For the best experience, open
https://m.punjabitribuneonline.com
on your mobile browser.
Advertisement

ਇਕ ਦੇਸ਼ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ: ਮੋਦੀ

10:13 AM Jun 28, 2023 IST
ਇਕ ਦੇਸ਼ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ  ਮੋਦੀ
ਧਾਨ ਮੰਤਰੀ ਨਰਿੰਦਰ ਮੋਦੀ ਵੰਦੇ ਐੱਕਸਪ੍ਰੈੱਸ ਰੇਲਗੱਡੀ ਨੂੰ ਹਰੀ ਝੰਡੀ ਿਦਖਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਭੋਪਾਲ, 27 ਜੂਨ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਂਝੇ ਸਿਵਲ ਕੋਡ (ਯੂਸੀਸੀ) ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਇਕ ਦੇਸ਼ ਵਿਚ ਦੋ ਕਾਨੂੰਨ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਵੀ ਸਾਰੇ ਨਾਗਰਿਕਾਂ ਲਈ ਬਰਾਬਰੀ ਦੇ ਹੱਕਾਂ ਦਾ ਜ਼ਿਕਰ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਨੇ ਪਤਿਆਉਣ ਦੀ ਨੀਤੀ ਤੇ ਵੋਟ ਬੈਂਕ ਸਿਆਸਤ ਦਾ ਰਾਹ ਅਖ਼ਤਿਆਰ ਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਤਿਆਉਣ ਦੀ ਨੀਤੀ ਦੇਸ਼ ਲਈ ‘ਤਬਾਹਕੁਨ’ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਸਾਂਝੇ ਸਿਵਲ ਕੋਡ ਦੇ ਨਾਂ ਉੱਤੇ ਮੁਸਲਿਮ ਭਾਈਚਾਰੇ ਨੂੰ ਗੁਮਰਾਹ ਕਰਨ ਦੇ ਨਾਲ ਉਨ੍ਹਾਂ ਵਿੱਚ ਭੜਕਾਹਟ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਦੀ ‘ਗਾਰੰਟੀ’ ਦਿੰਦੇ ਹਨ। ਸ੍ਰੀ ਮੋਦੀ ਇਥੇ ਦੇਸ਼ ਭਰ ਵਿਚੋਂ ਆਏ ਕੁਝ ਚੋਣਵੇਂ ਭਾਜਪਾ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ, ਜਿਨ੍ਹਾਂ ਪਾਰਟੀ ਦੀ ‘ਮੇਰਾ ਬੂਥ ਸਬਸੇ ਮਜ਼ਬੂਤ’ ਕੰਪੇਨ ਤਹਿਤ ਆਪਣੇ ਬੂਥਾਂ ਨੂੰ ਸਸ਼ਕਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਵੀ ਸਾਂਝੇ ਸਿਵਲ ਕੋਡ ਦੀ ਵਕਾਲਤ ਕਰ ਚੁੱਕੀ ਹੈ, ਪਰ ਵੋਟ ਬੈਂਕ ਦੀ ਸਿਆਸਤ ਕਰਨ ਵਾਲਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ‘ਤੁਸ਼ਟੀਕਰਨ’ (ਪਤਿਆਉਣ) ਦੀ ਥਾਂ ‘ਸੰਤੁਸ਼ਟੀਕਰਨ’ (ਤ੍ਰਿਪਤੀ) ਦੇ ਰਾਹ ’ਤੇ ਚੱਲਦੀ ਹੈ। ਉਨ੍ਹਾਂ ਕਿਹਾ, ‘‘ਭਾਜਪਾ ਨੇ ਫੈਸਲਾ ਕੀਤਾ ਹੈ ਕਿ ਉਹ ਪਤਿਆਉਣ ਦੀ ਨੀਤੀ ਤੇ ਵੋਟ ਬੈਂਕ ਦਾ ਰਾਹ ਅਖ਼ਤਿਆਰ ਨਹੀਂ ਕਰੇਗੀ।’’ ਉਨ੍ਹਾਂ ਇਹ ਗੱਲ ਵੀ ਕਹੀ ਕਿ ਪਸਮਾਂਦਾ ਮੁਸਲਮਾਨ, ਜੋ ਪੱਛੜੇ ਵਰਗ ਨਾਲ ਸਬੰਧਤ ਹਨ, ਨੂੰ ਮਹਿਜ਼ ਵੋਟ ਬੈਂਕ ਦੀ ਸਿਆਸਤ ਕਰਕੇ ਹੁਣ ਤੱਕ ਬਰਾਬਰੀ ਦਾ ਹੱਕ ਨਹੀਂ ਮਿਲਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀ, ਬਿਹਾਰ, ਦੱਖਣੀ ਭਾਰਤ, ਖਾਸ ਕਰਕੇ ਕੇਰਲਾ, ਤਿਲੰਗਾਨਾ ਤੇ ਤਾਮਿਲ ਨਾਡੂ ਅਤੇ ਕੁਝ ਹੋਰ ਰਾਜਾਂ ਵਿੱਚ ਵਿਕਾਸ ਦੇ ਮਾਮਲੇ ਵਿਚ ਅਜੇ ਵੀ ਕਈ ਜਾਤਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਸਾਂਝੇ ਸਿਵਲ ਕੋਡ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਹੜੀ ਸਿਆਸੀ ਪਾਰਟੀ ਉਨ੍ਹਾਂ ਨੂੰ ਉਕਸਾ ਕੇ ਉਨ੍ਹਾਂ ਦਾ ਫਾਇਦਾ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਵੇਖ ਰਹੇ ਹਾਂ ਕਿ ਸਾਂਝੇ ਸਿਵਲ ਕੋਡ ਦੇ ਨਾਂ ’ਤੇ ਅਜਿਹੇ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜੇਕਰ ਇਕ ਘਰ ਵਿੱਚ ਰਹਿੰਦੇ ਦੋ ਮੈਂਬਰਾਂ ਲਈ ਵੱਖੋ-ਵੱਖਰੇ ਕਾਨੂੰਨ ਹੋਣਗੇ ਤਾਂ ਕੀ ਉਸ ਘਰ ਨੂੰ ਚਲਾਇਆ ਜਾ ਸਕਦਾ ਹੈ? ਫਿਰ ਇਸ ਦੋਹਰੇ ਪ੍ਰਬੰਧ ਨਾਲ ਦੇਸ਼ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ?’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਜੇਕਰ ਤੁਸੀਂ ਆਪਣੀ ਧੀਆਂ-ਪੁੱਤਰਾਂ ਤੇ ਪੜਪੋਤਰਿਆਂ ਦੀ ਭਲਾਈ ਚਾਹੁੰਦੇ ਹੋ ਤਾਂ ਫਿਰ ਕਿਸੇ ਪਰਿਵਾਰਵਾਦੀ ਪਾਰਟੀ ਲਈ ਨਹੀਂ ਬਲਕਿ ਭਾਜਪਾ ਲਈ ਵੋਟ ਪਾਉ।’’ ਉਨ੍ਹਾਂ ਕਿਹਾ, ‘‘ਇਹ ਲੋਕ (ਵਿਰੋਧੀ ਧਿਰਾਂ) ਸਾਡੇ ’ਤੇ ਦੋਸ਼ ਮੜਦੀਆਂ ਹਨ, ਪਰ ਹਕੀਕਤ ਇਹ ਹੈ ਕਿ ਉਹ ਮੁਸਲਮਾਨ ਮੁਸਲਮਾਨ ਦੇ ਨਾਅਰੇ ਲਾਉਂਦੇ ਹਨ। ਜੇਕਰ ਉਨ੍ਹਾਂ ਸੱਚਮੁੱਚ ਮੁਸਲਮਾਨਾਂ ਦੇ ਹਿੱਤਾਂ ਲਈ ਕੰਮ ਕੀਤਾ ਹੁੰਦਾ, ਤਾਂ ਫਿਰ ਅੱਜ ਮੁਸਲਿਮ ਪਰਿਵਾਰ ਸਿੱਖਿਆ ਤੇ ਨੌਕਰੀਆਂ ਦੇ ਮਾਮਲੇ ਵਿੱਚ ਪਿੱਛੇ ਨਾ ਰਹਿੰਦੇ।’’

ਸ੍ਰੀ ਮੋਦੀ ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਸੱਤਾ ’ਚ ਮੁੜ ਵਾਪਸੀ ਦਾ ਭਰੋਸਾ ਜ਼ਾਹਿਰ ਕਰਦਿਆਂ ਕਿਹਾ, ‘‘ਲੋਕ 2024 ਵਿੱਚ ਭਾਜਪਾ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਆਪਣਾ ਮਨ ਬਣਾ ਚੁੱਕੇ ਹਨ।’’ ਉਨ੍ਹਾਂ ਕਿਹਾ ਕਿ ਅੱਜਕੱਲ੍ਹ ਇਕ ਨਵਾਂ ਸ਼ਬਦ ‘ਗਾਰੰਟੀ’ ਬਹੁਤ ਮਕਬੂਲ ਹੋ ਰਿਹਾ ਹੈ ਅਤੇ ਭਾਜਪਾ ਵਰਕਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਦੱਸਣ ਕਿ (ਵਿਰੋਧੀ) ਪਾਰਟੀਆਂ ‘ਘੁਟਾਲਿਆਂ ਦੀ ਗਾਰੰਟੀ ਹਨ....ਘੁਟਾਲੇ ਵੀ 20 ਲੱਖ ਕਰੋੜ ਤੋਂ ਵੱਧ ਦੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਦੀ ‘ਗਾਰੰਟੀ’ ਦਿੰਦੀ ਹੈ। ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨਾਲ ਮੱਥਾ ਲਾਉਣ ਵਿਰੋਧੀ ਧਿਰਾਂ ਵੱੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਸ੍ਰੀ ਮੋਦੀ ਨੇ ਪਾਰਟੀ ਵਰਕਰਾਂ ਨੂੰ ਕਿਹਾ, ‘‘ਸਾਨੂੰ ਮਨ ਵਿੱਚ ਗੁੱਸੇ ਦੀ ਭਾਵਨਾ ਨਹੀਂ ਲਿਆਉਣੀ ਚਾਹੀਦੀ, ਬਲਕਿ ਭਾਜਪਾ ਖਿਲਾਫ਼ ਇਕਜੁੱਟ ਹੋਣ ਵਾਲਿਆਂ ਪ੍ਰਤੀ ਦਇਆ ਦਿਖਾਉਣ ਦੀ ਲੋੜ ਹੈ।’’ -ਪੀਟੀਆਈ

