ਪੰਜ-ਸੱਤ ਗੁਣਾਂ ਨੂੰ ਧਾਰ ਕੇ ਆਦਰਸ਼ ਸ਼ਖ਼ਸੀਅਤ ਬਣ ਸਕਦੇ ਹਾਂ: ਹਰਿੰਦਰ ਸਿੰਘ ਯੂਕੇ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 22 ਫਰਵਰੀ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ‘ਗੁਰਮਤਿ ਅਨੁਸਾਰ ਸੁਚੱਜੀ ਜੀਵਨ ਜਾਚ’ ਵਿਸ਼ੇ ’ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਪ੍ਰੋ ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਆਖਿਆ, ‘‘ਗੁਰਬਾਣੀ ਵਿੱਚੋਂ ਸਾਨੂੰ ਆਦਰਸ਼ ਜੀਵਨ ਜਾਚ ਦੀ ਪ੍ਰੇਰਨਾ ਅਤੇ ਸੇਧ ਮਿਲਦੀ ਹੈ ਜਿਸ ਦੀ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬੇਹੱਦ ਲੋੜ ਹੈ।’’ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਗੁਰਬਾਣੀ ਪਾਠ, ਚਿੰਤਨ ਤੇ ਵਿਹਾਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਸਿੱਖ ਆਰਟ ਐਂਡ ਐਨੀਮੇਸ਼ਨ ਦੇ ਸੰਸਥਾਪਕ ਹਰਿੰਦਰ ਸਿੰਘ ਯੂਕੇ ਵੱਲੋਂ ‘ਸੁਚੱਜੀ ਜੀਵਨ ਜਾਚ ਅਤੇ ਪੰਜ ਸਦਗੁਣ’ ਸਬੰਧੀ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਆਖਿਆ, ‘‘ਜੀਵਨ ਵਿੱਚੋਂ ਪੰਜ ਵਿਕਾਰਾਂ ਨੂੰ ਹਟਾ ਕੇ ਅਤੇ ਪੰਜ-ਸੱਤ ਗੁਣਾਂ ਨੂੰ ਧਾਰਨ ਕਰ ਕੇ ਅਸੀਂ ਗੁਰੂ ਸਾਹਿਬ ਵੱਲੋਂ ਦੱਸੀ ਗਈ ਆਦਰਸ਼ ਸ਼ਖ਼ਸੀਅਤ ਬਣ ਸਕਦੇ ਹਾਂ।’’