ਨਿਹੰਗਾਂ ਦੇ ਹਮਲੇ ਵਿੱਚ ਇੱਕ ਮੌਤ, ਦੋ ਜ਼ਖ਼ਮੀ
ਬੇਅੰਤ ਸਿੰਘ ਸੰਧੂ
ਪੱਟੀ, 30 ਜੁਲਾਈ
ਸ਼ਹਿਰ ਦੀ ਵਾਰਡ ਨੰਬਰ 6 ਅੰਦਰ ਪਸ਼ੂਆਂ ਦੇ ਵਪਾਰੀ ਸ਼ੰਮੀ ਪੁਰੀ ਤੇ ਨਿਹੰਗਾਂ ਵਿਚਕਾਰ ਡਾਂਗਾਂ ਤੇ ਕਿਰਪਾਨਾਂ ਨਾਲ ਲੜਾਈ ਹੋਈ। ਇਸ ਦੌਰਾਨ ਨਿਹੰਗਾਂ ਵੱਲੋਂ ਸ਼ੰਮੀ ਪੁਰੀ ਤੇ ਉਸਦੇ ਪੁੱਤਰ ਕਰਨ ਪੁਰੀ ਤੇ ਭਤੀਜਾ ਅਮਨਪ੍ਰੀਤ ਪੁਰੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀਆਂ ਨੂੰ ਤਰੁੰਤ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ ਜਿੱਥੇ ਇਸ ਲੜਾਈ ਝਗੜੇ ਦੌਰਾਨ ਸ਼ੰਮੀ ਪੁਰੀ ਦੇ ਗੰਭੀਰ ਸੱਟਾਂ ਲੱਗੀਆਂ ਹੋਣ ਕਰਕੇ ਉਸ ਦੀ ਮੌਤ ਹੋ ਗਈ । ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨਿਹੰਗ ਫਰਾਰ ਹੋ ਗਏ। ਇਹ ਵਾਰਦਾਤ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕੇ ਅੰਦਰ ਸਹਿਮ ਦਾ ਮਾਹੌਲ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਮੁਲਜ਼ਮਾਂ ਦੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਸ ਸਮੇਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਘਟਨਾ ਤੋਂ ਬਾਅਦ ਤਰਨਤਾਰਨ ਪੁਲੀਸ ਦੇ ਐਸ.ਪੀ (ਡੀ) ਅਜੇਰਾਜ ਸਿੰਘ, ਡੀ.ਐੱਸ.ਪੀ ਪੱਟੀ ਕੰਵਲਪ੍ਰੀਤ ਸਿੰਘ ਮੰਡ ਪਹੁੰਚੇ ਤੇ ਪੁਲੀਸ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਕੇਸ ਸਬੰਧੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਤਿੰਨ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਤੇ ਤਿੰਨ ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲੀਸ ਦੇ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਪਰਿਵਾਰਕ ਮੈਂਬਰਾਂ ਤੇ ਕੁਝ ਸ਼ਹਿਰ ਵਾਸੀਆਂ ਵੱਲੋਂ ਧਰਨਾ ਜਾਰੀ ਹੈ।