ਪ੍ਰਧਾਨ ਮੰਤਰੀ ਨੇ ਲੋਕਾਂ ਬਾਰੇ ਗੱਲ ਕਰਨ ਦੀ ਨਵੀਂ ਮਿਸਾਲ ਰੱਖੀ: ਪਵਾਰ

ਐੱਨਸੀਪੀ ਆਗੂ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਰੋਧੀ ਧਿਰਾਂ ਦੀ ਪਟਨਾ ਮੀਟਿੰਗ ’ਚ ਸ਼ਾਮਲ ਕੁਝ ਸਾਬਕਾ ਤੇ ਮੌਜੂਦਾ ਮੁੱਖ ਮੰਤਰੀਆਂ ਬਾਰੇ ਭ੍ਰਿਸ਼ਟਾਚਾਰ ਦੇ ਹਵਾਲੇ ਨਾਲ ਕੀਤੀਆਂ ਟਿੱਪਣੀਆਂ ਦੇ ਸੰਦਰਭ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਇਨ੍ਹਾਂ ਬਾਰੇ ਇਸ ਤਰੀਕੇ ਨਾਲ ਬੋਲਣਾ ਢੁੱਕਵਾਂ ਸੀ। ਪਵਾਰ ਨੇ ਵਿਅੰਗਮਈ ਅੰਦਾਜ਼ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਸਾਹਮਣੇ ਨਵੀਂ ਮਿਸਾਲ ਰੱਖੀ ਹੈ ਕਿ ਲੋਕਾਂ ਬਾਰੇ ਕਿਵੇਂ ਗੱਲ ਕਰਨੀ ਹੈ।’’ ਪਵਾਰ ਨੇ ਕਿਹਾ ਕਿ ਵਿਰੋਧੀ ਧਿਰਾਂ ਦੀ ਪਟਨਾ ਵਿੱਚ ਹੋਈ ਮੀਟਿੰਗ ਵਿੱਚ ਕਈ ਸੂਬਿਆਂ ਦੇ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਵੀ ਸਨ, ਜਿਨ੍ਹਾਂ ਬੜੀ ਜ਼ਿੰਮੇਵਾਰੀ ਨਾਲ ਸ਼ਾਸਨ ਚਲਾਇਆ ਹੈ ਤੇ ਜਿਨ੍ਹਾਂ ਕੋਲ ਲੋਕਾਂ ਦੀ ਵੀ ਹਮਾਇਤ ਹੈ। ਇਨ੍ਹਾਂ ਬਾਰੇ ਅਜਿਹੀਆਂ ਟਿੱਪਣੀਆਂ ਕਰਨਾ ਕਿਵੇਂ ਵਾਜਬ ਹੈ? ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਹੈ। ਆਰਜੇਡੀ ਆਗੂ ਮਨੋਜ ਝਾਅ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮਸਲਿਆਂ ਨੂੰ ‘ਗੁੱਝੀ ਸਿਆਸਤ’ ਦਾ ਹਥਿਆਰ ਨਾ ਬਣਾਉਣ। ਝਾਅ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਬੋਲਣ ਤੋਂ ਪਹਿਲਾਂ ਘੋਖ ਕਰਨ ਕਿ 21ਵੇਂ ਕਾਨੂੰਨ ਕਮਿਸ਼ਨ ਨੇ ਕੀ ਕਿਹਾ ਸੀ। ਇਸ ਕਾਨੂੰਨ ਨੂੰ ਲੈ ਕੇ ਵਾਦ-ਵਿਵਾਦ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੇ ਇਸ ਕੰਮ ਵਿੱਚ ਕਿਸੇ ਦੀ ਮਦਦ ਨਾ ਲੈਣ...ਕਿਉਂਕਿ ਜਿਹੜੇ ਮਦਦ ਲਈ ਆਉਣਗੇ, ਉਹ ਤੁਹਾਡੇ ਜ਼ਰੀਏ ਇਸ ਨੂੰ ਸੱਟ ਮਾਰ ਸਕਦੇ ਹਨ।’’

ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਯਤਨ: ਕਾਂਗਰਸ

ਨਵੀਂ ਦਿੱਲੀ: ਵਿਰੋਧੀ ਧਿਰਾਂ ਨੇ ਸਾਂਝੇ ਸਿਵਲ ਕੋਡ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਲਈ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ। ਕਾਂਗਰਸ ਨੇ ਕਿਹਾ ਕਿ ਸ੍ਰੀ ਮੋਦੀ ਅਜਿਹੀਆਂ ਟਿੱਪਣੀਆਂ ਮਹਿਜ਼ ਬੇਰੁਜ਼ਗਾਰੀ ਤੇ ਮਨੀਪੁਰ ਹਿੰਸਾ ਜਿਹੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕਰ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੁਝ ਵੀ ਕਹਿ ਸਕਦੇ ਹਨ, ਪਰ ‘‘ਉਨ੍ਹਾਂ ਨੂੰ ਇਸ ਮੁਲਕ ਦੇ ਅਸਲ ਸਵਾਲਾਂ- ਬੇਰੁਜ਼ਗਾਰੀ, ਮਹਿੰਗਾਈ ਤੇ ਮਨੀਪੁਰ ਮਸਲੇ ਦੇ ਜਵਾਬ ਦੇਣੇ ਹੋਣਗੇ।’’ ਉਨ੍ਹਾਂ ਕਿਹਾ, ‘‘ਮਨੀਪੁਰ ਪਿਛਲੇ 60 ਦਿਨਾਂ ਤੋਂ ਝੁਲਸ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅਜੇ ਤੱਕ ਇਕ ਵੀ ਸ਼ਬਦ ਨਹੀਂ ਬੋਲਿਆ? ਇਹ ਸਾਰੇ ਧਿਆਨ ਵੰਡਾਉਣ ਵਾਲੇ ਮਸਲੇ ਹਨ। ਉਹ ਦੇਸ਼ ਦੇ ਅਸਲ ਮੁੱਦਿਆਂ ਤੋਂ ਭੱਜਣਾ ਚਾਹੁੰਦੇ ਹਨ, ਤੇ ਇਹੀ ਵਜ੍ਹਾ ਹੈ ਕਿ ਉਹ ਸਿਰਫ਼ ਮਸਲਿਆਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’’ -ਪੀਟੀਆਈ

ਪ੍ਰਧਾਨ ਮੰਤਰੀ ਵੱਲੋਂ 5 ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਹਰੀ ਝੰਡੀ

ਭੁਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਹਿਮ ਸ਼ਹਿਰਾਂ ਨੂੰ ਇਕ ਦੂਜੇ ਨਾਲ ਜੋੜਨਗੀਆਂ। ਭੁਪਾਲ ਵਿੱਚ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਪੁੱਜੇ ਪ੍ਰਧਾਨ ਮੰਤਰੀ ਨੇ ਦੋ ਰੇਲ ਗੱਡੀਆਂ ਨੂੰ ਭੌਤਿਕ ਤੇ ਤਿੰਨ ਨੂੰ ਵਰਚੁਅਲੀ ਹਰੀ ਝੰਡੀ ਦਿਖਾਈ। ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਜਿਓਤਿਰਦਿੱਤਿਆ ਸਿੰਧੀਆ ਵੀ ਮੌਜੂਦ ਸਨ। ਇਨ੍ਹਾਂ ਪੰਜ ਨਵੀਆਂ ਸੈਮੀ ਹਾਈਸਪੀਡ ਰੇਲ ਗੱਡੀਆਂ ਵਿੱਚ ਰਾਣੀ ਕਮਲਾਪਤੀ(ਭੋਪਾਲ) ਤੋਂ ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ, ਖਜੁਰਾਹੋ-ਭੋਪਾਲ-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ, ਮਡਗਾਓਂ (ਗੋਆ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ, ਧਾਰਵਾੜ-ਬੰਗਲੂਰੂ ਵੰਦੇ ਭਾਰਤ ਐਕਸਪ੍ਰੈੱਸ ਤੇ ਹਾਤੀਆ-ਪਟਨਾ ਵੰਦੇ ਭਾਰਤ ਐਕਸਪ੍ਰੈੱਸ ਸ਼ਾਮਲ ਹਨ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×