ਹਿਮਾਚਲ ਦੇ ਮੰਡੀ ਵਿੱਚ ਬੱਦਲ ਫਟਣ ਕਾਰਨ ਇਕ ਮੌਤ
ਸ਼ਿਮਲਾ, 17 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅੱਜ ਤੜਕੇ ਬੱਦਲ ਫਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸੂਬੇ ਦੇ ਐਮਰਜੈਂਸੀ ਰਿਸਪੌਂਸ ਕੇਂਦਰ ਮੁਤਾਬਕ ਕੁੱਲੂ ਦੇ ਪਿੰਡ ਕਾਯਾਸ ਕੋਲ ਤੜਕੇ ਕਰੀਬ 3.55 ਵਜੇ ਬੱਦਲ ਫਟ ਗਿਆ। ਇਸ ਦੌਰਾਨ ਕਈ ਵਾਹਨ ਰੁੜ੍ਹ ਗਏ ਅਤੇ ਇਕ ਸੜਕ ਬੰਦ ਹੋ ਗਈ। ਅਧਿਕਾਰੀਆਂ ਮੁਤਾਬਕ ਬੱਦਲ ਫਟਣ ਦੀ ਘਟਨਾ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਕੁੱਲੂ ਦੇ ਚੰਸਾਰੀ ਪਿੰਡ ਦੇ ਰਹਿਣ ਵਾਲੇ ਬਾਦਲ ਸ਼ਰਮਾ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਜ਼ਖ਼ਮੀ ਤਿੰਨ ਵਿਅਕਤੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।
ਅਧਿਕਾਰੀਆਂ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਅਥਾਰਿਟੀਜ਼ ਨੇ ਮੋਰਚਾ ਸੰਭਾਲਿਆ ਅਤੇ ਬੰਦ ਹੋਈ ਸੜਕ ਨੂੰ ਖੋਲ੍ਹਣ ਲਈ ਮਸ਼ੀਨਾਂ ਲਗਾ ਦਿੱਤੀਆਂ। ਉਨ੍ਹਾਂ ਕਿਹਾ ਕਿ ਸੜਕ ਬੰਦ ਹੋਣ ਕਾਰਨ ਬਚਾਅ ਕਾਰਜਾਂ ’ਚ ਮੁਸ਼ਕਿਲ ਪੇਸ਼ ਆ ਰਹੀ ਹੈ। ਮੌਸਮ ਵਿਭਾਗ ਦੇ ਸਥਾਨਕ ਦਫ਼ਤਰ ਨੇ ਅੱਜ ਤੋਂ ਸੂਬੇ ਵਿੱਚ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਹੋਣ ਦੀ ਚਿਤਾਵਨੀ ਦਿੰਦੇ ਹੋਏ ਔਰੇਂਜ ਅਲਰਟ ਜਾਰੀ ਕੀਤਾ ਸੀ। ਸੂਬੇ ਦੇ ਐਮਰਜੈਂਸੀ ਰਿਸਪੌਂਸ ਕੇਂਦਰ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ 24 ਜੂਨ ਨੂੰ ਮੌਨਸੂਨ ਪਹੁੰਚਣ ਦੇ ਬਾਅਦ ਤੋਂ ਮੀਂਹ ਨਾਲ ਸਬੰਧਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿੱਚ 118 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੀਂਹ ਕਾਰਨ ਸੂਬੇ ਨੂੰ ਕੁੱਲ 4415 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਇਸੇ ਦੌਰਾਨ ਊਨਾ ’ਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਪਹਾੜੀ ਰਾਜ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੇ ਢਿੱਗਾਂ ਡਿੱਗਣ ਕਰ ਕੇ ਜਲ ਸ਼ਕਤੀ ਵਿਭਾਗ ਨੂੰ 1411 ਕਰੋੜ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਰ ਕੇ 5203 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਅਤੇ 1237 ਸਿੰਜਾਈ ਯੋਜਨਾਵਾਂ ਤੋਂ ਇਲਾਵਾ 55 ਸੀਵਰੇਜ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਜਲ ਸ਼ਕਤੀ ਵਿਭਾਗ ਦਾ ਕਾਰਜਭਾਰ ਸੰਭਾਲਣ ਵਾਲੇ ਅਗਨੀਹੋਤਰੀ ਨੇ ਕਿਹਾ ਕਿ ਹੁਣ ਤੱਕ 4623 ਯੋਜਨਾਵਾਂ ਬਹਾਲ ਕੀਤੀਆਂ ਜਾ ਚੁੱਕੀਆਂ ਹਨ ਪਰ ਸਾਰੀਆਂ ਨੂੰ ਪੂਰੀ ਤਰ੍ਹਾਂ ਠੀਕ ਕਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਕਰਮਚਾਰੀਆਂ ਦੀ ਸਖਤ ਮਿਹਨਤ ਤੇ ਦ੍ਰਿੜ੍ਹ ਇਰਾਦੇ ਕਰ ਕੇ ਉਨ੍ਹਾਂ ਨੂੰ ਬਹਾਲ ਕਰਨ ਵਿੱਚ ਸਫਲ ਰਹੇ ਹਾਂ।’’ ਉਪ ਮੁੱਖ ਮੰਤਰੀ ਨੇ ਕਿਹਾ, ‘‘ਮੁਸ਼ਕਲ ਹਾਲਾਤ ਵਿੱਚ ਪੀਣ ਵਾਲੇ ਪਾਣੀ ਤੇ ਸੀਵਰੇਜ ਯੋਜਨਾਵਾਂ ਦੀ ਬਹਾਲੀ ਲਈ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਮੈਂ ਸ਼ਲਾਘਾ ਕਰਦਾ ਹਾਂ।’’ -ਪੀਟੀਆਈ