For the best experience, open
https://m.punjabitribuneonline.com
on your mobile browser.
Advertisement

ਸਾਈਬਰ ਠੱਗਾਂ ਵੱਲੋਂ ਕਾਰੋਬਾਰੀ ਨਾਲ ਇੱਕ ਕਰੋੜ ਦੀ ਠੱਗੀ

11:04 AM Sep 22, 2024 IST
ਸਾਈਬਰ ਠੱਗਾਂ ਵੱਲੋਂ ਕਾਰੋਬਾਰੀ ਨਾਲ ਇੱਕ ਕਰੋੜ ਦੀ ਠੱਗੀ
ਕਾਰੋਬਾਰੀ ਰਜਨੀਸ਼ ਆਹੂਜਾ।
Advertisement

ਗਗਨਦੀਪ ਅਰੋੜਾ
ਲੁਧਿਆਣਾ, 21 ਸਤੰਬਰ
ਸੀਬੀਆਈ ਅਤੇ ਦਿੱਲੀ ਪੁਲੀਸ ਦੇ ਅਧਿਕਾਰੀ ਬਣ ਸਾਈਬਰ ਠੱਗਾਂ ਨੇ ਸ਼ਹਿਰ ਦੇ ਸਰਾਭਾ ਨਗਰ ਵਿੱਚ ਰਹਿਣ ਵਾਲੇ ਕਾਰੋਬਾਰੀ ਰਜਨੀਸ਼ ਆਹੂਜਾ ਨਾਲ ਇੱਕ ਕਰੋੜ ਇੱਕ ਲੱਖ ਰੁਪਏ ਦੀ ਠੱਗੀ ਮਾਰੀ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਮੁਲਜ਼ਮਾਂ ਨੇ ਕਾਲ ਕਰਕੇ ਕਾਰੋਬਾਰੀ ਨੂੰ ਡਰਾਇਆ ਕਿ ਉਸ ਦੇ ਨਾਂ ’ਤੇ ਕੋਈ ਇਤਰਾਜ਼ਯੋਗ ਚੀਜ਼ਾਂ ਵਾਲਾ ਪਾਰਸਲ ਮਲੇਸ਼ੀਆ ਭੇਜਿਆ ਜਾ ਰਿਹਾ ਹੈ, ਜਿਸ ਦੀ ਪੜਤਾਲ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਮਨੁੱਖੀ ਤਸਕਰੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੈ ਤੇ ਜਿਸ ਨੇ ਕਾਰੋਬਾਰੀ ਦੇ ਖਾਤੇ ਵਿੱਚ ਵੱਡੀ ਰਕਮ ਟਰਾਂਸਫਰ ਕੀਤੀ ਹੈ। ਮੁਲਜ਼ਮਾਂ ਨੇ ਕਾਰੋਬਾਰੀ ਨੂੰ ਇਸ ਕੇਸ ਦੀ ਜਾਂਚ ਦੌਰਾਨ ਸਿਕਿਓਰਿਟੀ ਭਰਨ ਲਈ ਦੋ ਕਿਸ਼ਤਾਂ ਵਿੱਚ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਤੇ ਯਕੀਨ ਦਿਵਾਇਆ ਕਿ ਜਾਂਚ ਮਗਰੋਂ ਰਕਮ ਮੋੜ ਦਿੱਤੀ ਜਾਵੇਗੀ। ਜਦੋਂ ਰਕਮ ਨਾ ਮੁੜੀ ਤਾਂ ਕਾਰੋਬਾਰੀ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਰੋਬਾਰੀ ਰਜਨੀਸ਼ ਆਹੂਜਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਸ਼ਹਿਰ ਦੇ ਫੋਕਲ ਪੁਆਇੰਟ ਵਿੱਚ ਰਜਨੀਸ਼ ਇੰਡਸਟਰੀ ਪ੍ਰਾਈਵੇਟ ਲਿਮਟਿਡ ਦੇ ਨਾਂ ’ਤੇ ਉਸ ਦੀ ਆਟੋ ਪਾਰਟਸ ਦੀ ਫੈਕਟਰੀ ਹੈ। ਬੀਤੀ 19 ਸਤੰਬਰ ਦੀ ਸਵੇਰ ਨੂੰ ਕਿਸੇ ਨੇ ਵਟਸਐਪ ’ਤੇ ਉਸ ਨੂੰ ਕਾਲ ਕੀਤੀ ਤੇ ਆਪਣਾ ਨਾਂ ਅਭਿਸ਼ੇਕ ਬਾਂਸਲ ਦੱਸਿਆ। ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਫੋਨ ਕਰ ਰਿਹਾ ਹੈ। ਮੁਲਜ਼ਮ ਨੇ ਕਿਹਾ ਕਿ ਕਾਰੋਬਾਰੀ ਦੇ ਨਾਂ ’ਤੇ ਮਲੇਸ਼ੀਆ ਦੇ ਕੁਆਲਾਲੰਪੁਰ ਸ਼ਹਿਰ ਲਈ ਇੱਕ ਪਾਰਸਲ ਭੇਜਿਆ ਗਿਆ ਹੈ, ਜਿਸ ਵਿੱਚ 16 ਪਾਸਪੋਰਟ, 58 ਏਟੀਐੱਮ ਕਾਰਡ ਤੇ ਹੋਰ ਇਤਰਾਜ਼ਯੋਗ ਵਸਤੂਆਂ ਮਿਲੀਆਂ ਹਨ। ਇਸ ਮਗਰੋਂ ਕਾਰੋਬਾਰੀ ਨੇ ਸਪੱਸ਼ਟ ਕੀਤਾ ਕਿ ਉਸ ਵੱਲੋਂ ਅਜਿਹਾ ਕੋਈ ਪਾਰਸਲ ਨਹੀਂ ਭੇਜਿਆ ਗਿਆ ਹੈ। ਇਸ ਮਗਰੋਂ ਕਾਲ ਕਰਨ ਵਾਲੇ ਨੇ ਕਾਰੋਬਾਰੀ ਦੀ ਆਈ ਦੀ ਦੁਰਵਰਤੋਂ ਕੀਤੀ ਗਈ ਹੋਣ ਦਾ ਖਦਸ਼ਾ ਦੱਸਦਿਆਂ ਕਿਹਾ ਕਿ ਇਹ ਮਾਮਲਾ ਉਹ ਦਿੱਲੀ ਪੁਲੀਸ ਨੂੰ ਟਰਾਂਸਫਰ ਕਰ ਰਿਹਾ ਹੈ ਤੇ ਕੁਝ ਦੇਰ ਬਾਅਦ ਉਸ ਨੂੰ ਦਿੱਲੀ ਪੁਲੀਸ ਵੱਲੋਂ ਕਾਲ ਆਵੇਗੀ। ਕੁਝ ਸਮੇਂ ਬਾਅਦ ਰਜਨੀਸ਼ ਨੂੰ ਵਟਸਐਪ ’ਤੇ ਦੁਬਾਰਾ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਦਿੱਲੀ ਪੁਲੀਸ ਦਾ ਅਧਿਕਾਰੀ ਸੁਨੀਲ ਦੱਸਿਆ। ਉਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੰਜੈ ਸਿੰਘ ਨਾਂ ਦਾ ੲੱਕ ਸੇਵਾਮੁਕਤ ਮੈਨੇਜਰ ਫੜਿਆ ਗਿਆ ਹੈ, ਜੋ ਮਨੁੱਖੀ ਤਸਕਰੀ ਕਰਦਾ ਹੈ ਤੇ ਹੋਰ ਕਈ ਗ਼ਲਤ ਧੰਦਿਆਂ ਵਿੱਚ ਵੀ ਸਰਗਰਮ ਹੈ। ਕਾਲ ਕਰਨ ਵਾਲੇ ਨੇ ਕਿਹਾ ਕਿ ਸੰਜੈ ਸਿੰਘ ਨੇ ਕਾਰੋਬਾਰੀ ਦੇ ਖਾਤੇ ਵਿੱਚ 38 ਕਰੋੜ ਰੁਪਏ ਟਰਾਂਸਫਰ ਕੀਤੇ ਹਨ ਤੇ ਇਸ ਦੇ ਨਾਲ ਹੀ ਉਸ ਨੇ ਧਮਕੀ ਦਿੱਤੀ ਕਿ ਕਾਰੋਬਾਰੀ ਇਸ ਖਾਤੇ ਦੀ ਵਰਤੋਂ ਕਰਨ ਬਦਲੇ ਦਸ ਫ਼ੀਸਦ ਕਮਿਸ਼ਨ ਵਸੂਲ ਰਿਹਾ ਹੈ। ਹਾਲਾਂਕਿ ਕਾਰੋਬਾਰੀ ਨੇ ਕੋਈ ਰਕਮ ਟਰਾਂਸਫਰ ਨਾ ਹੋਣ ਦੀ ਗੱਲ ਆਖੀ ਤੇ ਦੱਸਿਆ ਕਿ ਉਹ ਸੰਜੈ ਸਿੰਘ ਨਾ ਦੇ ਕਿਸੇ ਵਿਅਕਤੀ ਨੂੰ ਨਹੀਂ ਜਾਣਦਾ।
ਫਰਜ਼ੀ ਅਧਿਕਾਰੀ ਨੇ ਕਿਹਾ ਕਿ ਕਾਰੋਬਾਰੀ ਦੇ ਖਾਤੇ ਦੀ ਦੁਰਵਰਤੋਂ ਹੋਈ ਹੈ, ਜਿਸ ਕਰਕੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣਾ ਪਵੇਗਾ। ਇਸ ਸਬੰਧੀ ਪੁਸ਼ਟੀ ਕਰਾਉਣ ਲਈ ਉਸ ਨੇ ਕੁਝ ਜਾਅਲੀ ਦਸਤਾਵੇਜ਼ ਵੀ ਭੇਜੇ। ਇਨ੍ਹਾਂ ਵਿੱਚ ਅਦਾਲਤ ਵੱਲੋਂ ਕਾਰੋਬਾਰੀ ਦੇ ਵਾਰੰਟ, ਸੀਬੀਆਈ ਅਧਿਕਾਰੀ ਦੀ ਮੋਹਰ ਤੇ ਹੋਰ ਕੁਝ ਕਾਗਜ਼ਾਤ ਸ਼ਾਮਲ ਸਨ। ਫਰਜ਼ੀ ਅਧਿਕਾਰੀ ਨੇ ਸਾਰੇ ਮਾਮਲੇ ਦੀ ਜਾਂਚ ਲਈ ਸਿਕਿਓਰਿਟੀ ਵਜੋਂ 86 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ, ਜਿਸ ਮਗਰੋਂ ਕਾਰੋਬਾਰੀ ਨੇ ਦਿੱਤੇ ਗਏ ਖਾਤਾ ਨੰਬਰ ਵਿੱਚ ਰਕਮ ਭੇਜ ਦਿੱਤੀ। ਕੁਝ ਸਮਾਂ ਬਾਅਦ ਕਾਲਰ ਨੇ ਮੁੜ 15 ਲੱਖ ਭੇਜਣ ਲਈ ਕਿਹਾ। ਕਾਰੋਰਾਰੀ ਨੇ ਜਦੋਂ ਇਹ ਰਕਮ ਵੀ ਭੇਜ ਦਿੱਤੀ ਤਾਂ ਕੁਝ ਸਮੇਂ ਬਾਅਦ ਮੁਲਜ਼ਮਾਂ ਨੇ ਕਾਲ ਕਰਕੇ ਕਾਰੋਬਾਰੀ ਨੂੰ ਯਕੀਨ ਦਵਾਇਆ ਕਿ ਉਹ ਇਸ ਕੇਸ ਵਿੱਚੋਂ ਬਰੀ ਹੋ ਗਿਆ ਹੈ ਤੇ ਸ਼ਾਮ ਤੱਕ ਉਸ ਵਰਕਮ ਵਾਪਸ ਭੇਜ ਦਿੱਤੀ ਜਾਵੇਗੀ। ਪਰ ਸ਼ਾਮ ਤੱਕ ਪੈਸੇ ਨਾ ਆਉਣ ਮਗਰੋਂ ਜਦੋਂ ਕਾਰੋਬਾਰੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ।

