ੇਟਿਵ ਆਏ ਹਨ, ਜਦ ਕਿ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 120 ਤੱਕ ਪਹੁੰਚ ਗਈ ਹੈ। ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦਾ ਗਿਣਤੀ 4894 ਤੋਂ ਹੋ ਗਈ ਹੈ। ਪਾਜ਼ੇਟਿਵ ਆਏ ਕੇਸਾਂ ਵਿੱਚ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਰਮਨ ਪੱਬੀ, ਸੀਆਈਏ ਸਟਾਫ ਦੇ ਅੰਗਰੇਜ਼ ਸਿੰਘ ਸਮੇਤ ਹੋਰ ਕਈ ਪੁਲੀਸ ਮੁਲਾਜ਼ਮ ਕਰੋਨਾ ਦਾ ਸ਼ਿਕਾਰ ਹੋਏ ਹਨ।ਅੱ ਜ ਆਈਆਂ ਰਿਪੋਰਟਾਂ ਵਿੱਚ 266 ਪਾਜ਼ੇਟਿਵ ਕੇਸ ਜਲੰਧਰ ਦੇ ਹਨ ਤੇ ਬਾਕੀ ਦੇ ਕੁਝ ਪਾਜ਼ੇਟਿਵ ਮਰੀਜ਼ ਜਲੰਧਰ ਤੋਂ ਬਾਹਰਲੇ ਜ਼ਿਲਿਆਂ ਦੇ ਹਨ। ਉਨ੍ਹਾਂ ਦੇ ਟੈਸਟ ਜਲੰਧਰ ਵਿੱਚ ਹੀ ਹੋਏ ਸਨ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੋਂ ਦੇ ਵਸਨੀਕ ਦੀ ਹਰਿਆਣਾ ਦੇ ਅਗਰੋਹਾ ਮੈਡੀਕਲ ਕਾਲਜ ਵਿੱਚ ਲੰਘੀ ਰਾਤ ਕਰੋਨਾ ਕਾਰਨ ਮੌਤ ਹੋ ਗਈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ (60) ਵਜੋਂ ਹੋਈ ਹੈ। ਉਹ ਕਿਸੇ ਬੀਮਾਰੀ ਤੋਂ ਪੀੜਤ ਹੋਣ ਕਰਕੇ ਪਹਿਲਾਂ ਸੁਨਾਮ ਅਤੇ 16 ਅਗਸਤ ਨੂੰ ਪਟਿਆਲਾ ਇਲਾਜ ਲਈ ਜਾਣ ਮਗਰੋਂ 17 ਅਗਸਤ ਨੂੰ ਹਰਿਆਣਾ ਦੇ ਹਿਸਾਰ ਵਿੱਚ ਗਿਆ ਸੀ ਅਤੇ ਉਸੇ ਦਿਨ ਕਾਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਅਗਰੋਹਾ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ।