For the best experience, open
https://m.punjabitribuneonline.com
on your mobile browser.
Advertisement

ਕੇਸਰੀ ਪੱਗ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਸਕਦਾ: ਜਾਖੜ

10:41 AM Feb 04, 2024 IST
ਕੇਸਰੀ ਪੱਗ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਸਕਦਾ  ਜਾਖੜ
ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 3 ਫਰਵਰੀ
ਇੱਥੋਂ ਦੇ ਗੁਰੂ ਨਾਨਕ ਦੇਵ ਭਵਨ ਵਿੱਚ ਭਾਜਪਾ ਦੇ ਸਭਿਆਚਾਰਕ ਸੈੱਲ ਦੇ ਪੰਜਾਬ ਪ੍ਰਧਾਨ ਹੌਬੀ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਸਰੀ ਪੱਗ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਇਸੇ ਤਰ੍ਹਾਂ ਪੱਗ ਬੰਨ੍ਹ ਕੇ ਕੋਈ ਸਰਦਾਰ ਵੀ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ, ‘‘ਅੱਜ ਵੇਲਾ ਜਾਗਣ ਦਾ ਹੈ ਅਤੇ ਅਸੀਂ ਜਗਾਉਣ ਲਈ ਆਏ ਹਾਂ। ਕਿਸੇ ਨੇ ਪੱਗ ਦਾ ਰੰਗ ਬਦਲ ਲਿਆ ਅਤੇ ਕਿਸੇ ਨੇ ਪੱਗ ਬੰਨ੍ਹ ਲਈ ਪਰ ਪੰਜਾਬ ਦੀ ਭਲਾਈ ਲਈ ਕੋਈ ਨਹੀਂ ਸੋਚ ਰਿਹਾ। ਘਿਓ-ਖਿਚੜੀ ਹੋ ਕੇ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ।’’
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਯੁੱਧਿਆ ਵਿੱਚ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਵਧਾਈ ਤੱਕ ਨਹੀਂ ਦਿੱਤੀ। ਲੋਕਾਂ ਨੂੰ ਵਧਾਈ ਦੇਣ ਦੀ ਬਜਾਏ ਉਹ 26 ਜਨਵਰੀ ਨੂੰ ਸਟੇਜ ਤੋਂ ਖੁਦ ਦੇ ਘਰ ਦੀਆਂ ਖੁਸ਼ੀਆਂ ਸਾਂਝੀਆਂ ਕਰ ਕੇ ਵਧਾਈਆਂ ਮੰਗ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਭਾਨਾ ਸਿੱਧੂ ਵਰਗੇ ਨੌਜਵਾਨਾਂ ਖ਼ਿਲਾਫ਼ ਗਲਤ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁਲੀਸ ਵੱਲੋਂ ਸੰਗਰੂਰ ਜਾਣ ਤੋਂ ਰੋਕੇ ਜਾਣ ’ਤੇ ਸਰਕਾਰ ’ਤੇ ਦੋਸ਼ ਲਗਾ ਰਹੇ ਹਨ ਪਰ ਜਦੋਂ ਉਨ੍ਹਾਂ ਦੇ ਆਗੂ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ, ਉਦੋਂ ਚੰਨੀ ਕਿੱਥੇ ਸਨ। ਇਨ੍ਹਾਂ ਨੂੰ ਲੋਕਤੰਤਰ ਦੀ ਨਹੀਂ ਬਲਕਿ ਆਪਣੀ ਚਿੰਤਾ ਹੈ। ਇਹ ਲੋਕ ਪੰਜਾਬ ਹਿਤੈਸ਼ੀ ਨਹੀਂ ਹਨ। ਇਨ੍ਹਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਣਾ ਚਾਹੀਦਾ ਹੈ। ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਦੀਪ ਸਿੰਘ, ਸੰਮੀ ਓਬਰਾਏ, ਅਮਨ ਬੱਸੀ, ਸਮਰਥਕ ਕੌਰ ਸਮੇਤ ਹੋਰ ਲੋਕ ਭਾਜਪਾ ’ਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਅਨਿਲ ਸਰੀਨ, ਲੁਧਿਆਣਾ ਦੇ ਇੰਚਾਰਜ ਸ਼ਾਮ ਸੁੰਦਰ ਅਰੋੜਾ, ਸੂਬਾ ਉਪ ਪ੍ਰਧਾਨ ਅਰਵਿੰਦ ਖੰਨਾ ਤੇ ਹੋਰ ਹਾਜ਼ਰ ਸਨ।

Advertisement

ਰਾਸ਼ਟਰ ਨਿਰਮਾਣ ਵਿੱਚ ਅਡਵਾਨੀ ਦਾ ਵੱਡਾ ਯੋਗਦਾਨ: ਜਾਖੜ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤੇ ਜਾਣ ’ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇੱਕ ਸੁਨੇਹੇ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਡਵਾਨੀ ਇੱਕ ਸੱਚੇ ਸਿਆਸੀ ਆਗੂ ਅਤੇ ਰਾਮ ਮੰਦਰ ਅੰਦੋਲਨ ਦੇ ਆਰਕੀਟੈਕਟ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਵੱਡੇ ਨੇਤਾ ਨੇ ਉਪ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਵੱਖ-ਵੱਖ ਅਹੁਦਿਆਂ ’ਤੇ ਦੇਸ਼ ਦੀ ਸੇਵਾ ਕਰਦਿਆਂ ਵੱਖ-ਵੱਖ ਭੂਮਿਕਾਵਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਉਨ੍ਹਾਂ ਦਾ ਸਬੰਧ ਭਾਰਤ ਦੇ ਸਿਆਸੀ ਇਤਿਹਾਸ ਦਾ ਇੱਕ ਵਿਸ਼ੇਸ਼ ਅਧਿਆਏ ਹੈ। ਸ੍ਰੀ ਜਾਖੜ ਨੇ ਸ੍ਰੀ ਅਡਵਾਨੀ ਨੂੰ ਇਹ ਵਿਸ਼ੇਸ਼ ਅਤੇ ਯੋਗ ਸਨਮਾਨ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

Advertisement

Advertisement
Author Image

Advertisement