Advertisement

ਕਾਰੋਬਾਰੀ ਨੂੰ ਕਾਲ ਕਰਨ ਵਾਲਿਆਂ ’ਤੇ ਨਾ ਹੋਇਆ ਸ਼ੱਕ

ਆਨਲਾਈਨ ਠੱਗੀ ਦੇ ਇਸ ਮਾਮਲੇ ਵਿੱਚ ਵਿਸ਼ੇਸ਼ ਗੱਲ ਇਹ ਰਹੀ ਕਿ ਕਾਰੋਬਾਰੀ ਨੂੰ ਵਟਸਐਪ ਰਾਹੀਂ ਆਈਆਂ ਇਨ੍ਹਾਂ ਕਾਲਾਂ ਰਾਹੀਂ ਇਹ ਯਕੀਨ ਦਿਵਾ ਦਿੱਤਾ ਗਿਆ ਕਿ ਉਸ ਦੀ ਗੱਲਬਾਤ ਅਸਲ ਅਧਿਕਾਰੀਆਂ ਨਾਲ ਹੀ ਹੋ ਰਹੀ ਹੈ। ਇਸ ਸਾਰੀ ਕਾਰਵਾਈ ਦੌਰਾਨ ਕਾਰੋਬਾਰੀ ਨੇ ਖ਼ੁਦ ਨੂੰ ਕਿਸੇ ਫਾਲਤੂ ਦੇ ਝੰਜਟ ਵਿੱਚੋਂ ਬਚਾਉਣ ਲਈ ਕਾਲ ਕਰਨ ਵਾਲਿਆਂ ਦੀਆਂ ਸਾਰੀਆਂ ਸ਼ਰਤਾਂ ਬਿਨਾ ਸ਼ੱਕ ਹੀ ਮੰਨ ਲਈਆਂ ਤੇ ਪੁਲੀਸ ਨੂੰ ਸੂਚਿਤ ਕਰਨ ਦਾ ਖ਼ਿਆਲ ਵੀ ਉਸ ਦੇ ਦਿਮਾਗ ਵਿੱਚ ਨਹੀਂ ਆਇਆ।

Advertisement

Advertisement
Author Image

sanam grng

View all posts

Advertisement